ਪੰਜਾਬ ਰਾਜ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਵੱਲੋਂ ਕੈਟਲ ਪੌਂਡ ਰੱਤਾ ਟਿੱਬਾ ਦਾ ਕੀਤਾ ਦੌਰਾ
ਪੰਜਾਬ ਰਾਜ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਵੱਲੋਂ ਕੈਟਲ ਪੌਂਡ ਰੱਤਾ ਟਿੱਬਾ ਦਾ ਕੀਤਾ ਦੌਰਾ
ਸ੍ਰੀ ਮੁਕਤਸਰ ਸਾਹਿਬ 12 ਮਾਰਚ
ਪੰਜਾਬ ਰਾਜ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ੍ਰੀ ਅਸ਼ੋਕ ਕੁਮਾਰ ਸਿੰਗਲਾ ਵੱਲੋਂ ਅੱਜ ਜਿ਼ਲ੍ਹੇ ਦੇ ਪਿੰਡ ਰੱਤਾ ਟਿੱਬਾ ਵਿਖੇ ਬਣੇ ਕੈਟਲ ਪੌਂਡ (ਸਰਕਾਰੀ ਗਉ਼ਸਾਲਾ) ਦਾ ਦੌਰਾ ਕੀਤਾ ਗਿਆ। ਇਸ ਮੌਕੇ ਕਮਿਸ਼ਨ ਦੇ ਮੈਂਬਰ ਸ੍ਰੀ ਅਨਿਲ ਬਾਂਸਲ ਵੀ ਉਹਨਾਂ ਦੇ ਨਾਲ ਹਾਜ਼ਰ ਸਨ।
ਇਸ ਮੌਕੇ ਸ੍ਰੀ ਅਸ਼ੋਕ ਕੁਮਾਰ ਸਿੰਗਲਾ ਨੇ ਗਊਸ਼ਾਲਾ ਦੇ ਵੱਖ—ਵੱਖ ਵਾਰਡਾਂ ਦਾ ਦੌਰਾ ਕੀਤਾ ਅਤੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਮਰ ਦੇ ਹਿਸਾਬ ਨਾਲ ਅਤੇ ਬਿਮਾਰ ਜਾਨਵਰਾਂ ਲਈ ਵੱਖਰੋ ਵੱਖਰੇ ਬਲਾਕ ਬਣਾਏ ਜਾਣ ਤਾਂ ਜੋ ਬਿਮਾਰ ਜਾਨਵਰਾਂ ਅਤੇ ਛੋਟੇ ਜਾਨਵਰਾਂ ਦੀ ਚੰਗੀ ਤਰ੍ਹਾਂ ਦੇਖਭਾਲ ਕੀਤੀ ਜਾ ਸਕੇ।
ਉਹਨਾਂ ਨੇ ਪਸ਼ੂ ਪਾਲਣ ਵਿਭਾਗ ਨੂੰ ਬੇਸਹਾਰਾ ਜਾਨਵਰਾਂ ਦੀ ਨਸਬੰਦੀ ਕਰਨ ਦੀ ਸਲਾਹ ਵੀ ਦਿੱਤੀ। ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਸਾਹੀਵਾਲ ਨਸਲ ਦੀਆਂ ਗਾਵਾਂ ਪਾਲੀਆਂ ਜਾਣ ਅਤੇ ਇਹ ਵੀ ਅਪੀਲ ਕੀਤੀ ਕਿ ਲੋਕ ਗਾਵਾਂ ਨੂੰ ਬੇਸਹਾਰਾ ਨਾ ਛੱਡਣ।
ਉਹਨਾਂ ਨੇ ਕੈਟਲ ਪੌਂਡ ਕਮੇਟੀ ਨੂੰ ਕਿਹਾ ਕਿ ਗਊਸ਼ਾਲਾ ਦੀ ਚਾਰ ਦੀਵਾਰੀ ਨੂੰ ਹੋਰ ਮਜ਼ਬੂਤ ਕੀਤਾ ਜਾਵੇ ਅਤੇ ਗਊਸ਼ਾਲਾ ਦੇ ਆਸ ਪਾਸ ਜਿਆਦਾ ਤੋਂ ਜਿਆਦਾ ਛਾਂਦਾਰ ਰੁੱਖ ਲਗਾਏ ਜਾਣ ਤਾਂ ਜੋ ਜਾਨਵਰਾਂ ਨੂੰ ਠੰਡੀ ਛਾਂ ਮਿਲ ਸਕੇ। ਉਹਨਾਂ ਨੇ ਇਹ ਵੀ ਕਿਹਾ ਕਿ ਗਊਸ਼ਾਲਾ ਦੀ ਜਮੀਨ ਵਿੱਚ ਕੱਲਰ ਘੱਟ ਕਰਨ ਲਈ ਖੇਤੀਬਾੜੀ ਵਿਭਾਗ ਨਾਲ ਰਾਬਤਾ ਕਰਕੇ ਉਪਰਾਲੇ ਕੀਤੇ ਜਾਣ ਤਾਂ ਜੋ ਇੱਥੇ ਪਸ਼ੂਆਂ ਲਈ ਚਾਰਾ ਪੈਦਾ ਕੀਤਾ ਜਾ ਸਕੇ।
ਬਾਅਦ ਵਿੱਚ ਉਹਨਾਂ ਵੱਲੋਂ ਜਿਲ੍ਹਾ ਪ੍ਰਬੰਧਕ ਕੰਪਲੈਕਸ ਵਿੱਚ ਡਿਪਟੀ ਕਮਿਸ਼ਨਰ ਸ੍ਰੀ ਅਭਜੀਤ ਕਪਲਿਸ਼ ਨਾਲ ਵੀ ਬੈਠਕ ਕੀਤੀ। ਇਸ ਮੌਕੇ ਨੇ ਚੇਅਰਮੈਨ ਨੂੰ ਵਿਸ਼ਵਾਸ ਦੁਆਇਆ ਕਿ ਜਿ਼ਲ੍ਹਾ ਪ੍ਰਸ਼ਾਸਨ ਵਲੋਂ ਗਊਧਨ ਦੀ ਰੱਖਿਆ ਲਈ ਹਰਾ ਚਾਰਾ,ਤੂੜੀਆਂ ਆਦਿ ਦਾ ਹਰ ਸੰਭਵ ਯਤਨ ਕੀਤੇ ਜਾਣਗੇ ਅਤੇ ਗਊਆਂ ਦੀ ਸੰਭਾਲ ਲਈ ਸਮੇਂ ਸਮੇਂ ਤੇ ਕੈਂਪਾਂ ਦਾ ਆਯੋਜਨ ਕੀਤਾ ਵੀ ਜਾਵੇਗਾ।
ਇਸ ਮੌਕੇ ਸ੍ਰੀ ਗੁਰਪ੍ਰੀਤ ਸਿੰਘ ਥਿੰਦ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸੁਰਿੰਦਰ ਸਿੰਘ ਢਿੱਲੋ , ਮੁੱਖ ਮੰਤਰੀ ਖੇਤਰੀ ਅਫਸਰ ਸ੍ਰੀ ਪੁਨੀਤ ਸ਼ਰਮਾ, ਸ੍ਰੀਮਤੀ ਬਲਜੀਤ ਕੌਰ ਐਸ.ਡੀ.ਐਮ.ਸ੍ਰੀ ਮੁਕਤਸਰ ਸਾਹਿਬ, ਡਾ. ਗੁਰਦਿੱਤ ਸਿੰਘ ਡਿਪਟੀ ਡਾਇਰੈਕਟਰ ਪਸ਼ੂ ਪਾਲਣ, ਸ੍ਰੀ ਸਤਵਿੰਦਰ ਸਿੰਘ ਕੰਗ ਬੀ.ਡੀ.ਪੀ.ਓ, ਸ੍ਰੀ ਲਾਲਦੀਪ ਸਿੰਘ ਮੈਨੇਜਰ ਵੀ ਉਨ੍ਹਾਂ ਦੇ ਨਾਲ ਹਾਜ਼ਰ ਸਨ।