Chandigarh Police Encounter: 3 Criminals Arrested Near Sector 43 ISBT
ਚੰਡੀਗੜ੍ਹ: ਸੋਮਵਾਰ ਰਾਤ ਨੂੰ ਉਸ ਵੇਲੇ ਹੜਕੰਪ ਮੱਚ ਗਿਆ, ਜਦੋਂ ਸੈਕਟਰ 43 ਸਥਿਤ ਆਈ.ਐੱਸ.ਬੀ.ਟੀ. (ISBT) ਦੇ ਨੇੜੇ ਆਪਰੇਸ਼ਨ ਸੈੱਲ ਪੁਲਿਸ ਅਤੇ ਮੁਲਜ਼ਮ ਬਦਮਾਸ਼ਾਂ ਵਿਚਕਾਰ ਮੁਕਾਬਲਾ ਹੋ ਗਿਆ। ਪੁਲਿਸ ਨੇ ਇਸ ਮਾਮਲੇ ਵਿੱਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਪਤਾ ਲੱਗਿਆ ਹੈ ਕਿ ਓਪਰੇਸ਼ਨ ਸੈੱਲ ਪੁਲਿਸ ਸੋਮਵਾਰ ਰਾਤ ਨੂੰ ਪੈਟਰੋਲਿੰਗ ਕਰ ਰਹੀ ਸੀ। ਜਦੋਂ ਪੁਲਿਸ ਆਈ.ਐੱਸ.ਬੀ.ਟੀ. ਸੈਕਟਰ 43 ਦੇ ਨੇੜੇ ਪਹੁੰਚੀ ਤਾਂ ਬਦਮਾਸ਼ਾਂ ਨੇ ਅਚਾਨਕ ਪੁਲਿਸ 'ਤੇ ਫਾਇਰਿੰਗ ਕਰ ਦਿੱਤੀ। ਪੁਲਿਸ ਨੇ ਜਵਾਬੀ ਫਾਇਰਿੰਗ ਕਰਦਿਆਂ ਤਿੰਨ ਮੁਲਜ਼ਮਾਂ ਨੂੰ ਦਬੋਚ ਲਿਆ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਫੜੇ ਗਏ ਮੁਲਜ਼ਮ ਕਿਸ ਗੈਂਗ ਨਾਲ ਜੁੜੇ ਹੋਏ ਹਨ।
ਪੁਲਿਸ ਨੇ ਜਿਨ੍ਹਾਂ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਉਨ੍ਹਾਂ ਦੀ ਪਛਾਣ ਗੁਰਦਾਸਪੁਰ ਦੇ ਰਹਿਣ ਵਾਲੇ ਪ੍ਰਭਜੋਤ ਸਿੰਘ, ਤਰਨਤਾਰਨ ਦੇ ਰਹਿਣ ਵਾਲੇ ਜਸ਼ਨਪ੍ਰੀਤ ਸਿੰਘ ਅਤੇ ਅਜੈ ਪਾਲ ਸਿੰਘ ਵਜੋਂ ਹੋਈ ਹੈ। ਇਸ ਮਾਮਲੇ ਵਿੱਚ ਆਪਰੇਸ਼ਨ ਸੈੱਲ ਦੇ ਇੱਕ ਏ.ਐੱਸ.ਆਈ. (ASI) ਨੂੰ ਵੀ ਗੋਲੀ ਲੱਗੀ, ਪਰ ਬੁਲੇਟਪਰੂਫ ਜੈਕਟ ਪਹਿਨੀ ਹੋਣ ਕਾਰਨ ਉਨ੍ਹਾਂ ਦਾ ਬਚਾਅ ਹੋ ਗਿਆ।