ਮੁੱਖ ਖੇਤੀਬਾੜੀ ਅਫਸਰ ਡਾ. ਹਰਪ੍ਰਿਤਪਾਲ ਕੌਰ ਵੱਲੋਂ ਬਲਾਕ ਅਫਸਰਾਂ ਨਾਲ ਮੀਟਿੰਗ, ਸਕੀਮਾਂ ਦਾ ਲਿਆ ਜਾਇਜ਼ਾ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ ਬਠਿੰਡਾ
ਮੁੱਖ ਖੇਤੀਬਾੜੀ ਅਫਸਰ ਡਾ. ਹਰਪ੍ਰਿਤਪਾਲ ਕੌਰ ਵੱਲੋਂ ਬਲਾਕ ਅਫਸਰਾਂ ਨਾਲ ਮੀਟਿੰਗ, ਸਕੀਮਾਂ ਦਾ ਲਿਆ ਜਾਇਜ਼ਾ
ਬਠਿੰਡਾ, 15ਅਪ੍ਰੈਲ : ਮੁੱਖ ਖੇਤੀਬਾੜੀ ਅਫਸਰ ਬਠਿੰਡਾ ਡਾ. ਹਰਪ੍ਰਿਤਪਾਲ ਕੌਰ ਵੱਲੋਂ ਅੱਜ ਸਮੂਹ ਬਲਾਕ ਖੇਤੀਬਾੜੀ ਅਫਸਰਾਂ ਅਤੇ ਭੂਮੀ ਰੱਖਿਆ ਅਫਸਰਾਂ ਨਾਲ ਇੱਕ ਮਹੱਤਵਪੂਰਨ ਮੀਟਿੰਗ ਕੀਤੀ । ਇਸ ਮੀਟਿੰਗ ਦੌਰਾਨ ਜ਼ਿਲ੍ਹੇ ਵਿੱਚ ਚੱਲ ਰਹੀਆਂ ਸਰਕਾਰੀ ਸਕੀਮਾਂ ਅਤੇ ਖੇਤੀਬਾੜੀ ਸੰਬੰਧੀ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਸਮੀਖਿਆ ਕੀਤੀ ਗਈ ਅਤੇ ਹਰ ਬਲਾਕ ਤੋਂ ਰਿਪੋਰਟ ਲਈ ਗਈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਯੋਜਨਾਵਾਂ ਦਾ ਲਾਭ ਹਰ ਕਿਸਾਨ ਤੱਕ ਪਹੁੰਚਣਾ ਯਕੀਨੀ ਬਣਾਇਆ ਜਾਵੇ।
ਮੀਟਿੰਗ ਦੌਰਾਨ ਡਾ. ਹਰਪ੍ਰਿਤਪਾਲ ਕੌਰ ਨੇ ਪਿਛਲੇ ਦਿਨਾਂ ਵਿੱਚ ਹੋਈ ਗੜੇਮਾਰੀ ਕਾਰਨ ਖਰਾਬ ਹੋਈਆਂ ਫਸਲਾਂ ਬਾਰੇ ਵੀ ਜਾਣਕਾਰੀ ਲਈ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਨੁਕਸਾਨ ਦਾ ਸਹੀ ਅੰਦਾਜ਼ਾ ਲਗਾ ਕੇ ਕਿਸਾਨਾਂ ਦੀ ਸੰਭਵ ਮਦਦ ਕੀਤੀ ਜਾਵੇ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਕਿਸਾਨਾਂ ਨੂੰ ਮੁਸ਼ਕਲ ਵੇਲੇ ਤੁਰੰਤ ਮਦਦ ਮਿਲਣੀ ਚਾਹੀਦੀ ਹੈ।
ਉਨ੍ਹਾਂ ਸਮੂਹ ਬਲਾਕ ਅਫਸਰਾਂ ਨੂੰ ਆਦੇਸ਼ ਦਿੱਤੇ ਕਿ ਜ਼ਿਲ੍ਹੇ ਦੇ ਹਰ ਪਿੰਡ ਵਿੱਚ ਕਿਸਾਨ ਸਿਖਲਾਈ ਕੈਂਪ ਲਗਾਏ ਜਾਣ ਅਤੇ ਖੇਤਾਂ ਵਿੱਚ ਜਾ ਕੇ ਕਿਸਾਨਾਂ ਨਾਲ ਸਿੱਧਾ ਸੰਪਰਕ ਬਣਾਇਆ ਜਾਵੇ। ਉਨ੍ਹਾਂ ਨੇ ਸਟਾਫ ਨੂੰ ਵੀ ਹਦਾਇਤ ਕੀਤੀ ਕਿ ਵੱਧ ਤੋਂ ਵੱਧ ਕਿਸਾਨਾਂ ਨਾਲ ਮਿਲ ਕੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਮੌਕੇ ‘ਤੇ ਹੀ ਸੁਣਿਆ ਜਾਵੇ ਅਤੇ ਹੱਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇ।
ਡਾ. ਹਰਪ੍ਰਿਤਪਾਲ ਕੌਰ ਨੇ ਭੂਮੀ ਰੱਖਿਆ ਅਫਸਰਾਂ ਨੂੰ ਮਿੱਟੀ ਅਤੇ ਪਾਣੀ ਦੇ ਵੱਧ ਤੋਂ ਵੱਧ ਸੈਂਪਲ ਇਕੱਠੇ ਕਰਨ ਅਤੇ ਸਮੇਂ ਸਿਰ ਰਿਪੋਰਟਾਂ ਕਿਸਾਨਾਂ ਤੱਕ ਪਹੁੰਚਾਉਣ ਲਈ ਕਿਹਾ। ਉਨ੍ਹਾਂ ਨੇ ਦੱਸਿਆ ਕਿ ਮਿੱਟੀ ਦੀ ਸਹੀ ਜਾਂਚ ਨਾਲ ਕਿਸਾਨ ਖਾਦਾਂ ਦੀ ਸੰਤੁਲਿਤ ਅਤੇ ਲੋੜ ਅਨੁਸਾਰ ਵਰਤੋਂ ਕਰ ਸਕਦੇ ਹਨ, ਜਿਸ ਨਾਲ ਫਸਲ ਦੀ ਉਪਜ ਵਿੱਚ ਵਾਧਾ ਹੋ ਸਕਦਾ ਹੈ।
ਇਸ ਦੇ ਨਾਲ ਹੀ ਉਨ੍ਹਾਂ ਨੇ ਪੀ.ਐਮ.ਐਸ.ਕੇ.ਵਾਈ. ਯੋਜਨਾ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਅਤੇ ਵੱਧ ਤੋਂ ਵੱਧ ਕਿਸਾਨਾਂ ਦੀ ਫਾਰਮਰ ਰਜਿਸਟ੍ਰੇਸ਼ਨ ਕਰਵਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਦੱਸਿਆ ਕਿ ਇਹ ਰਜਿਸਟ੍ਰੇਸ਼ਨ ਸੀ.ਐੱਸ.ਸੀ. ‘ਤੇ ਕਰਵਾਈ ਜਾਂਦੀ ਹੈ ਅਤੇ ਇਸ ਨਾਲ ਕਿਸਾਨਾਂ ਨੂੰ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਵਿੱਚ ਸੁਵਿਧਾ ਮਿਲਦੀ ਹੈ।