ਮੁੱਖ ਮੰਤਰੀ ਭਗਵੰਤ ਸਿੰਘ ਮਾਨ ਭਲਕੇ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਦੀ ਸੀਵਰੇਜ ਅਤੇ ਵਾਟਰ ਸਪਲਾਈ ਕਾਇਆ ਕਲਪ ਲਈ ਕਰਨਗੇ 139
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਭਲਕੇ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਦੀ ਸੀਵਰੇਜ ਅਤੇ ਵਾਟਰ ਸਪਲਾਈ ਕਾਇਆ ਕਲਪ ਲਈ ਕਰਨਗੇ 139 ਕਰੋੜ ਰੁਪਏ ਦੇ ਪ੍ਰੋਜੈਕਟ ਦੀ ਸ਼ੁਰੂਆਤ: ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ
ਸ੍ਰੀ ਮੁਕਤਸਰ ਸਾਹਿਬ, 01 ਨਵੰਬਰ:
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਅੰਮ੍ਰਿਤ-2.0 ਪ੍ਰੋਜੈਕਟ ਅਧੀਨ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਦੇ ਸੀਵਰ ਅਤੇ ਵਾਟਰ ਸਪਲਾਈ ਦੇ ਪੁਰਾਣੇ ਸਿਸਟਮ ਵਿੱਚ ਸੁਧਾਰ ਕਰਨ ਅਤੇ ਨਵੇਂ ਏਰੀਏ ਵਿਚ ਸੀਵਰੇਜ ਅਤੇ ਵਾਟਰ ਸਪਲਾਈ ਦੀ ਪਾਈਪ ਪਾਉਣ ਲਈ 138.83 ਕਰੋੜ ਰੁਪਏ ਮਨਜੂਰ ਕੀਤੇ ਗਏ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਭਲਕੇ ਮਿਤੀ 02 ਨਵੰਬਰ 2025 ਨੂੰ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਤੋਂ ਇਸ ਪ੍ਰੋਜੈਕਟ ਦੀ ਸ਼ੁਰੂਆਤ ਕਰਵਾਉਣਗੇ। ਉਹ ਅੱਜ ਸਟੇਡੀਅਮ ਵਿਖੇ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਸ੍ਰੀ ਅਭਿਜੀਤ ਕਪਲਿਸ਼ ਸਮੇਤ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਵਾਸਤੇ ਇੱਥੇ ਪਹੁੰਚੇ ਸਨ।
ਵਿਧਾਇਕ ਸ. ਕਾਕਾ ਬਰਾੜ ਨੇ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਸੀਵਰੇਜ ਲਈ 90.68 ਕਰੋੜ ਰੁਪਏ ਅਤੇ ਵਾਟਰ ਸਪਲਾਈ ਲਈ 48.14 ਕਰੋੜ ਰੁਪਏ ਮਨਜੂਰ ਹੋਏ ਹਨ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਲਗਭਗ 149.67 Km ਸੀਵਰ ਲਾਈਨ ਪਈ ਹੋਈ ਹੈ ਅਤੇ 3 ਨੰ. ਸੀਵਰੇਜ ਟਰੀਟਮੈਂਟ ਪਲਾਂਟ (ਕੁੱਲ ਸਮਰੱਥਾ 17.9 ਐੱਮ.ਐੱਲ.ਡੀ.) ਅਤੇ 7 ਨੰਬਰ ਪੰਪਿੰਗ ਸਟੇਸ਼ਨ ਹਨ। ਸ੍ਰੀ ਮੁਕਤਸਰ ਸਾਹਿਬ ਇੱਕ ਸੰਘਣੀ ਅਬਾਦੀ ਵਾਲਾ ਸ਼ਹਿਰ ਹੈ, ਇਸ ਦਾ ਸੀਵਰੇਜ ਸਿਸਟਮ ਬਹੁਤ ਪੁਰਾਣਾ ਹੈ ਅਤੇ ਆਪਣੀ ਮਿਆਦ ਪੂਰੀ ਕਰ ਚੁੱਕਾ ਹੈ, ਜਿਸ ਕਰਕੇ ਸੀਵਰੇਜ ਬਲੋਕੇਜ ਦੀ ਸਮੱਸਿਆ ਲਗਾਤਾਰ ਰਹਿੰਦੀ ਹੈ। ਇਸ ਤੋਂ ਇਲਾਵਾ ਸ਼ਹਿਰ ਦੀਆਂ ਕੁੱਝ ਨਵੀਆਂ ਆਬਾਦੀਆਂ ਵਿੱਚ ਸੀਵਰੇਜ ਦੀ ਸਹੂਲਤ ਤੋਂ ਵਾਂਝੀਆ ਹਨ। ਪੰਜਾਬ ਸਰਕਾਰ ਵਲੋਂ ਪੁਰਾਣੇ ਸੀਵਰ ਸਿਸਟਮ ਦੇ ਸੁਧਾਰ ਲਈ ਅਤੇ ਨਵੇਂ ਡਿਵੈਲਪ ਹੋਏ ਇਲਾਕਿਆਂ ਨੂੰ ਸੀਵਰੇਜ ਦੀ 100% ਸਹੂਲਤ ਪ੍ਰਦਾਨ ਕਰਨ ਲਈ 90.68 ਕਰੋੜ ਰੁਪਏ ਦਾ ਪ੍ਰੋਜੈਕਟ ਪ੍ਰਵਾਨ ਕੀਤਾ ਹੈ ਜਿਸ ਨਾਲ 10501 ਘਰਾਂ ਅਤੇ 52505 ਇਲਾਕਾ ਨਿਵਾਸੀਆਂ ਨੂੰ ਸਿੱਧਾ ਲਾਭ ਹੋਵੇਗਾ।
ਸ. ਜਗਦੀਪ ਸਿੰਘ ਕਾਕਾ ਬਰਾੜ ਨੇ ਦੱਸਿਆ ਕਿ ਸ਼੍ਰੀ ਮੁਕਤਸਰ ਸਾਹਿਬ ਸ਼ਹਿਰ ਦੀ ਜਲ ਸਪਲਾਈ ਸਕੀਮ ਨਹਿਰੀ ਪਾਣੀ ’ਤੇ ਆਧਾਰਿਤ ਹੈ ਅਤੇ ਸ਼ਹਿਰ ਵਿੱਚ ਲਗਭਗ 219.00 ਕਿਲੋਮੀਟਰ ਜਲ ਸਪਲਾਈ ਪਾਈਪ ਲਾਈਨ (ਡਿਸਟਰੀਬਿਊਸ਼ਨ ਸਿਸਟਮ) ਪਾਈ ਹੋਈ ਹੈ। ਸ਼ਹਿਰ ਅੰਦਰ ਪੀਣ ਵਾਲੇ ਸਾਫ ਪਾਣੀ ਦੀ ਸਪਲਾਈ ਲਈ 29.46 MLD ਸਮਰੱਥਾ ਦੇ 4 ਨੰਬਰ ਵਾਟਰ ਟਰੀਟਮੈਂਟ ਪਲਾਂਟ ਹਨ ਅਤੇ 9 ਟੈਂਕੀਆ ਹਨ। ਸ਼ਹਿਰ ਵਿੱਚ ਕੋਟਕਪੂਰਾ ਰੋਡ ਉਪਰ ਮੇਨ ਵਾਟਰ ਵਰਕਸ, ਟਿੱਬੀ ਸਾਹਿਬ ਰੋਡ ਵਾਟਰ ਵਰਕਸ ਅਤੇ ਚੱਕ ਬੀੜ ਸਰਕਾਰ ਵਾਟਰ ਵਰਕਸ ਬਣਿਆ ਹੋਇਆ ਹੈ।
ਵਿਧਾਇਕ ਨੇ ਦੱਸਿਆ ਕਿ ਇਸ ਪ੍ਰੋਜੈਕਟ ਨੂੰ ਪੂਰਾ ਕਰਨ ਲਈ ਪੁੱਟੀਆਂ ਜਾਣ ਵਾਲੀਆਂ ਮੇਨ ਸੜਕਾਂ ਅਤੇ ਮਿਉਂਸਪਲ ਕੌਂਸਲ ਦੀਆਂ ਗਲੀਆਂ ਦੀ ਮੁੜ ਉਸਾਰੀ ਲਈ ਇਸੇ ਪ੍ਰੋਜੈਕਟ ਅਧੀਨ 17.15 ਕਰੋੜ ਦੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪ੍ਰੋਜੈਕਟਾਂ ਦੇ ਮੁਕੰਮਲ ਹੋਣ ਨਾਲ ਇਤਿਹਾਸਕ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਦੀ ਸੀਵਰੇਜ਼ ਤੇ ਪੀਣ ਵਾਲੇ ਪਾਣੀ ਦੀ ਸਮਿੱਸਆ ਦਾ ਪੱਕਾ ਹੱਲ ਹੋ ਜਾਵੇਗਾ।