ਬੰਨਾ ਦੀ ਮਜਬੂਤੀ ਲਈ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਲਗਾਤਾਰ ਕੀਤਾ ਜਾ ਰਿਹਾ ਕੰਮ - ਡਿਪਟੀ ਕਮਿਸ਼ਨਰ
ਬੰਨਾ ਦੀ ਮਜਬੂਤੀ ਲਈ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਲਗਾਤਾਰ ਕੀਤਾ ਜਾ ਰਿਹਾ ਕੰਮ - ਡਿਪਟੀ ਕਮਿਸ਼ਨਰ
ਭਾਰਤ ਸਰਕਾਰ ਦੀ ਇੱਕ ਟੀਮ ਵੱਲੋਂ ਵੀ ਕੀਤਾ ਗਿਆ ਹੈ ਦੌਰਾ
ਫ਼ਿਰੋਜ਼ਪੁਰ 5 ਸੰਤਬਰ: ਜ਼ਿਲ੍ਹਾ ਪ੍ਰਸ਼ਾਸਨ, ਸਮਾਜ ਸੇਵੀ ਸੰਸਥਾਵਾਂ ਅਤੇ ਪਿੰਡ ਵਾਸੀਆਂ ਵੱਲੋਂ ਲਗਾਤਾਰ ਬੰਨਾਂ ਦੀ ਮਜਬੂਤੀ ਅਤੇ ਹੜ ਪੀੜਤਾਂ ਲਈ ਰਾਸ਼ਨ ਸਮੱਗਰੀ ਅਤੇ ਹੋਰ ਕੰਮ ਲਗਾਤਾਰ ਕੀਤੇ ਜਾ ਰਹੇ ਹਨ। ਪਿਛਲੇ ਖੇਤਰਾਂ ਵਿੱਚ ਬਾਰਿਸ਼ ਦੇ ਵਿੱਚ ਕੁਝ ਕਮੀ ਆਈ ਹੈ ਇਸਦੇ ਚਲਦੇ ਪਿੱਛੋਂ ਪਾਣੀ ਦੀ ਮਾਤਰਾ ਕੁਝ ਘੱਟ ਹੋਣ ਦੀ ਉਮੀਦ ਹੈ। ਫਿਲਹਾਲ ਦਰਿਆਵਾਂ ਦੇ ਵਿੱਚੋਂ ਪਾਣੀ ਆਪਣੀ ਰਫਤਾਰ ਦੇ ਨਾਲ ਨਿਕਲ ਰਿਹਾ ਹੈ। ਅੱਜ ਭਾਰਤ ਸਰਕਾਰ ਦੀ ਟੀਮ ਵੱਲੋਂ ਵੀ ਜਾਇਜ਼ਾ ਲਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਬੰਨਾਂ ਦੇ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ, ਜਿੱਥੇ ਕਿਤੇ ਬੰਨ੍ਹ ਕਮਜ਼ੋਰ ਹੋਣ ਦੀ ਸੰਭਾਵਨਾ ਹੋ ਰਹੀ ਹੈ ਉੱਥੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮਿੱਟੀ ਦੇ ਗੱਟੇ ਤੇ ਹੋਰ ਸਾਧਨਾਂ ਰਾਹੀਂ ਬੰਨ੍ਹਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਜਿੱਥੇ ਕਿੱਤੇ ਵੀ ਕੋਈ ਰਾਸ਼ਨ ਪਾਣੀ ਜਾਂ ਕੋਈ ਵੀ ਹੋਰ ਵਸਤੂ ਦੀ ਲੋੜ ਹੁੰਦੀ ਹੈ ਉਹ ਵੀ ਪਹੁੰਚਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਲਗਾਤਾਰ ਹੜ ਪ੍ਰਭਾਵਿਤ ਪਿੰਡਾਂ ਦਾ ਦੌਰਾ ਜਾਰੀ ਹੈ ਤਾਂ ਜੋ ਸਥਿਤੀ ਤੇ ਪੱਲ ਪੱਲ ਦੀ ਨਜਰ ਰੱਖੀ ਜਾ ਸਕੇ ਅਤੇ ਲੋਕਾਂ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਂਈ ਜਾ ਸਕੇ। ਜ਼ਿਲ੍ਹਾ ਪ੍ਰਸ਼ਾਸਨ ਦੀ ਕੋਸ਼ਿਸ਼ ਹੈ ਕਿ ਪਾਣੀ ਵਿੱਚ ਫਸੇ ਵੱਧ ਤੋਂ ਵੱਧ ਪਿੰਡ ਵਾਸੀਆਂ ਨੂੰ ਬਣਾਏ ਗਏ ਰਾਹਤ ਕੇਂਦਰਾਂ ਵਿੱਚ ਲਿਆਂਦਾ ਜਾਵੇ ਜਿੱਥੇ ਉਨ੍ਹਾਂ ਲਈ ਖਾਣ-ਪੀਣ ਤੋਂ ਇਲਾਵਾ ਹੋਰ ਜ਼ਰੂਰੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਦਾ ਵੀ ਵੱਡਾ ਰੋਲ ਵੇਖਣ ਨੂੰ ਮਿਲਿਆ ਹੈ ਅਤੇ ਉਨ੍ਹਾਂ ਦੇ ਸਹਿਯੋਗ ਸਦਕਾ ਜ਼ਿਲ੍ਹਾ ਪ੍ਰਸ਼ਾਸਨ ਰਾਹਤ ਕੰਮ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਐਨ.ਡੀ.ਆਰ.ਐਫ਼. ਅਤੇ ਆਰਮੀ ਦੀਆਂ ਟੀਮਾਂ ਵੀ ਲੋਕਾਂ ਨੂੰ ਦਰਿਆ ਦੇ ਪਾਣੀ ਚੋ ਕੱਢਣ ਅਤੇ ਉਨ੍ਹਾਂ ਤੱਕ ਰਾਸ਼ਨ ਪਾਣੀ ਪਹੁੰਚਾਉਣ ਲਈ ਲਗਾਤਾਰ ਕੰਮ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਹੁਣ ਤੱਕ ਜ਼ਿਲ੍ਹੇ ਦੇ 102 ਤੋਂ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ 29 ਹਜ਼ਾਰ ਦੇ ਕਰੀਬ ਲੋਕ ਪ੍ਰਭਾਵਿਤ ਹੋਏ ਹਨ। ਉਨ੍ਹਾਂ ਹੜ੍ਹ ਦੇ ਪਾਣੀ ਵਿੱਚ ਫ਼ਸੇ ਲੋਕਾਂ ਨੂੰ ਜ਼ਿਲ੍ਹਾਂ ਪ੍ਰਸ਼ਾਸਨ ਦਾ ਸਾਥ ਦਿੰਦੇ ਹੋਏ ਸੁਰੱਖਿਅਤ ਥਾਵਾਂ ’ਤੇ ਆਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅੰਦਰ ਅੱਠ ਰਾਹਤ ਕੇਂਦਰ ਕਾਰਜਸ਼ੀਲ ਹਨ ਤੇ ਹਰੇਕ ਪ੍ਰਕਾਰ ਦੀਆਂ ਲੋੜੀਂਦੀਆਂ ਸਹੂਲਤਾਂ ਉਪਲਬਧ ਹਨ। ਹੜ੍ਹ ਪ੍ਰਭਾਵਿਤਾਂ ਲਈ ਸੁੱਕਾ ਰਾਸ਼ਨ, ਭੋਜਨ, ਪੀਣ ਵਾਲਾ ਪਾਣੀ ਆਦਿ ਸਮੇਤ ਹੋਰ ਜ਼ਰੂਰੀ ਪ੍ਰਬੰਧ ਕੀਤੇ ਗਏ ਹਨ।