ED Raid Punjab Minister Sanjeev Arora
Punjab ਵਿੱਚ ED ਦਾ ਵੱਡਾ Action: ਮੰਤਰੀ Sanjeev Arora ਦੇ ਟਿਕਾਣਿਆਂ 'ਤੇ ਛਾਪੇਮਾਰੀ, 100 ਕਰੋੜ ਦੇ GST ਘੁਟਾਲੇ ਦਾ ਇਲਜ਼ਾਮ
ਚੰਡੀਗੜ੍ਹ: ਪੰਜਾਬ ਦੇ ਸਥਾਨਕ ਸਰਕਾਰਾਂ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਸੰਜੀਵ ਅਰੋੜਾ ਦੇ ਚੰਡੀਗੜ੍ਹ ਸਥਿਤ ਸੈਕਟਰ-2 ਦੀ ਰਿਹਾਇਸ਼ ਸਮੇਤ ਦਿੱਲੀ, ਗੁਰੂਗ੍ਰਾਮ ਅਤੇ ਚੰਡੀਗੜ੍ਹ ਵਿੱਚ ਕਈ ਟਿਕਾਣਿਆਂ 'ਤੇ ਸ਼ਨਿਚਰਵਾਰ (09 ਮਈ, 2026) ਸਵੇਰੇ ਇਨਫੋਰਸਮੈਂਟ ਡਾਇਰੈਕਟੋਰੇਟ (ED) ਦੀ ਟੀਮ ਨੇ ਛਾਪੇਮਾਰੀ ਕੀਤੀ। ਕਾਰਵਾਈ ਦੌਰਾਨ ਕੇਂਦਰੀ ਸੁਰੱਖਿਆ ਬਲਾਂ ਦੇ ਜਵਾਨ ਵੀ ਤਾਇਨਾਤ ਰਹੇ। ਦੱਸਿਆ ਜਾ ਰਿਹਾ ਹੈ ਕਿ ਕਰੀਬ 20 ਵਾਹਨਾਂ ਵਿੱਚ ਪਹੁੰਚੀ ਟੀਮ ਨੇ ਲੰਬੇ ਸਮੇਂ ਤੱਕ ਦਸਤਾਵੇਜ਼ਾਂ ਅਤੇ ਵਿੱਤੀ ਲੈਣ-ਦੇਣ ਨਾਲ ਜੁੜੇ ਰਿਕਾਰਡ ਦੀ ਜਾਂਚ ਕੀਤੀ। ਈਡੀ ਦੀ ਇਸ ਕਾਰਵਾਈ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਇੱਕ ਵਾਰ ਫਿਰ ਗਰਮਾ ਗਈ ਹੈ।
100 ਕਰੋੜ ਤੋਂ ਵੱਧ ਦੀ ਫਰਜ਼ੀ GST ਖਰੀਦ ਨਾਲ ਜੁੜਿਆ ਹੈ ਮਾਮਲਾ
ਸੂਤਰਾਂ ਅਨੁਸਾਰ, ਈਡੀ ਨੇ ਹੈਂਪਟਨ ਸਕਾਈ ਰਿਐਲਟੀ ਲਿਮਟਿਡ ਦੇ ਦਫ਼ਤਰਾਂ ਅਤੇ ਸੰਜੀਵ ਅਰੋੜਾ ਨਾਲ ਜੁੜੇ ਅਦਾਰਿਆਂ ਸਮੇਤ ਕੁੱਲ ਪੰਜ ਟਿਕਾਣਿਆਂ 'ਤੇ ਇੱਕੋ ਸਮੇਂ ਕਾਰਵਾਈ ਕੀਤੀ। ਜਾਂਚ ਏਜੰਸੀ ਨੂੰ ਕਥਿਤ ਤੌਰ 'ਤੇ 100 ਕਰੋੜ ਰੁਪਏ ਤੋਂ ਵੱਧ ਦੇ ਫਰਜ਼ੀ ਜੀਐਸਟੀ ਖਰੀਦ ਬਿੱਲਾਂ ਅਤੇ ਮਨੀ ਲਾਂਡਰਿੰਗ ਨਾਲ ਜੁੜੇ ਇਨਪੁਟ ਮਿਲੇ ਹਨ।
ਈਡੀ ਦੀ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੋਬਾਈਲ ਫੋਨ ਕਾਰੋਬਾਰ ਨਾਲ ਜੁੜੇ ਫਰਜ਼ੀ ਜੀਐਸਟੀ ਖਰੀਦ ਬਿੱਲਾਂ ਰਾਹੀਂ ਨਾਜਾਇਜ਼ ਤਰੀਕੇ ਨਾਲ ਇਨਪੁਟ ਟੈਕਸ ਕ੍ਰੈਡਿਟ (ITC) ਦਾ ਦਾਅਵਾ ਕੀਤਾ ਗਿਆ। ਇਲਜ਼ਾਮ ਹੈ ਕਿ ਦਿੱਲੀ ਦੀਆਂ ਕਈ ਗੈਰ-ਮੌਜੂਦ ਫਰਮਾਂ ਦੇ ਨਾਂ 'ਤੇ ਫਰਜ਼ੀ ਖਰੀਦ ਦਿਖਾ ਕੇ ਜੀਐਸਟੀ ਰਿਫੰਡ ਅਤੇ ਡਿਊਟੀ ਡਰਾਅਬੈਕ ਦਾ ਲਾਭ ਲਿਆ ਗਿਆ। ਜਾਂਚ ਏਜੰਸੀ ਨੂੰ ਸ਼ੱਕ ਹੈ ਕਿ ਬਰਾਮਦ (export) ਰਾਹੀਂ ਪੈਸੇ ਨੂੰ ਦੁਬਈ ਤੋਂ ਭਾਰਤ ਵਾਪਸ ਲਿਆਉਣ ਦੀ ਵੀ ਕੋਸ਼ਿਸ਼ ਕੀਤੀ ਗਈ, ਜਿਸ ਨਾਲ ਸਰਕਾਰੀ ਖ਼ਜ਼ਾਨੇ ਨੂੰ ਵੱਡਾ ਨੁਕਸਾਨ ਪਹੁੰਚਿਆ।
ਇੱਕ ਸਾਲ ਵਿੱਚ ਤੀਜੀ ਵਾਰ ਛਾਪੇਮਾਰੀ
ਜਾਣਕਾਰੀ ਅਨੁਸਾਰ, ਪਿਛਲੇ ਇੱਕ ਸਾਲ ਵਿੱਚ ਸੰਜੀਵ ਅਰੋੜਾ ਦੇ ਟਿਕਾਣਿਆਂ 'ਤੇ ਇਹ ਤੀਜੀ ਜਦਕਿ ਇੱਕ ਮਹੀਨੇ ਦੇ ਅੰਦਰ ਦੂਜੀ ਕਾਰਵਾਈ ਦੱਸੀ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਈਡੀ ਦੀ ਟੀਮ ਪੰਜਾਬ ਵਿੱਚ ਕਈ ਕਾਰੋਬਾਰੀ ਅਤੇ ਸਿਆਸੀ ਤੌਰ 'ਤੇ ਚਰਚਿਤ ਚਿਹਰਿਆਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕਰ ਚੁੱਕੀ ਹੈ। ਹਾਲ ਹੀ ਵਿੱਚ ਮੋਹਾਲੀ ਸਥਿਤ ਵੈਸਟਰਨ ਟਾਵਰ ਵਿੱਚ ਦੋ ਬਿਲਡਰਾਂ ਨਾਲ ਜੁੜੇ ਮਾਮਲੇ ਵਿੱਚ ਕਾਰਵਾਈ ਹੋਈ ਸੀ।
ਇਸ ਤੋਂ ਇਲਾਵਾ, ਇਸ ਤੋਂ ਪਹਿਲਾਂ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਦੇ ਟਿਕਾਣਿਆਂ 'ਤੇ ਵੀ ਈਡੀ ਦੀ ਕਾਰਵਾਈ ਹੋਈ ਸੀ। ਲਗਾਤਾਰ ਹੋ ਰਹੀਆਂ ਇਨ੍ਹਾਂ ਕਾਰਵਾਈਆਂ ਨੂੰ ਲੈ ਕੇ ਵਿਰੋਧੀ ਧਿਰ ਅਤੇ ਆਮ ਆਦਮੀ ਪਾਰਟੀ ਆਹਮੋ-ਸਾਹਮਣੇ ਆ ਗਏ ਹਨ।
ਮੁੱਖ ਮੰਤਰੀ ਮਾਨ ਨੇ ਭਾਜਪਾ 'ਤੇ ਬੋਲਿਆ ਹਮਲਾ
ਮੁੱਖ ਮੰਤਰੀ ਭਗਵੰਤ ਮਾਨ ਨੇ ਈਡੀ ਦੀ ਕਾਰਵਾਈ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਭਾਜਪਾ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' (X) 'ਤੇ ਲਿਖਿਆ, 'ਅੱਜ ਫਿਰ ਭਾਜਪਾ ਦੀ ਈਡੀ ਸੰਜੀਵ ਅਰੋੜਾ ਦੇ ਘਰ ਪਹੁੰਚੀ ਹੈ। ਇੱਕ ਸਾਲ ਵਿੱਚ ਤੀਜੀ ਅਤੇ ਇੱਕ ਮਹੀਨੇ ਵਿੱਚ ਦੂਜੀ ਵਾਰ ਰੇਡ ਹੋਈ, ਪਰ ਕੁਝ ਨਹੀਂ ਮਿਲਿਆ। ਪੰਜਾਬ ਗੁਰੂਆਂ ਅਤੇ ਸ਼ਹੀਦਾਂ ਦੀ ਧਰਤੀ ਹੈ, ਇਸ ਨੂੰ ਦਬਾਇਆ ਨਹੀਂ ਜਾ ਸਕਦਾ।' ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬ ਭਾਜਪਾ ਅਤੇ ਈਡੀ ਦੇ 'ਅਨੈਤਿਕ ਗੱਠਜੋੜ' ਦਾ ਜਵਾਬ ਦੇਵੇਗਾ।
ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਵੀ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਖੁਦ ਨੂੰ ਇਮਾਨਦਾਰ ਦੱਸਿਆ, ਹੁਣ ਉਨ੍ਹਾਂ ਦੇ ਕਰੀਬੀ ਲਗਾਤਾਰ ਜਾਂਚ ਏਜੰਸੀਆਂ ਦੇ ਘੇਰੇ ਵਿੱਚ ਆ ਰਹੇ ਹਨ।
ਵਿੱਤ ਮੰਤਰੀ ਹਰਪਾਲ ਚੀਮਾ ਨੇ ਵੀ ਸਾਧਿਆ ਨਿਸ਼ਾਨਾ
ਵਿੱਤ ਮੰਤਰੀ ਹਰਪਾਲ ਚੀਮਾ ਨੇ ਵੀਡੀਓ ਜਾਰੀ ਕਰਕੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਇੱਕ ਵਾਰ ਫਿਰ ਪੰਜਾਬ ਸਰਕਾਰ ਅਤੇ ਉਸ ਦੇ ਮੰਤਰੀਆਂ ਨੂੰ ਨਿਸ਼ਾਨਾ ਬਣਾ ਕੇ ਸਿਆਸੀ ਸਾਜ਼ਿਸ਼ ਰਚ ਰਹੀ ਹੈ। ਉਨ੍ਹਾਂ ਇਲਜ਼ਾਮ ਲਾਇਆ ਕਿ ਭਾਜਪਾ ਦਾ ਇਹ ਪੁਰਾਣਾ ਤਰੀਕਾ ਰਿਹਾ ਹੈ ਕਿ ਜਿਸ ਵੀ ਸੂਬੇ ਵਿੱਚ ਚੋਣਾਂ ਹੋਣੀਆਂ ਹੁੰਦੀਆਂ ਹਨ, ਉੱਥੇ ਛੇ ਤੋਂ ਅੱਠ ਮਹੀਨੇ ਪਹਿਲਾਂ ਅਜਿਹਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਚੀਮਾ ਨੇ ਕਿਹਾ ਕਿ ਪੰਜਾਬ ਦੇ ਲੋਕ ਭਾਜਪਾ ਦੀ ਇਸ ਰਾਜਨੀਤੀ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਅਤੇ ਅਜਿਹੇ ਹੱਥਕੰਡਿਆਂ ਤੋਂ ਪ੍ਰਭਾਵਿਤ ਹੋਣ ਵਾਲੇ ਨਹੀਂ ਹਨ।