ਸਕੂਲ ਆਫ ਐਮੀਨੈਸ ਜੰਡਿਆਲਾ ਗੁਰੂ ਵਿਚ ਸ਼ਾਨਦਾਰ ਸਟੇਡੀਅਮ ਬਣਾਇਆ ਜਾਵੇਗਾ-ਈ ਟੀ ਓ
ਸਲਾਨਾ ਸਮਾਗਮ ਵਿਚ ਲੜਕੀਆਂ ਨੂੰ ਵੰਡੇ ਇਨਾਮ
ਅੰਮ੍ਰਿਤਸਰ, 20 ਦਸੰਬਰ ( )-‘ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਵਿਚ ਸਿਹਤ ਅਤੇ ਸਿੱਖਿਆ ਦੇ ਖੇਤਰ ਵਿਚ ਦੇਸ਼ ਦਾ ਮੋਹਰੀ ਸੂਬਾ ਬਣਾਇਆ ਜਾਵੇਗਾ। ਸਾਡੇ ਸਕੂਲਾਂ ਤੇ ਹਸਪਤਾਲਾਂ ਦਾ ਹੋ ਰਿਹਾ ਕਾਇਆ ਕਲਪ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਇਹ ਦਿਨ ਹੁਣ ਬਹੁਤੇ ਦੂਰ ਨਹੀਂ ਹਨ।’ ਉਕਤ ਸਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸ. ਹਰਭਜਨ ਸਿੰਘ ਈ ਟੀ ਓ ਨੇ ਸਕੂਲ ਆਫ ਐਮੀਨੈਸ ਜੰਡਿਆਲਾ ਗੁਰੂ ਵਿਖੇ ਸਲਾਨਾ ਸਮਾਗਮ ਨੂੰ ਸੰਬੋਧਨ ਕਰਦੇ ਕੀਤਾ। ਉਨਾਂ ਕਿਹਾ ਕਿ ਸਰਕਾਰੀ ਕੰਨਿਆ ਸੀਨੀਅਰ ਸਕੈਡੰਰੀ ਸਕੂਲ ਜੰਡਿਆਲਾ ਗੁਰੂ ਦਾ ਸਕੂਲ ਆਫ ਐਮੀਨੈਸ ਬਣਨਾ ਇਸ ਇਲਾਕੇ ਲਈ ਵਰਦਾਨ ਹੈ। ਉਨਾਂ ਕਿਹਾ ਕਿ ਸਕੂਲ ਆਫ ਐਮੀਨੈਸ ਬਣਨ ਨਾਲ ਹੁਣ ਇਥੇ ਐਨ ਸੀ ਸੀ ਵਿੰਗ, ਸਕੂਲ ਬੈਂਡ ਤਿਆਰ ਹੋਇਆ, ਖੇਡਾਂ ਵਿਚ ਨਵੀਆਂ ਪਿਰਤਾਂ ਪੈ ਰਹੀਆਂ, ਪੜਾਈ ਦੇ ਨਵੇਂ ਸਾਧਨ ਆਏ ਹਨ ਅਤੇ ਹੁਣ ਛੇਤੀ ਹੀ ਇੱਥੇ ਸ਼ਾਨਦਾਰ ਖੇਡ ਸਟੇਡੀਅਮ ਬਣਾਇਆ ਜਾਵੇਗਾ। ਉਨਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ 20 ਮਹੀਨਿਆਂ ਵਿਚ ਸਕੂਲਾਂ ਦੀ ਹਾਲਤ ਬਦਲ ਦਿੱਤੀ ਹੈ ਅਤੇ ਇਹ ਇਕੱਲੇ ਜੰਡਿਆਲੇ ਗੁਰੂ ਦਾ ਸਕੂਲ ਨਹੀਂ, ਬਲਕਿ ਰਾਜ ਦੇ ਸਾਰੇ ਸਕੂਲਾਂ ਦੀ ਦਿਸ਼ਾ ਬਦਲ ਰਹੀ ਹੈ।
ਉਨਾਂ ਕਿਹਾ ਕਿ ਪੰਜਾਬ ਸਰਕਾਰ ਹੁਣ ਤੱਕ 40 ਹਜ਼ਾਰ ਬੇਰੁਜ਼ਗਾਰਾਂ ਨੂੰ ਸਰਕਾਰੀ ਨੌਕਰੀਆਂ ਬਿਨਾਂ ਕਿਸੇ ਪੱਖਪਾਤ ਤੇ ਸਿਫਾਰਸ਼ ਦੇ ਦੇ ਰਹੀ ਹੈ ਅਤੇ ਉਹ ਦਿਨ ਦੂਰ ਨਹੀਂ ਜਦ ਇੰਨਾ ਬੱਚੀਆਂ ਵਿਚੋਂ ਵੀ ਕਈ ਬੱਚੀਆਂ ਨਿਕਟ ਭਵਿੱਖ ਵਿਚ ਸਰਕਾਰੀ ਨੌਕਰੀਆਂ ਉਤੇ ਸੇਵਾ ਕਰਦੀਆਂ ਨਜ਼ਰ ਆਉਣਗੀਆਂ। ਉਨਾਂ ਕਿਹਾ ਕਿ ਪਹਿਲਾਂ ਸਰਕਾਰਾਂ ਕੰਮ ਕੇਵਲ ਲੋਕਾਂ ਨੂੰ ਗੁੰਮਰਾਹ ਕਰਨ ਲਈ ਸਰਕਾਰ ਦੇ ਆਖਰੀ ਵਰ੍ਹੇ ਵਿਚ ਕਰਦੀਆਂ ਸਨ, ਪਰ ਸਾਡੀ ਸਰਕਾਰ ਨੇ ਕੰਮ ਕਰਨ ਸੇਵਾ ਦੇ ਪਹਿਲੇ ਦਿਨ ਤੋਂ ਹੀ ਸ਼ੁਰੂ ਕੀਤਾ ਹੈ, ਜਿਸਦੇ ਨਤੀਜੇ ਤੁਹਾਡੇ ਸਾਹਮਣੇ ਆਏ ਹਨ। ਉਨਾਂ ਕਿਹਾ ਕਿ ਬਿਜਲੀ ਵਿਭਾਗ ਵਿਚ ਛੇਤੀ ਨਵੀ ਭਰਤੀ ਕੀਤੀ ਜਾ ਰਹੀ ਹੈ ਅਤੇ ਲੋੜਵੰਦ ਇਸ ਲਈ ਬਿਨੈ ਕਰ ਸਕਦੇ ਹਨ। ਉਨਾਂ ਕਿਹਾ ਕਿ ਮੇਰੇ ਮਹਿਕਮੇ ਦੀ ਗੱਲ ਕਰੋ ਤਾਂ ਤੁਸੀਂ ਵੇਖ ਲਵੋ ਕਿ ਪਹਿਲੇ ਸਾਲ ਤੋਂ ਹੀ ਸਰਕਾਰ ਸਾਰੇ ਘਰਾਂ ਨੂੰ ਮੁਫਤ ਬਿਜਲੀ ਦੇਣੀ ਸ਼ੁਰੂ ਕਰ ਦਿੱਤੀ ਹੈ। ਇਸਦੇ ਨਾਲ ਹੀ ਇਹ ਗੱਲ ਵੀ ਸਾਰਿਆਂ ਲਈ ਹੈਰਾਨੀ ਵਾਲੀ ਹੋਵੇਗੀ ਕਿ ਬਿਜਲੀ ਵਿਭਾਗ ਪਹਿਲਾਂ 1880 ਕਰੋੜ ਰੁਪਏ ਦੇ ਘਾਟੇ ਵਿਚ ਸੀ ਅਤੇ ਹੁਣ 564 ਕਰੋੜ ਰੁਪਏ ਦੇ ਮੁਨਾਫੇ ਵਿਚ ਹੈ। ਇਹ ਸਾਡੀ ਸਰਕਾਰ ਦੀ ਇੱਛਾ ਸ਼ਕਤੀ ਅਤੇ ਇਮਾਨਦਾਰੀ ਕਾਰਨ ਸੰਭਵ ਹੋਇਆ ਹੈ। ਇਸ ਮੌਕੇ ਸ੍ਰੀ ਸਤਿੰਦਰ ਸਿੰਘ ਚੀਫ ਬਾਰਡਰ ਜੋਨ, ਸ੍ਰੀ ਸੁਸ਼ੀਲ ਤੁਲੀ ਡੀ ਈ ਓ, ਸ੍ਰੀ ਜਸਬੀਰ ਸਿੰਘ, ਸ. ਪ੍ਰੀਤਇੰਦਰ ਸਿੰਘ ਖਹਿਰਾ, ਮਨਜਿੰਦਰ ਸਿੰਘ, ਚੇਅਰਮੈਨ ਸ. ਛਨਾਖ ਸਿੰਘ ਤੇ ਹੋਰ ਪਤਵੰਤੇ ਹਾਜ਼ਰ ਸਨ।
ਕੈਪਸ਼ਨ---ਸਕੂਲ ਆਫ ਐਮੀਨੈਸ ਜੰਡਿਆਲਾ ਗੁਰੂ ਵਿਚ ਬੱਚਿਆਂ ਨੂੰ ਇਨਾਮ ਤਕਸੀਮ ਕਰਦੇ ਕੈਬਨਿਟ ਮੰਤਰੀ ਸ. ਹਰਭਜਨ ਸਿੰਘ ਈ ਟੀ ਓ।
ਸਵਦੇਸ਼ ਦਰਸ਼ਨ ਤਹਿਤ ਸ੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਦਾ ਸੁੰਦਰੀਕਰਨ ਤਰਜੀਹ ਅਧਾਰ ਉਤੇ ਹੋਵੇ-ਡਿਪਟੀ ਕਮਿਸ਼ਨਰ
ਅਟਾਰੀ ਸਰਹੱਦ ਉਤੇ ਵੀ ਦਰਸ਼ਕਾਂ ਲਈ ਸਹੂਲਤਾਂ ਵਧਾਉਣ ਉਤੇ ਦਿੱਤ ਜ਼ੋਰ
ਅੰਮ੍ਰਿਤਸਰ, 20 ਦਸੰਬਰ ( )-ਸਵਦੇਸ਼ ਦਰਸ਼ਨ ਦੇ ਦੂਸਰੇ ਪੜਾਅ ਵਿਚ ਸਰਕਾਰ ਵੱਲੋਂ ਸੈਲਾਨੀਆਂ ਲਈ ਬਿਹਤਰ ਵਾਤਾਵਰਣ ਤੇ ਵਧੀਆ ਮੁੱਢਲਾ ਢਾਂਚਾ ਮੁਹੱਇਆ ਕਰਵਾਉਣ ਲਈ ਕੀਤੀ ਜਾ ਰਹੀ ਪਹਿਲ ਵਿਚ ਸਾਡੀ ਤਰਜੀਹ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਸਾਰੇ ਰਸਤਿਆਂ ਨੂੰ ਬਿਹਤਰ ਬਨਾਉਣਾ ਤੇ ਅਟਾਰੀ ਸਰਹੱਦ ਉਤੇ ਜਾਂਦੇ ਸੈਲਾਨੀਆਂ ਲਈ ਚੰਗੀਆਂ ਸਹੂਲਤਾਂ ਦੇਣਾ ਹੋਣਾ ਚਾਹੀਦਾ ਹੈ, ਤਾਂ ਕਿ ਸ਼ਹਿਰ ਵਿਚ ਆਉਣ ਵਾਲੇ ਲੋਕਾਂ ਨੂੰ ਵਧੀਆ ਵਾਤਾਵਰਣ ਮੁਹੱਇਆ ਕਰਵਾਇਆ ਜਾ ਸਕੇ। ਡਿਪਟੀ ਕਮਿਸ਼ਨਰ ਸ੍ਰੀ ਘਣਸ਼ਾਮ ਥੋਰੀ ਨੇ ਇਹ ਪ੍ਰਗਟਾਵਾ ਸਵਦੇਸ਼ ਦਰਸ਼ਨ ਸਬੰਧੀ ਹੋਣ ਵਾਲੇ ਕੰਮਾਂ ਬਾਰੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਕੀਤਾ। ਉਨਾਂ ਕਿਹਾ ਕਿ ਅੰਮ੍ਰਿਤਸਰ ਵਿਚ ਸਭ ਤੋਂ ਵੱਧ ਸ਼ਰਧਾਲੂ ਅਤੇ ਸੈਲਾਨੀ ਆਉਂਦੇ ਹਨ, ਸੋ ਸਾਨੂੰ ਇੱਥੇ ਕਰਵਾਏ ਜਾਣ ਵਾਲੇ ਕੰਮਾਂ ਵਿਚ ਸਭ ਤੋਂ ਵੱਧ ਤਰਜੀਹ ਇੰਨਾ ਲੋਕਾਂ ਦੀਆਂ ਲੋੜਾਂ ਨੂੰ ਦੇਣੀ ਚਾਹੀਦੀ ਹੈ। ਉਨਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ, ਜਿੱਥੇ ਕਿ ਲੱਖਾਂ ਲੋਕ ਰੋਜ਼ਾਨਾ ਦੇਸ਼ ਵਿਦੇਸ਼ ਵਿਚੋਂ ਨਤਮਸਤਕ ਹੋਣ ਆਉਂਦੇ ਹਨ, ਨੂੰ ਜਾਂਦੇ ਸਾਰੇ ਰਸਤੇ ਜਿੰਨਾ ਵਿਚ ਘਿਉ ਮੰਡੀ, ਹੈਰੀਟੇਜ ਸਟਰੀਟ, ਕਟੜਾ ਆਹਲੂਵਾਲੀਆ, ਮਹਾਂ ਸਿੰਘ ਗੇਟ, ਮਹਾਂ ਸਿੰਘ ਰੋਡ ਅਤੇ ਰਾਮਸਰ ਰੋਡ ਪ੍ਰਮੁੱਖ ਹਨ, ਨੂੰ ਸ਼ਰਧਾਲੂਆਂ ਦੀ ਸਹੂਲਤ ਲਈ ਬਿਹਤਰ ਬਣਾਇਆ ਜਾਵੇ। ਉਨਾਂ ਕਿਹਾ ਕਿ ਇਸ ਤੋਂ ਇਲਾਵਾ ਅੰਮ੍ਰਿਤਸਰ ਆਉਣ ਵਾਲੇ ਸੈਲਾਨੀਆਂ ਵਿਚੋਂ ਵੱਡੀ ਗਿਣਤੀ ਅਟਾਰੀ ਸਰਹੱਦ ਉਤੇ ਹੁੰਦੀ ਰੀਟਰੀਟ ਸੈਰੀਮਨੀ ਵੇਖਣ ਜਾਂਦੇ ਹਨ ਅਤੇ ਇੰੰਨਾ ਲੋਕਾਂ ਨੂੰ ਬਿਹਤਰ ਤੇ ਸੁਰੱਖਿਅਤ ਮਾਹੌਲ ਸਰਹੱਦ ਉਤੇ ਮਿਲੇ, ਇਸ ਲਈ ਵੱਡੀ ਕੋਸ਼ਿਸ਼ ਕੀਤੀ ਜਾਵੇ। ਉਨਾਂ ਲਾਰਸਨ ਅਤੇ ਟੁਬਰੋ ਕੰਪਨੀ ਦੇ ਇੰਜੀਨੀਅਰਾਂ, ਜੋ ਕਿ ਇਨਾਂ ਪ੍ਰਾਜੈਕਟਾਂ ਉਤੇ ਯੋਜਨਾਬੰਦੀ ਕਰਨਗੇ, ਨੂੰ ਹਦਾਇਤ ਕੀਤੀ ਕਿ ਉਹ ਇੰਨਾ ਲਈ ਕੰਮ ਕਰਨ ਤੋਂ ਪਹਿਲਾਂ ਉਥੇ ਆਉਂਦੇ ਲੋਕਾਂ ਦੀਆਂ ਲੋੜਾਂ ਸਮਝਣ ਤੇ ਉਨਾਂ ਦੀ ਫੀਡ ਬੈਕ ਲੈਣ, ਤਾਂ ਹੀ ਬਿਹਤਰ ਪ੍ਰਾਜੈਕਟ ਤਿਆਰ ਕੀਤਾ ਜਾ ਸਕਦਾ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਅਮਨਦੀਪ ਕੌਰ, ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਪਰਮਜੀਤ ਕੌਰ, ਪੁਲਿਸ, ਪੁੱਡਾ, ਜੰਗਲਾਤ, ਕਾਰਪੋਰੇਸ਼ਨ, ਲੋਕ ਨਿਰਮਾਣ, ਬੀ ਐਸ ਐਫ, ਸੈਰ ਸਪਾਟਾ ਅਤੇ ਹੋਰ ਵਿਭਾਗਾਂ ਦੇ ਜਿਲ੍ਹਾ ਮੁਖੀ ਹਾਜ਼ਰ ਸਨ।