ਸਿੱਖ ਇਤਿਹਾਸ ਨਾਲ ਜੁੜਿਆ ਗੱਤਕਾ ਦੇਸ਼ ਦੀ ਸ਼ਾਨਦਾਰ ਜੰਗਜੂ ਵਿਰਾਸਤ ਦਾ ਪ੍ਰਤੀਕ : ਸੰਸਦ ਮੈਂਬਰ ਵਿਜੇ ਬਘੇਲ
Hindi
Gatka Linked to Sikh History

Gatka Linked to Sikh History

ਸਿੱਖ ਇਤਿਹਾਸ ਨਾਲ ਜੁੜਿਆ ਗੱਤਕਾ ਦੇਸ਼ ਦੀ ਸ਼ਾਨਦਾਰ ਜੰਗਜੂ ਵਿਰਾਸਤ ਦਾ ਪ੍ਰਤੀਕ : ਸੰਸਦ ਮੈਂਬਰ ਵਿਜੇ ਬਘੇਲ

ਵਿਰਾਸਤੀ ਖੇਡ : 13ਵੀਂ ਰਾਸ਼ਟਰੀ ਗੱਤਕਾ ਚੈਂਪੀਅਨਸ਼ਿਪ ਦਾ ਭਿਲਾਈ ‘ਚ ਸ਼ਾਨੋ-ਸ਼ੌਕਤ ਨਾਲ ਆਗਾਜ

ਚੰਡੀਗੜ੍ਹ, 10 ਅਕਤੂਬਰ, 2025: Gatka Linked to Sikh History: ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਵੱਲੋਂ ਆਯੋਜਿਤ ਤਿੰਨ ਰੋਜ਼ਾ 13ਵੀਂ ਕੌਮੀ ਗੱਤਕਾ ਚੈਂਪੀਅਨਸ਼ਿਪ ਸ਼ੁੱਕਰਵਾਰ ਨੂੰ ਗੁਰੂ ਨਾਨਕ ਇੰਗਲਿਸ਼ ਸੀਨੀਅਰ ਸੈਕੰਡਰੀ ਸਕੂਲ, ਭਿਲਾਈ, ਛੱਤੀਸਗੜ੍ਹ ਵਿਖੇ ਸ਼ਾਨੋ-ਸ਼ੌਕਤ ਅਤੇ ਵਿਰਾਸਤੀ ਜੋਸ਼ ਨਾਲ ਸ਼ੁਰੂ ਹੋਈ। ਨਿਊ ਗੱਤਕਾ ਸਪੋਰਟਸ ਐਸੋਸੀਏਸ਼ਨ ਛੱਤੀਸਗੜ੍ਹ ਦੇ ਸਹਿਯੋਗ ਨਾਲ ਕਰਵਾਏ ਇਹ ਗੱਤਕਾ ਮੁਕਾਬਲੇ ਭਾਰਤ ਦੀ ਪ੍ਰਾਚੀਨ ਜੰਗਜੂ ਤੇ ਸੱਭਿਆਚਾਰਕ ਵਿਰਾਸਤ ਸਮੇਤ ਸਿੱਖ ਅਧਿਆਤਮਿਕ ਕਲਾ ਦਾ ਗੌਰਵਮਈ ਪ੍ਰਤੀਕ ਹੋਣ ਦੇ ਨਾਲ-ਨਾਲ ਵੀਰਤਾ, ਅਨੁਸ਼ਾਸਨ, ਸਦਭਾਵਨਾ ਅਤੇ ਸੱਭਿਆਚਾਰਕ ਮਾਣ ਦਾ ਸੰਦੇਸ਼ ਵੀ ਪਹੁੰਚਾਉਂਦੇ ਹਨ।
ਇੰਨਾਂ ਕੌਮੀ ਮੁਕਾਬਲਿਆਂ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਦੁਰਗ ਹਲਕੇ ਦੇ ਸੰਸਦ ਮੈਂਬਰ ਵਿਜੇ ਬਘੇਲ ਨੇ ਸਾਬਕਾ ਮੰਤਰੀ ਤੇ ਵਿਸ਼ੇਸ਼ ਮਹਿਮਾਨ ਪ੍ਰੇਮ ਪ੍ਰਕਾਸ਼ ਪਾਂਡੇ ਦੀ ਹਾਜ਼ਰੀ ਵਿੱਚ ਕੀਤਾ। ਉਨ੍ਹਾਂ ਨਾਲ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ (ਐਨ.ਜੀ.ਏ.ਆਈ.) ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ, ਛੱਤੀਸਗੜ੍ਹ ਸਿੱਖ ਪੰਚਾਇਤ ਦੇ ਚੇਅਰਮੈਨ ਜਸਬੀਰ ਸਿੰਘ ਚਾਹਲ, ਨਿਊ ਗੱਤਕਾ ਸਪੋਰਟਸ ਐਸੋਸੀਏਸ਼ਨ ਛੱਤੀਸਗੜ੍ਹ ਦੇ ਪ੍ਰਧਾਨ ਤੇ ਉੱਘੇ ਸਮਾਜ ਸੇਵਕ ਇੰਦਰਜੀਤ ਸਿੰਘ ਛੋਟੂ, ਜਨਰਲ ਸਕੱਤਰ ਜਸਵੰਤ ਸਿੰਘ ਖਾਲਸਾ ਅਤੇ ਵਿੱਤ ਸਕੱਤਰ ਮਲਕੀਤ ਸਿੰਘ ਲੱਲੂ ਸਮੇਤ ਕਈ ਪ੍ਰਮੁੱਖ ਸ਼ਖਸੀਅਤਾਂ ਵੀ ਸ਼ਾਮਲ ਸਨ।
ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਵਿਜੇ ਬਘੇਲ ਨੇ ਟੂਰਨਾਮੈਂਟ ਦੇ ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆਂ ਗੱਤਕੇ ਦੀ ਸੱਭਿਆਚਾਰਕ ਮਹੱਤਤਾ 'ਤੇ ਚਾਨਣਾ ਪਾਇਆ ਅਤੇ ਕਿਹਾ ਕਿ ਗੱਤਕਾ ਸਿਰਫ਼ ਇੱਕ ਮਾਰਸ਼ਲ ਆਰਟ ਹੀ ਨਹੀਂ ਸਗੋਂ ਇਹ ਇੱਕ ਇਤਿਹਾਸਕ ਵਿਰਾਸਤ ਹੈ ਜੋ ਭਾਰਤ ਦੇ ਸ਼ਾਨਦਾਰ ਅਤੀਤ ਅਤੇ ਸਿੱਖ ਇਤਿਹਾਸ ਦੀ ਅਜੇਤੂ ਭਾਵਨਾ ਦੇ ਜੀਵੰਤ ਰੂਪ ਨੂੰ ਦਰਸਾਉਂਦੀ ਹੈ। ਅਜਿਹੀ ਸਵਦੇਸ਼ੀ ਕਲਾ ਨੂੰ ਉਤਸ਼ਾਹਿਤ ਕਰਨ ਨਾਲ ਸਾਡਾ ਸੱਭਿਆਚਾਰ ਸੁਰੱਖਿਅਤ ਰਹਿੰਦਾ ਹੈ ਅਤੇ ਨੌਜਵਾਨਾਂ ਅੰਦਰ ਸਾਡੇ ਸਤਿਕਾਰਯੋਗ ਗੁਰੂਆਂ ਦੁਆਰਾ ਦਰਸਾਏ ਗਏ ਹਿੰਮਤ, ਅਨੁਸ਼ਾਸਨ, ਭਗਤੀ ਅਤੇ ਸ਼ਰਧਾ ਦੇ ਗੁਣ ਪੈਦਾ ਹੁੰਦੇ ਹਨ।
ਇਸ ਮੌਕੇ 'ਤੇ ਵਿਸ਼ੇਸ਼ ਮਹਿਮਾਨ ਤੇ ਸਾਬਕਾ ਮੰਤਰੀ ਪ੍ਰੇਮ ਪ੍ਰਕਾਸ਼ ਪਾਂਡੇ ਨੇ ਕਿਹਾ ਕਿ ਛੱਤੀਸਗੜ੍ਹ ਲਈ ਗੱਤਕਾ ਖੇਡ ਦੇ ਰਾਸ਼ਟਰੀ ਟੂਰਨਾਮੈਂਟ ਦੀ ਮੇਜ਼ਬਾਨੀ ਕਰਨਾ ਮਾਣ ਦਾ ਪਲ ਹੈ। ਇਹ ਪੁਰਾਤਨ ਕਲਾ ਨਾ ਸਿਰਫ਼ ਤੰਦਰੁਸਤੀ ਅਤੇ ਅਨੁਸ਼ਾਸਨ ਹੀ ਨਹੀਂ ਸਿਖਾਉਂਦੀ ਬਲਕਿ ਏਕਤਾ ਅਤੇ ਸੱਭਿਆਚਾਰ ਸੰਭਾਲ ਦੇ ਆਪਣੇ ਸੰਦੇਸ਼ ਰਾਹੀਂ ਸਮਾਜਿਕ ਸੁਮੇਲ ਤੇ ਸਦਭਾਵਨਾ ਨੂੰ ਵੀ ਮਜ਼ਬੂਤ ​​ਕਰਦੀ ਹੈ।
ਮਹਿਮਾਨਾਂ ਤੇ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਐਨ.ਜੀ.ਏ.ਆਈ. ਅਤੇ ਵਿਸ਼ਵ ਗੱਤਕਾ ਫੈਡਰੇਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਇਹ ਦੋਵੇਂ ਪ੍ਰਮੁੱਖ ਸੰਸਥਾਵਾਂ ਗੱਤਕੇ ਨੂੰ ਰਵਾਇਤੀ ਕਲਾ ਅਤੇ ਆਧੁਨਿਕ ਖੇਡ ਵਜੋਂ ਸੰਭਾਲਣ ਅਤੇ ਉਤਸ਼ਾਹਿਤ ਕਰਨ ਲਈ ਵਚਨਬੱਧ ਹਨ। ਅਜਿਹੀਆਂ ਚੈਂਪੀਅਨਸ਼ਿਪਾਂ ਰਾਹੀਂ ਸਾਡਾ ਉਦੇਸ਼ ਦੇਸ਼ ਦੇ ਖਿਡਾਰੀਆਂ ਨੂੰ ਵਿਸ਼ਵਵਿਆਪੀ ਖੇਡਾਂ ਦੇ ਮੰਚ ਲਈ ਤਿਆਰ ਕਰਨਾ ਹੈ। ਸਾਡਾ ਟੀਚਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਗੱਤਕਾ ਖੇਡ ਓਲੰਪਿਕ ਸਮੇਤ ਅੰਤਰਰਾਸ਼ਟਰੀ ਪੱਧਰ ਦੇ ਬਹੁ-ਖੇਡ ਮੁਕਾਬਲਿਆਂ ਵਿੱਚ ਸ਼ਾਮਲ ਹੋਵੇ। 
ਹੋਰ ਵੇਰਵੇ ਦਿੰਦੇ ਹੋਏ ਇੰਦਰਜੀਤ ਸਿੰਘ ਛੋਟੂ ਅਤੇ ਜਸਵੰਤ ਸਿੰਘ ਖਾਲਸਾ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿੱਚ ਭਾਰਤ ਭਰ ਦੇ ਬਾਰਾਂ ਰਾਜਾਂ ਦੇ 500 ਤੋਂ ਵੱਧ ਲੜਕੇ ਅਤੇ ਲੜਕੀਆਂ ਹਿੱਸਾ ਲੈ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਐਤਵਾਰ 12 ਅਕਤੂਬਰ ਨੂੰ ਸਮਾਪਤੀ ਸਮਾਰੋਹ ਮੌਕੇ ਗੱਤਕਾ-ਸੋਟੀ ਅਤੇ ਫੱਰੀ-ਸੋਟੀ ਈਵੈਂਟਸ ਦੇ ਵੱਖ-ਵੱਖ ਵਿਅਕਤੀਗਤ ਅਤੇ ਟੀਮ ਮੁਕਾਬਲਿਆਂ ਦੇ ਜੇਤੂਆਂ ਨੂੰ ਤਗਮਿਆਂ ਅਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਜਾਵੇਗਾ।
ਇਸ ਮੌਕੇ ਇੰਦਰਜੀਤ ਸਿੰਘ ਛੋਟੂ ਨੇ ਐਲਾਨ ਕੀਤਾ ਕਿ ਛੱਤੀਸਗੜ੍ਹ ਦੇ ਸੋਨ ਤਗਮਾ ਜਿੱਤਣ ਵਾਲੇ ਖਿਡਾਰੀਆਂ ਨੂੰ ਖੇਡ ਸਹੂਲਤਾਂ ਲਈ ਨਗਦ ਇਨਾਮਾਂ ਦੇ ਨਾਲ ਵਿਸ਼ੇਸ਼ ਸਨਮਾਨ ਦਿੱਤਾ ਜਾਵੇਗਾ।
ਇਸ ਚੈਂਪੀਅਨਸ਼ਿਪ ਨੂੰ ਗੁਰਦੁਆਰਾ ਬੇਬੇ ਨਾਨਕੀ ਜੀ, ਜ਼ੋਨ-2 ਖੁਰਸੀਪਰ, ਗੁਰਦੁਆਰਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਕੈਂਪ-2 ਭਿਲਾਈ, ਗੁਰਦੁਆਰਾ ਸ਼੍ਰੀ ਗੁਰੂ ਅਰਜੁਨ ਦੇਵ ਜੀ ਹਾਊਸਿੰਗ ਬੋਰਡ, ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਕੈਂਪ, ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਗੁਰੂ ਨਾਨਕ ਨਗਰ, ਗੁਰਦੁਆਰਾ ਬਾਬਾ ਸਾਹਿਬ ਜੀ ਬੁੱਢਾ ਸਾਹਿਬ ਜੀ ਬਾਬਾ ਸਾਹਿਬ ਜੀ ਕੋਹਕਾ, ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸੁਪੇਲਾ, ਗੁਰਦੁਆਰਾ ਨਾਨਕਸਰ ਨਹਿਰੂ ਨਗਰ, ਗੁਰਦੁਆਰਾ ਸ਼੍ਰੀ ਗੁਰੂ ਅਰਜਨ ਦੇਵ ਜੀ ਹਾਊਸਿੰਗ ਬੋਰਡ, ਗੁਰਦੁਆਰਾ ਮਾਤਾ ਗੁਜਰੀ ਜੀ ਹੁਡਕੋ, ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸੈਕਟਰ 6, ਛੱਤੀਸਗੜ੍ਹ ਸਿੱਖ ਪੰਚਾਇਤ, ਯੂਥ ਸਿੱਖ ਸੇਵਾ ਸੰਮਤੀ,
ਗੁਰੂ ਨਾਨਕ ਸਕੂਲ ਸੈਕਟਰ 6, ਪੰਜਾਬੀ ਭਾਈਚਾਰਾ, ਸਿੱਖ ਯੂਥ ਫੋਰਮ, ਗੁਰੂ ਨਾਨਕ ਸੀਨੀਅਰ ਸੈਕੰਡਰੀ ਸਕੂਲ ਅਤੇ ਪੰਜਾਬੀ ਕਲਚਰਲ ਐਂਡ ਵੈਲਫੇਅਰ ਐਸੋਸੀਏਸ਼ਨ ਵੱਲੋਂ ਭਰਪੂਰ ਸਹਿਯੋਗ ਤੇ ਸਮਰਥਨ ਦਿੱਤਾ ਗਿਆ।


Comment As:

Comment (0)