Hindi

ਗਲਾਡਾ ਵੱਲੋਂ ਮਿਸਿੰਗ ਲਿੰਕ-2 ਪਾਰਟ-ਸੀ ਨੂੰ ਮੁਕੰਮਲ ਕਰਨ ਲਈ ਸਥਾਨਕ ਲੋਕਾਂ ਪਾਸੋਂ ਸਹਿਯੋਗ ਦੀ ਅਪੀਲ

ਗਲਾਡਾ ਵੱਲੋਂ ਮਿਸਿੰਗ ਲਿੰਕ-2 ਪਾਰਟ-ਸੀ ਨੂੰ ਮੁਕੰਮਲ ਕਰਨ ਲਈ ਸਥਾਨਕ ਲੋਕਾਂ ਪਾਸੋਂ ਸਹਿਯੋਗ ਦੀ ਅਪੀਲ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਲੁਧਿਆਣਾ
ਗਲਾਡਾ ਵੱਲੋਂ ਮਿਸਿੰਗ ਲਿੰਕ-2 ਪਾਰਟ-ਸੀ ਨੂੰ ਮੁਕੰਮਲ ਕਰਨ ਲਈ ਸਥਾਨਕ ਲੋਕਾਂ ਪਾਸੋਂ ਸਹਿਯੋਗ ਦੀ ਅਪੀਲ
- ਪ੍ਰੋਜੈਕਟ ਦੇ ਸੰਪੂਰਨ ਹੋਣ ਨਾਲ ਟ੍ਰੈਫਿਕ ਸਮੱਸਿਆਂ ਤੋਂ ਮਿਲੇਗੀ ਰਾਹਤ
- ਆਮ ਲੋਕਾਂ ਨੂੰ ਪੈਸੇ ਦੇ ਨਾਲ ਸਮੇਂ ਦੀ ਵੀ ਹੋਵੇਗੀ ਬੱਚਤ
ਲੁਧਿਆਣਾ, 08 ਮਾਰਚ (2025) - ਮੁੱਖ ਪ੍ਰਸ਼ਾਸ਼ਕ, ਗਲਾਡਾ, ਲੁਧਿਆਣਾ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਮਿਸਿੰਗ ਲਿੰਕ-2 ਪਾਰਟ ਸੀ (ਮਲੇਰਕੋਟਲਾ ਰੋਡ, ਪਿੰਡ ਗਿੱਲ ਤੋਂ ਸਿਧਵਾਂ ਕੈਨਾਲ, ਲੁਹਾਰਾ ਪੁੱਲ), ਜੋ ਕਿ ਅੰਦਾਜਨ 1.70 ਕਿ.ਮੀ. ਹੈ, ਦੀ ਅਲਾਈਨਮੈਂਟ ਵਿੱਚ ਗਰਾਮ ਪੰਚਾਇਤ, ਪਿੰਡ ਗਿੱਲ ਦੀ ਆ ਰਹੀ ਜਮੀਨ ਵਿੱਚ ਕੁੱਝ ਘਰ ਬਣੇ ਹੋਏ ਹਨ, ਜਿਸ ਕਾਰਨ ਸੜਕ ਦੇ ਉਕਤ ਹਿੱਸੇ ਦੀ ਉਸਾਰੀ ਵਿੱਚ ਰੁਕਾਵਟ ਪੈ ਰਹੀ ਹੈ।

ਉਨ੍ਹਾਂ ਪ੍ਰਭਾਵਿਤ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਮਿਸਿੰਗ ਲਿੰਕ ਸੜਕ ਨੂੰ ਪੂਰਾ ਕਰਨ ਲਈ ਸਰਕਾਰ/ਗਲਾਡਾ ਨੂੰ ਸਹਿਯੋਗ ਦਿੱਤਾ ਜਾਵੇ ਤਾਂ ਜੋ ਲੰਮੇ ਸਮੇਂ ਤੋਂ ਅਟਕੇ ਇਸ ਪ੍ਰੋਜੈਕਟ ਨੂੰ ਪੂਰਾ ਕੀਤਾ ਜਾ ਸਕੇ ਅਤੇ ਸ਼ਹਿਰ ਵਿੱਚ ਵੱਧ ਰਹੀ ਟ੍ਰੈਫਿਕ ਦੀ ਸਮੱਸਿਆ ਨੂੰ ਘਟਾਇਆ ਜਾ ਸਕੇ। ਇਸ ਨਾਲ ਆਮ ਪਬਲਿਕ ਦੇ ਸਮੇਂ ਦੇ ਨਾਲ-2 ਲੋਕਾਂ ਦੇ ਪੈਸੇ ਦੀ ਵੀ ਬੱਚਤ ਹੋਵੇਗੀ।

ਜ਼ਿਕਰਯੋਗ ਹੈ ਕਿ ਲੁਧਿਆਣਾ ਸ਼ਹਿਰ ਵਿੱਚ ਵੱਧ ਰਹੇ ਟ੍ਰੈਫਿਕ ਤੋਂ ਨਿਜਾਤ ਪਾਉਣ ਲਈ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਗਲਾਡਾ ਵੱਲੋਂ ਪਿੰਡ ਫੁੱਲਾਂਵਾਲ, ਦੁੱਗਰੀ ਅਤੇ ਗਿੱਲ ਵਿੱਚ 200 ਫੁੱਟੀ ਮਿਸਿੰਗ ਲਿੰਕ ਬਣਾਈ ਜਾ ਰਹੀ ਹੈ। ਮਿਸਿੰਗ ਲਿੰਕ-1 (ਪੱਖੋਵਾਲ ਰੋਡ ਤੋਂ ਅਰਬਨ ਅਸਟੇਟ ਫੇਜ-3, ਦੁੱਗਰੀ) ਲਈ ਪਿੰਡ ਫੁੱਲਾਂਵਾਲ ਵਿੱਚੋ ਅਵਾਰਡ ਨੰ. 1 ਮਿਤੀ 24.08.2005 ਰਾਹੀਂ 11 ਏਕੜ 4 ਕਨਾਲ 10 ਮਰਲਾ ਰਕਬਾ ਅਤੇ ਮਿਸਿੰਗ ਲਿੰਕ-2 (ਧਾਂਦਰਾ ਰੋਡ ਤੋਂ ਸਿਧਵਾਂ ਕੈਨਾਲ ਵਾਇਆ ਮਲੇਰਕੋਟਲਾ ਰੋਡ, ਲੁਧਿਆਣਾ) ਲਈ ਪਿੰਡ ਗਿੱਲ-1, ਗਿੱਲ-2, ਲੋਹਾਰਾ ਅਤੇ ਦੁੱਗਰੀ ਵਿੱਚੋਂ ਅਵਾਰਡ ਨੰ. 4 ਮਿਤੀ 07.08.2010 ਰਾਹੀਂ 74.52 ਏਕੜ ਤੇ ਅਵਾਰਡ ਨੰ. 12 ਮਿਤੀ 02.07.2015 ਰਾਹੀਂ 0.4356 ਏਕੜ ਰਕਬਾ ਐਕੁਆਇਰ ਕੀਤਾ ਗਿਆ ਸੀ। ਇਸ ਐਕੁਆਇਰ ਕੀਤੇ ਰਕਬੇ ਵਿੱਚ ਆਮ ਲੋਕਾਂ ਅਤੇ ਸਬੰਧਤ ਗਰਾਮ ਪੰਚਾਇਤਾਂ ਦਾ ਰਕਬਾ ਵੀ ਐਕੁਆਇਰ ਹੋੋਇਆ ਸੀ, ਜਿਸ ਸਬੰਧੀ ਜਾਂ ਤਾਂ ਸਬੰਧਤ ਭੋਂ ਮਾਲਕਾਂ/ਗਰਾਮ ਪੰਚਾਇਤਾਂ ਨੂੰ ਬਣਦੇ ਮੁਆਵਜੇ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ ਜਾਂ ਅਣ-ਵੰਡਿਆ ਮੁਆਵਜਾ ਮਾਨਯੋਗ ਅਦਾਲਤ ਵਿਖੇ ਜਮ੍ਹਾਂ ਕਰਵਾਇਆ ਜਾ ਚੁੱਕਾ ਹੈ। ਉਕਤ ਐਕੁਆਇਰ ਕੀਤੇ ਰਕਬੇ ਵਿੱਚੋਂ ਕੁਝ ਭੋਂ ਮਾਲਕਾਂ ਵਿੱਚੋ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਖੇ ਕੇਸ ਵੀ ਦਾਇਰ ਕੀਤੇ ਗਏ ਸਨ, ਜਿਨ੍ਹਾਂ ਵਿੱਚ ਜਿਆਦਾਤਰ ਕੇਸਾਂ ਵਿੱਚ ਫੈਸਲੇ ਸੁਣਾਏ ਜਾ ਚੁੱਕੇ ਹਨ।

ਇਸ ਸੜਕ ਨਾਲ ਮਲੇਰਕੋਟਲਾ ਤੋਂ ਮੋਗਾ/ਫਿਰੋਜਪੁਰ ਅਤੇ ਜਲੰਧਰ ਵੱਲ ਜਾ ਰਹੀ ਟ੍ਰੈਫਿਕ ਨੂੰ ਸ਼ਹਿਰ ਵਿੱਚ ਜਾਣ ਦੀ ਜਰੂਰਤ ਨਹੀਂ ਪਵੇਗੀ, ਜਿਸ ਨਾਲ ਬਾਹਰੋਂ ਆ ਰਹੀ ਟ੍ਰੈਫਿਕ ਤੋਂ ਸ਼ਹਿਰ ਨਿਵਾਸੀਆਂ ਨੂੰ ਨਿਜਾਤ ਮਿਲੇਗੀ। ਇਸ ਲਈ ਮਿਸਿੰਗ ਲਿੰਕ-2 ਦੀ ਉਸਾਰੀ ਪੂਰੀ ਕਰਨ ਲਈ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਖੇ ਕੇਸ COCP-553/2019/Citizens for Public Causes (Regd) Vs Parminder Singh Gill and Ors. ਸੁਣਵਾਈ ਅਧੀਨ ਹੈ, ਜਿਸ ਵਿੱਚ ਮਾਨਯੋਗ ਹਾਈਕੋਰਟ ਵੱਲੋਂ 2 ਮਹੀਨੇ ਤੱਕ ਉਕਤ ਸੜਕ ਦੀ ਉਸਾਰੀ ਸਬੰਧੀ ਸਟੇਟਸ ਰਿਪੋਰਟ ਦਾਇਰ ਕਰਨ ਦੇ ਹੁਕਮ ਦਾਇਰ ਕੀਤੇ ਗਏ ਹਨ।

ਇੱਥੇ ਇਹ ਵਰਨਣਯੋਗ ਹੈ ਕਿ ਮਿਸਿੰਗ ਲਿੰਕ-2 ਪਾਰਟ ਸੀ (ਮਲੇਰਕੋਟਲਾ ਰੋਡ, ਪਿੰਡ ਗਿੱਲ ਤੋਂ ਸਿਧਵਾਂ ਕੈਨਾਲ, ਲੁਹਾਰਾ ਪੁੱਲ), ਜੋ ਕਿ ਅੰਦਾਜਨ 1.70 ਕਿ.ਮੀ. ਹੈ, ਦੀ ਅਲਾਈਨਮੈਂਟ ਵਿੱਚ ਗਰਾਮ ਪੰਚਾਇਤ, ਪਿੰਡ ਗਿੱਲ ਦੀ ਆ ਰਹੀ ਜਮੀਨ ਵਿੱਚ ਕੁੱਝ ਘਰ ਬਣੇ ਹੋਏ ਹਨ, ਜਿਸ ਕਾਰਨ ਸੜਕ ਦੇ ਉਕਤ ਹਿੱਸੇ ਦੀ ਉਸਾਰੀ ਵਿੱਚ ਰੁਕਾਵਟ ਪੈ ਰਹੀ ਹੈ। ਗਰਾਮ ਪੰਚਾਇਤ, ਪਿੰਡ ਗਿੱਲ ਦੇ ਐਕੁਆਇਰ ਹੋਏ ਉਕਤ ਰਕਬੇ ਦਾ ਮੁਆਵਜਾ ਅਤੇ ਇਸ ਤੇ ਬਣੇ ਘਰਾਂ ਦੀ ਅਸੈੱਸਮੈਂਟ ਸਬੰਧੀ ਸ਼੍ਰੀ ਸੰਦੀਪ ਕੁਮਾਰ, ਮੁੱਖ ਪ੍ਰਸ਼ਾਸ਼ਕ, ਲੁਧਿਆਣਾ ਵੱਲੋਂ ਜਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ, ਲੁਧਿਆਣਾ ਅਤੇ ਬਲਾਕ ਵਿਕਾਸ ਤੇ ਪੰਚਾਇਤ ਅਫਸਰ-1, ਲੁਧਿਆਣਾ ਨਾਲ ਮਿਤੀ 11.03.2025 ਨੂੰ ਮੀਟਿੰਗ ਰੱਖੀ ਗਈ ਹੈ, ਜਿਸ ਵਿੱਚ ਉਕਤ ਘਰਾਂ ਦੇ ਵਸਨੀਕਾਂ ਨੂੰ ਹੋਰ ਥਾਂ ਵਸਾਉਣ ਸਬੰਧੀ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਕਰਨ ਲਈ ਮੁੱਦਾ ਵਿਚਾਰਿਆ ਜਾਣਾ ਹੈ, ਤਾਂ ਜੋ ਮਿਸਿੰਗ ਲਿੰਕ-2 ਪਾਰਟ ਸੀ ਦੀ ਅਲਾਈਨਮੈਂਟ ਵਿੱਚ ਆ ਰਹੇ ਰਕਬੇ ਨੂੰ ਖਾਲੀ ਕਰਵਾ ਕੇ ਉਕਤ ਸੜਕ ਦੀ ਉਸਾਰੀ ਨੂੰ ਜਲਦੀ ਤੋਂ ਜਲਦੀ ਪੂਰਾ ਕਰਵਾਇਆ ਜਾ ਸਕੇ।

ਇਸ ਲਈ ਮੁੱਖ ਪ੍ਰਸ਼ਾਸ਼ਕ, ਗਲਾਡਾ, ਲੁਧਿਆਣਾ ਵੱਲੋਂ ਪ੍ਰਭਾਵਿਤ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਮਿਸਿੰਗ ਲਿੰਕ ਸੜਕ ਨੂੰ ਪੂਰਾ ਕਰਨ ਲਈ ਸਰਕਾਰ/ਗਲਾਡਾ ਨੂੰ ਸਹਿਯੋਗ ਦੇਣ ਤਾਂ ਜੋ ਲੰਮੇ ਸਮੇਂ ਤੋਂ ਅਟਕੇ ਇਸ ਪ੍ਰੋਜੈਕਟ ਨੂੰ ਪੂਰਾ ਕੀਤਾ ਜਾ ਸਕੇ ਅਤੇ ਸ਼ਹਿਰ ਵਿੱਚ ਵੱਧ ਰਹੀ ਟ੍ਰੈਫਿਕ ਦੀ ਸਮੱਸਿਆ ਨੂੰ ਘਟਾਇਆ ਜਾ ਸਕੇ। ਇਸ ਨਾਲ ਆਮ ਪਬਲਿਕ ਦੇ ਸਮੇਂ ਦੇ ਨਾਲ-2 ਲੋਕਾਂ ਦੇ ਪੈਸੇ ਦੀ ਵੀ ਬੱਚਤ ਹੋਵੇਗੀ।


Comment As:

Comment (0)