328 Saroops Case: SIT Obtains Critical Records from SGPC President Dhami
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਬਲੀਕੇਸ਼ਨ ਵਿਭਾਗ ਵਿਚੋਂ 328 ਪਾਵਨ ਸਰੂਪ ਘਟਣ ਦੇ ਮਾਮਲੇ 'ਚ ਗਠਿਤ ਐੱਸਆਈਟੀ ਦੇ ਤਿੰਨ ਮੈਂਬਰਾਂ ਨੇ ਸੋਮਵਾਰ ਨੂੰ ਸ਼੍ਰੋਮਣੀ ਕਮੇਟੀ ਦੇ ਸਬ-ਆਫਿਸ ਚੰਡੀਗੜ੍ਹ ਵਿਚ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੋਂ ਰਿਕਾਰਡ ਹਾਸਲ ਕੀਤਾ।
ਪੰਜਾਬ ਸਰਕਾਰ ਵੱਲੋਂ ਮਾਮਲੇ ਦੀ ਜਾਂਚ ਲਈ ਸੱਤ ਦਸੰਬਰ 2025 ਨੂੰ 16 ਵਿਅਕਤੀਆਂ ਖ਼ਿਲਾਫ਼ ਐੱਫਆਈਆਰ ਦਰਜ ਕਰ ਕੇ ਇਹ ਐੱਸਆਈਟੀ ਗਠਿਤ ਕੀਤੀ ਗਈ ਸੀ। ਐੱਸਆਈਟੀ ਮੁਖੀ ਡੀਆਈਜੀ ਨਾਨਕ ਸਿੰਘ ਨੇ ਦੱਸਿਆ ਕਿ ਉਪਰੋਕਤ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਤੋਂ 18 ਤਰ੍ਹਾਂ ਦਾ ਰਿਕਾਰਡ ਮੰਗਿਆ ਗਿਆ ਸੀ ਤੇ ਪ੍ਰਧਾਨ ਧਾਮੀ ਨੇ ਰਿਕਾਰਡ ਦੇਣ ਲਈ ਅੱਜ ਦਾ ਸਮਾਂ ਦਿੱਤਾ ਸੀ।
ਰਿਕਾਰਡ ਲੈਣ ਲਈ ਐੱਸਆਈਟੀ ਦੇ ਤਿੰਨ ਮੈਂਬਰ ਐੱਸਪੀ ਸੁਖਨਾਜ ਸਿੰਘ, ਏਸੀਪੀ ਹਰਵਿੰਦਰ ਸਿੰਘ ਤੇ ਐੱਸਐੱਚਓ ਸੀ ਡਵੀਜ਼ਨ ਅੰਮ੍ਰਿਤਸਰ ਨੇ ਧਾਮੀ ਅਤੇ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਨਾਲ ਤਿੰਨ ਘੰਟੇ ਗੱਲਬਾਤ ਕੀਤੀ। ਇਸ ਦੇ ਨਾਲ ਹੀ ਦੋ ਦਸਤਾਵੇਜ਼ ਦੀਆਂ ਤਸਦੀਕ ਕਾਪੀਆਂ ਮੰਗੀਆਂ ਗਈਆਂ ਹਨ ਜੋ ਸ਼੍ਰੋਮਣੀ ਕਮੇਟੀ ਵੱਲੋਂ ਅੰਮ੍ਰਿਤਸਰ ਦਫ਼ਤਰ ਤੋਂ ਲੈਣ ਲਈ ਕਿਹਾ ਗਿਆ ਹੈ। ਮੰਗੇ ਗਏ ਰਿਕਾਰਡ ਦੇ ਸੈਂਕੜੇ ਪੰਨੇ ਹਨ ਜਿਸ ਨੂੰ ਘੋਖਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ, ਪ੍ਰਧਾਨ ਦੇ ਓਐੱਸਡੀ ਸਤਬੀਰ ਸਿੰਘ, ਨਿੱਜੀ ਸਕੱਤਰ ਸ਼ਾਹਬਾਜ਼ ਸਿੰਘ, ਮੀਤ ਸਕੱਤਰ ਗੁਰਨਾਮ ਸਿੰਘ, ਹਰਭਜਨ ਸਿੰਘ ਵਕਤਾ ਆਦਿ ਮੌਜੂਦ ਸਨ।