FIFA World Cup 2026: Morocco Knocks Out Netherlands in Thrilling Penalty Shootout
ਮੋਰੱਕੋ ਨੇ ਪੈਨਲਟੀ ਸ਼ੂਟਆਊਟ ਵਿੱਚ 3-2 ਨਾਲ ਜਿੱਤ ਦਰਜ ਕੀਤੀ ਅਤੇ ਨੀਦਰਲੈਂਡ ਦੀ ਟੀਮ ਪਹਿਲੀ ਵਾਰ ਟੂਰਨਾਮੈਂਟ ਦੇ ਰਾਊਂਡ ਆਫ਼ 16 ਵਿੱਚ ਪਹੁੰਚਣ ਤੋਂ ਖੁੰਝ ਗਈ। ਨੀਦਰਲੈਂਡ ਲਈ ਟਿਊਨ ਕੂਪਮੀਨਰਸ ਅਤੇ ਵਾਊਟ ਵੇਘੋਰਸਟ ਨੇ ਪੈਨਲਟੀ 'ਤੇ ਗੋਲ ਕੀਤੇ, ਜਦਕਿ ਮੋਰੱਕੋ ਲਈ ਸੂਫ਼ਿਆਨ ਰਹੀਮੀ, ਚੇਮਸਦੀਨ ਤਾਲਬੀ ਅਤੇ ਇਸਮਾਈਲ ਸੈਬਾਰੀ ਨੇ ਗੋਲ ਕਰਕੇ ਟੀਮ ਨੂੰ ਰੋਮਾਂਚਕ ਜਿੱਤ ਦਿਵਾਈ।
ਨੀਦਰਲੈਂਡ ਇਸ ਤੋਂ ਪਹਿਲਾਂ ਖੇਡੇ ਗਏ 11 ਵਰਲਡ ਕੱਪਾਂ ਵਿੱਚ ਘੱਟੋ-ਘੱਟ ਰਾਊਂਡ ਆਫ਼ 16 ਤੱਕ ਜ਼ਰੂਰ ਪਹੁੰਚਿਆ ਸੀ, ਜਿਸ ਵਿੱਚ ਚਾਰ ਸਾਲ ਪਹਿਲਾਂ ਕਤਰ ਵਿੱਚ ਕੁਆਰਟਰ ਫਾਈਨਲ ਤੱਕ ਪਹੁੰਚਣਾ ਵੀ ਸ਼ਾਮਲ ਹੈ। ਦੂਜੇ ਪਾਸੇ, ਮੋਰੱਕੋ ਨੇ ਪਿਛਲੇ ਵਰਲਡ ਕੱਪ ਵਿੱਚ ਸੈਮੀਫਾਈਨਲ ਤੱਕ ਦਾ ਸ਼ਾਨਦਾਰ ਸਫ਼ਰ ਤੈਅ ਕੀਤਾ ਸੀ।
ਰੇਗੂਲੇਸ਼ਨ ਟਾਈਮ (ਨਿਰਧਾਰਤ ਸਮੇਂ) ਵਿੱਚ ਕੋਡੀ ਗੈਕਪੋ ਨੇ ਨੀਦਰਲੈਂਡ ਲਈ 72ਵੇਂ ਮਿੰਟ ਵਿੱਚ ਗੋਲ ਕੀਤਾ ਸੀ, ਜਦਕਿ ਮੋਰੱਕੋ ਦੇ ਇਸਾ ਡਿਓਪ ਨੇ 91ਵੇਂ ਮਿੰਟ ਵਿੱਚ ਗੋਲ ਕਰਕੇ ਸਕੋਰ ਬਰਾਬਰ ਕਰ ਦਿੱਤਾ। ਉਸ ਤੋਂ ਬਾਅਦ ਖਿਡਾਰੀ ਨਾ ਤਾਂ ਸਟਾਪੇਜ ਟਾਈਮ ਵਿੱਚ ਕੋਈ ਗੋਲ ਕਰ ਸਕੇ ਅਤੇ ਨਾ ਹੀ 30 ਮਿੰਟ ਦੇ ਵਾਧੂ ਸਮੇਂ (ਐਕਸਟਰਾ ਟਾਈਮ) ਵਿੱਚ ਕਿਸੇ ਟੀਮ ਨੂੰ ਗੋਲ ਕਰਨ ਦਾ ਕੋਈ ਖ਼ਾਸ ਮੌਕਾ ਮਿਲਿਆ।
ਇਹ ਇਸ ਟੂਰਨਾਮੈਂਟ ਦਾ ਦੂਜਾ ਅਜਿਹਾ ਮੈਚ ਸੀ ਜੋ ਸ਼ੂਟਆਊਟ ਤੱਕ ਪਹੁੰਚ ਕੇ ਖ਼ਤਮ ਹੋਇਆ। ਇਸ ਤੋਂ ਪਹਿਲਾਂ ਪੈਰਾਗੁਏ ਨੇ ਜਰਮਨੀ ਨੂੰ ਪੈਨਲਟੀ 'ਤੇ ਹਰਾਇਆ ਸੀ।
ਇਹ ਦੋਵੇਂ ਟੀਮਾਂ ਰਾਊਂਡ ਆਫ਼ 32 ਦੇ ਕਿਸੇ ਵੀ ਮੈਚ ਵਿੱਚ ਸਭ ਤੋਂ ਉੱਚੀ ਰੈਂਕਿੰਗ ਦੇ ਨਾਲ ਮੈਦਾਨ 'ਤੇ ਉੱਤਰੀਆਂ ਸਨ। ਫੀਫਾ ਰੈਂਕਿੰਗ ਮੁਤਾਬਕ ਮੋਰੱਕੋ ਦੁਨੀਆ ਵਿੱਚ ਛੇਵੇਂ ਅਤੇ ਨੀਦਰਲੈਂਡ ਸੱਤਵੇਂ ਸਥਾਨ 'ਤੇ ਸੀ।
ਹੁਣ ਟੂਰਨਾਮੈਂਟ ਦੇ ਰਾਊਂਡ ਆਫ਼ 16 ਵਿੱਚ ਮੋਰੱਕੋ ਦਾ ਮੁਕਾਬਲਾ 4 ਜੁਲਾਈ ਨੂੰ ਕੈਨੇਡਾ ਨਾਲ ਹੋਵੇਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਰਾਤ 10:30 ਵਜੇ ਖੇਡਿਆ ਜਾਵੇਗਾ।