ਫਾਜ਼ਿਲਕਾ ਵਿੱਚ "ਨਸ਼ਿਆਂ ਵਿਰੁੱਧ ਜੰਗ" ਮੁਹਿੰਮ ਤਹਿਤ ਨਸ਼ਾ ਛੱਡਣ ਵਾਲਿਆਂ ਨੂੰ ਯੋਗਾ ਨਾਲ ਜੋੜਨ ਦੀ ਪਹਿਲ
ਫਾਜ਼ਿਲਕਾ ਵਿੱਚ "ਨਸ਼ਿਆਂ ਵਿਰੁੱਧ ਜੰਗ" ਮੁਹਿੰਮ ਤਹਿਤ ਨਸ਼ਾ ਛੱਡਣ ਵਾਲਿਆਂ ਨੂੰ ਯੋਗਾ ਨਾਲ ਜੋੜਨ ਦੀ ਪਹਿਲ
ਫਾਜ਼ਿਲਕਾ, 13 ਮਈ:
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ "ਨਸ਼ਿਆਂ ਵਿਰੁੱਧ ਜੰਗ" ਮੁਹਿੰਮ ਤਹਿਤ ਨਸ਼ਾ ਛੱਡਣ ਦੇ ਚਾਹਵਾਨਾਂ ਲਈ ਉਮੀਦ ਦੀ ਇੱਕ ਨਵੀਂ ਕਿਰਨ ਉੱਭਰੀ ਹੈ। ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਦੇ ਨਾਲ-ਨਾਲ, ਯੋਗਾ ਨੂੰ ਹੁਣ ਨਸ਼ੇ ਦੀ ਦਲਦਲ ਵਿੱਚ ਫਸੇ ਨੌਜਵਾਨਾਂ ਨੂੰ ਇਸ ਵਿੱਚੋਂ ਬਾਹਰ ਕੱਢਣ ਲਈ ਇੱਕ ਮਹੱਤਵਪੂਰਨ ਸਾਧਨ ਵਜੋਂ ਅਪਣਾਇਆ ਗਿਆ ਹੈ।
ਇਸ ਪਹਿਲਕਦਮੀ ਦੇ ਤਹਿਤ, "ਸੀ.ਐਮ. ਦਿ ਯੋਗਸ਼ਾਲਾ" ਪ੍ਰੋਗਰਾਮ ਦੇ ਤਹਿਤ ਫਾਜ਼ਿਲਕਾ ਜ਼ਿਲ੍ਹੇ ਦੇ ਵੱਖ-ਵੱਖ ਨਸ਼ਾ ਛੁਡਾਊ ਕੇਂਦਰਾਂ ਵਿੱਚ ਯੋਗਾ ਕਲਾਸਾਂ ਸ਼ੁਰੂ ਕੀਤੀਆਂ ਗਈਆਂ ਹਨ। ਇਨ੍ਹਾਂ ਯੋਗਾ ਕਲਾਸਾਂ ਦਾ ਉਦੇਸ਼ ਨਸ਼ੇ ਦੀ ਦਲਦਲ ਵਿਚ ਵਸ ਚੁਕੇ ਨਾਗਰਿਕਾਂ ਨੂੰ ਮਾਨਸਿਕ ਅਤੇ ਸਰੀਰਕ ਤੌਰ 'ਤੇ ਸਸ਼ਕਤ ਬਣਾਉਣਾ ਹੈ ਤਾਂ ਜੋ ਉਹ ਦੁਬਾਰਾ ਇੱਕ ਆਮ ਅਤੇ ਖੁਸ਼ਹਾਲ ਜ਼ਿੰਦਗੀ ਜੀ ਸਕਣ।
ਐਸ.ਡੀ.ਐਮ. ਅਤੇ ਸੀ.ਐਮ. ਯੋਗਸ਼ਾਲਾ ਮੁਹਿੰਮ ਦੇ ਨੋਡਲ ਅਫ਼ਸਰ, ਸ਼੍ਰੀ ਕ੍ਰਿਸ਼ਨ ਪਾਲ ਰਾਜਪੂਤ ਨੇ ਦੱਸਿਆ ਕਿ ਫਾਜ਼ਿਲਕਾ ਦੇ ਸਿਵਲ ਹਸਪਤਾਲ ਵਿਖੇ ਸਥਿਤ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰ ਵਿਖੇ ਸਵੇਰੇ ਅਤੇ ਸ਼ਾਮ ਨੂੰ ਨਿਯਮਿਤ ਤੌਰ 'ਤੇ ਯੋਗਾ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਇਨ੍ਹਾਂ ਸੈਸ਼ਨਾਂ ਵਿੱਚ ਭਾਗ ਲੈਣ ਵਾਲੇ ਲੋਕਾਂ ਨੂੰ ਯੋਗਾ, ਧਿਆਨ, ਸੂਖਮ ਕਸਰਤਾਂ, ਹਾਸੇ-ਮਜ਼ਾਕ, ਤਾੜੀ ਵਜਾਉਣ, ਯੋਗਾਸਨ ਅਤੇ ਪ੍ਰਾਣਾਯਾਮ ਦਾ ਅਭਿਆਸ ਕਰਵਾਇਆ ਜਾ ਰਿਹਾ ਹੈ।
ਜ਼ਿਲ੍ਹਾ ਕੋਆਰਡੀਨੇਟਰ ਰਾਧੇ ਸ਼ਿਆਮ ਨੇ ਕਿਹਾ ਕਿ ਇਹ ਪ੍ਰੋਗਰਾਮ ਸਿਖਲਾਈ ਪ੍ਰਾਪਤ ਯੋਗਾ ਅਧਿਆਪਕਾਂ ਦੀ ਨਿਗਰਾਨੀ ਹੇਠ ਰੋਜ਼ਾਨਾ ਚਲਾਇਆ ਜਾ ਰਿਹਾ ਹੈ, ਜੋ ਮਰੀਜ਼ਾਂ ਨੂੰ ਨਸ਼ਾ ਛੱਡਣ ਤੋਂ ਬਾਅਦ ਜੀਵਨ ਵਿੱਚ ਸੰਤੁਲਨ ਅਤੇ ਸਕਾਰਾਤਮਕਤਾ ਪ੍ਰਾਪਤ ਕਰਨ ਵਿੱਚ ਮਦਦ ਕਰ ਰਿਹਾ ਹੈ।
ਅਜਿਹੀਆਂ ਪਹਿਲਕਦਮੀਆਂ ਨੂੰ ਸਮਾਜ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਅਤੇ ਸਸ਼ਕਤ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ ਜੋ ਸੂਬੇ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਅਤੇ ਸਿਹਤਮੰਦ ਜੀਵਨ ਵੱਲ ਲਿਜਾਣ ਵਿੱਚ ਮਦਦਗਾਰ ਸਾਬਤ ਹੋਵੇਗਾ।