ਸੜਕ ਸੁਰੱਖਿਆ ਲਈ ਵਿਦਿਆਰਥੀਆਂ ਦਾ ਟ੍ਰੈਫਿਕ ਨਿਯਮਾਂ ਤੋਂ ਜਾਣੂੰ ਹੋਣਾ ਬੇਹੱਦ ਜ਼ਰੂਰੀ: ਐੱਸ ਡੀ ਐਮ ਅਟਵਾਲ
ਸੜਕ ਸੁਰੱਖਿਆ ਲਈ ਵਿਦਿਆਰਥੀਆਂ ਦਾ ਟ੍ਰੈਫਿਕ ਨਿਯਮਾਂ ਤੋਂ ਜਾਣੂੰ ਹੋਣਾ ਬੇਹੱਦ ਜ਼ਰੂਰੀ: ਐੱਸ ਡੀ ਐਮ ਅਟਵਾਲ
ਐੱਸ ਡੀ ਐਮ ਨੇ ਸਰਕਾਰੀ ਸਕੂਲ ਧਨੌਲਾ ਵਿਚ ਵਿਦਿਆਰਥਣਾਂ ਨੂੰ ਪ੍ਰੇਰਿਆ
ਸਿਵਲ ਸੇਵਾਵਾਂ ਅਤੇ ਹੋਰ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਸਫ਼ਲ ਹੋਣ ਦੇ ਵੀ ਦੱਸੇ ਗੁਰ
ਧਨੌਲਾ, 20 ਜੁਲਾਈ
ਜ਼ਿਲ੍ਹਾ ਬਰਨਾਲਾ ਵਿੱਚ ਡਿਪਟੀ ਕਮਿਸ਼ਨਰ ਬਰਨਾਲਾ ਦੀ ਅਗਵਾਈ ਹੇਠ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਜਿੱਥੇ ਸਕੂਲੀ ਬੱਸਾਂ ਦੀ ਚੈਕਿੰਗ ਮੁਹਿੰਮ ਜਾਰੀ ਹੈ, ਓਥੇ ਵਿਦਿਆਰਥੀਆਂ, ਬੱਸ ਚਾਲਕਾਂ ਤੇ ਆਮ ਲੋਕਾਂ ਨੂੰ ਸੜਕ ਸੁਰੱਖਿਆ ਬਾਰੇ ਜਾਗਰੂਕ ਕਰਨ ਲਈ ਜਾਗਰੂਕਤਾ ਪ੍ਰੋਗਰਾਮ ਵੀ ਕਰਾਏ ਜਾ ਰਹੇ ਹਨ।
ਇਸ ਲੜੀ ਤਹਿਤ ਉਪ ਮੰਡਲ ਮੈਜਿਸਟ੍ਰੇਟ ਬਰਨਾਲਾ ਸ. ਹਰਪ੍ਰੀਤ ਸਿੰਘ ਅਟਵਾਲ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਧਨੌਲਾ ਦਾ ਦੌਰਾ ਕੀਤਾ ਗਿਆ। ਇਸ ਮੌਕੇ ਕਰਵਾਏ ਜਾਗਰੂਕਤਾ ਪ੍ਰੋਗਰਾਮ ਦੌਰਾਨ ਐੱਸ ਡੀ ਐਮ ਨੇ ਵਿਦਿਆਰਥਣਾਂ ਨੂੰ ਜਿੱਥੇ ਸੇਫ਼ ਸਕੂਲ ਵਾਹਨ ਪਾਲਿਸੀ ਤਹਿਤ ਸੜਕ ਸੁਰੱਖਿਆ ਬਾਰੇ ਪ੍ਰੇਰਿਤ ਕੀਤਾ, ਓਥੇ ਓਨ੍ਹਾਂ ਨੂੰ ਸਿਵਲ ਸੇਵਾਵਾਂ ਅਤੇ ਹੋਰ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਸਫ਼ਲ ਹੋਣ ਦੇ ਗੁਰ ਵੀ ਦੱਸੇ।
ਇਸ ਮੌਕੇ ਉਨ੍ਹਾਂ ਕਿਹਾ ਕਿ ਜੇਕਰ ਵਿਦਿਆਰਥੀ ਸੇਫ ਸਕੂਲ ਵਾਹਨ ਪਾਲਿਸੀ ਅਤੇ ਟ੍ਰੈਫ਼ਿਕ ਨਿਯਮਾਂ ਬਾਰੇ ਜਾਗਰੂਕ ਹੋਣਗੇ ਤਾਂ ਉਹ ਆਪਣੇ ਮਾਪਿਆਂ ਅਤੇ ਆਸ - ਪਾਸ ਦੇ ਲੋਕਾਂ ਨੂੰ ਵੀ ਜਾਗਰੂਕ ਕਰ ਸਕਣਗੇ। ਓਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵਾਈ ਐੱਸ ਸਕੂਲ ਹੰਡਿਆਇਆ ਵਿਚ ਵੀ ਇਹ ਪ੍ਰੋਗਰਾਮ ਕਰਵਾਇਆ ਗਿਆ ਹੈ।
ਇਸ ਮੌਕੇ ਉਨ੍ਹਾਂ ਵਿਦਿਆਰਥਣਾਂ ਨੂੰ ਪ੍ਰੇਰਨਾਤਮਕ ਭਾਸ਼ਣ ਵੀ ਦਿੱਤਾ। ਓਨ੍ਹਾਂ ਕਿਹਾ ਕਿ ਜ਼ਿੰਦਗੀ ਵਿੱਚ ਸਫ਼ਲ ਹੋਣ ਲਈ ਟੀਚਾ ਹੋਣਾ ਅਤੇ ਇਸ ਟੀਚੇ ਲਈ ਮਿਹਨਤ ਕਰਨਾ ਬੇਹੱਦ ਜ਼ਰੂਰੀ ਹੈ। ਓਨ੍ਹਾਂ ਦੱਸਿਆ ਕਿ ਕਿਵੇਂ ਸਿਵਲ ਸੇਵਾਵਾਂ ਅਤੇ ਹੋਰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਨੀ ਹੈ ਤਾਂ ਜੋ ਸਫ਼ਲ ਹੋਇਆ ਜਾ ਸਕੇ।
ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਬਰਜਿੰਦਰਪਾਲ ਸਿੰਘ, ਸਕੂਲ ਪ੍ਰਿੰਸੀਪਲ ਅਤੇ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।