ਪਿਆਰੀ ਬੇਟੀਆਂ ਦੀ ਧਰਤੀ - ਰੱਬ ਦਾ ਆਪਣਾ ਦੇਸ਼ - ਕੇਰਲ ਸਹਿਣਸ਼ੀਲਤਾ, ਪ੍ਰਗਤੀ ਅਤੇ ਹਰਿਆਲੀ ਦਾ ਸਰੂਪ
Hindi
Land of Beloved Daughters

Land of Beloved Daughters

ਪਿਆਰੀ ਬੇਟੀਆਂ ਦੀ ਧਰਤੀ - ਰੱਬ ਦਾ ਆਪਣਾ ਦੇਸ਼ - ਕੇਰਲ ਸਹਿਣਸ਼ੀਲਤਾ, ਪ੍ਰਗਤੀ ਅਤੇ ਹਰਿਆਲੀ ਦਾ ਸਰੂਪ

"ਏਕ ਭਾਰਤ ਸ਼੍ਰੇਸ਼ਠ ਭਾਰਤ" ਲੜੀ ਦੇ ਤਹਿਤ ਵਿਸ਼ੇਸ਼ ਲੇਖ

*ਪਵਿੱਤਰ ਸਿੰਘ

Land of Beloved Daughters: ਕੇਰਲ ਵਿੱਚ ਇੱਕ ਮਹਾਨਗਰੀ ਅਤੇ ਮਿਸ਼ਰਿਤ ਸੱਭਿਆਚਾਰ ਹੈ। ਇਹ ਭਾਰਤੀ ਸੱਭਿਆਚਾਰ ਦਾ ਅਭਿੰਨ ਅੰਗ ਹੈ। ਕੇਰਲ ਦੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਭਾਰਤ ਅਤੇ ਵਿਦੇਸ਼ਾਂ ਦੇ ਹੋਰ ਹਿੱਸਿਆਂ ਦੇ ਪ੍ਰਭਾਵ ਅਧੀਨ ਹਜ਼ਾਰਾਂ ਵਰ੍ਹਿਆਂ ਵਿੱਚ ਵਿਕਸਿਤ ਹੋਏ ਆਰੀਆ ਅਤੇ ਦ੍ਰਾਵਿੜ ਸੱਭਿਆਚਾਰ ਦਾ ਸੁਮੇਲ ਹੈ। ਕੇਰਲ ਦਾ ਸੱਭਿਆਚਾਰ ਇੱਕ ਵਿਵਹਾਰਕ ਉਦਾਹਰਣ ਹੈ ਅਤੇ ਰਾਜ ਭਰ ਵਿੱਚ ਪ੍ਰਚਲਿਤ ਸਹਿਣਸ਼ੀਲਤਾ ਦਾ ਇੱਕ ਸਰੂਪ ਹੈ।  ਕੇਰਲ ਭਾਰਤ ਦੇ ਪ੍ਰਮੁੱਖ ਟੂਰਿਸਟ ਸਥਲਾਂ ਵਿੱਚੋਂ ਇੱਕ ਹੈ, ਜਿਸ ਵਿੱਚ ਨਾਰੀਅਲ ਦੇ ਰੁੱਖਾਂ ਦੇ ਕਿਨਾਰੇ ਵਾਲੇ ਰੇਤਲੇ ਸਮੁੰਦਰੀ ਤਟ, ਬੈਕਵਾਟਰ, ਹਿਲ ਸਟੇਸ਼ਨ, ਆਯੁਰਵੇਦਿਕ ਟੂਰਿਜ਼ਮ ਅਤੇ ਗਰਮ ਖੰਡੀ ਹਰਿਆਲੀ ਇਸ ਦੇ ਪ੍ਰਮੁੱਖ ਆਕਰਸ਼ਣ ਹਨ।  

ਵੱਖੋ-ਵੱਖਰੇ ਸਮੁਦਾਇ ਅਤੇ ਧਾਰਮਿਕ ਸਮੂਹ ਸਦੀਆਂ ਤੋਂ ਸੰਪੂਰਨ ਸਦਭਾਵਨਾ ਅਤੇ ਆਪਸੀ ਸਮਝ ਵਿੱਚ ਰਹਿੰਦੇ ਹਨ, ਇੱਕ ਦੂਸਰੇ ਦੀਆਂ ਚੰਗੀਆਂ ਚੀਜ਼ਾਂ ਨੂੰ ਆਪਣੀ ਨਿਰੰਤਰ ਸਮਾਜੀਕਰਨ ਪ੍ਰਕਿਰਿਆ ਦੇ ਹਿੱਸੇ ਵਜੋਂ ਅਤੇ ਸਦਾ-ਵਿਕਸਿਤ ਹੋ ਰਹੇ ਸਮ੍ਰਿੱਧ ਸੱਭਿਆਚਾਰ ਦੇ ਹਿੱਸੇ ਵਜੋਂ ਇੱਕ ਉੱਤਮ ਦ੍ਰਿਸ਼ਟੀਕੋਣ ਵਿੱਚ ਗ੍ਰਹਿਣ ਕਰਦੇ ਹਨ। ਪਰੰਪਰਾ ਅਤੇ ਆਧੁਨਿਕਤਾ ਦੇ ਸੁਮੇਲ ਦਾ ਇਹ ਏਕੀਕ੍ਰਿਤ ਵਰਤਾਰਾ ਇੱਕ ਦੂਸਰੇ ਨੂੰ ਬਰਦਾਸ਼ਤ ਕਰਨ ਅਤੇ ਸਤਿਕਾਰ ਦੇਣ ਦੀ ਇੱਕ ਜਿਉਂਦੀ ਜਾਗਦੀ ਮਿਸਾਲ ਹੈ, ਜੋ ਕਿ ਸਭ ਤੋਂ ਉੱਚੇ ਪੱਧਰ ਦੀ ਵਿਵਿਧਤਾ ਵਿੱਚ ਏਕਤਾ ਦੇ ਤੱਥ ਨੂੰ ਸਾਬਤ ਕਰਦਾ ਹੈ।

ਅੱਧੀ ਤੋਂ ਵੱਧ ਆਬਾਦੀ ਦੁਆਰਾ ਹਿੰਦੂ ਧਰਮ ਦਾ ਪਾਲਣ ਕੀਤਾ ਜਾਂਦਾ ਹੈ ਅਤੇ ਬਾਕੀ ਦੀ ਆਬਾਦੀ ਇਸਲਾਮ ਅਤੇ ਈਸਾਈ ਧਰਮ ਦਾ ਪਾਲਣ ਕਰਦੀ ਹੈ। ਕੇਰਲ ਭਾਰਤ ਦੀਆਂ ਕੁਝ ਥਾਵਾਂ ਵਿੱਚੋਂ ਇੱਕ ਹੈ ਜਿੱਥੇ ਸਾਰੇ ਧਰਮਾਂ ਦੇ ਲੋਕ ਲਗਭਗ ਇੱਕੋ ਜਿਹੀਆਂ ਰਸੋਈ ਆਦਤਾਂ ਨੂੰ ਸਾਂਝਾ ਕਰਦੇ ਹਨ।  ਚਾਵਲ ਦਿਨ ਦੇ ਹਰ ਸਮੇਂ ਖਾਧਾ ਜਾਣ ਵਾਲਾ ਪ੍ਰਮੁੱਖ ਭੋਜਨ ਹੈ, ਇਸ ਨੂੰ ਕਈ ਤਰ੍ਹਾਂ ਦੇ ਸ਼ਾਕਾਹਾਰੀ ਅਤੇ ਮਾਸਾਹਾਰੀ ਪਕਵਾਨਾਂ ਨਾਲ ਪੂਰਕ ਕੀਤਾ ਜਾਂਦਾ ਹੈ। ਕੇਰਲ (ਕੇਰਲਮ) ਨਾਮ ਕੇਰਾ (ਨਾਰੀਅਲ ਪਾਮ ਦੇ ਰੁੱਖ) + ਆਲਮ (ਜ਼ਮੀਨ ਜਾਂ ਸਥਾਨ) ਤੋਂ ਲਿਆ ਗਿਆ ਹੈ।

ਕਈ ਹੋਰ ਰਾਜਾਂ ਦੇ ਉਲਟ ਕੇਰਲ ਵਿੱਚ ਸ਼ਹਿਰੀ-ਗ੍ਰਾਮੀਣ ਵਖਰੇਵਾਂ ਨਜ਼ਰ ਨਹੀਂ ਆਉਂਦਾ। ਕੇਰਲ ਦੇ ਲੋਕ ਨਾ ਸਿਰਫ਼ ਇੱਕ ਦੂਸਰੇ ਨਾਲ, ਬਲਕਿ ਕੁਦਰਤ ਨਾਲ ਵੀ ਤਾਲਮੇਲ ਰੱਖਦੇ ਹਨ ਜੋ ਕਿ ਵਾਤਾਵਰਣ ਦੇ ਸੰਤੁਲਨ ਨੂੰ ਬਣਾਈ ਰੱਖਣ, ਵਾਤਾਵਰਣ ਸੁਰੱਖਿਆ ਨੂੰ ਸੁਧਾਰਨ ਅਤੇ ਮਜ਼ਬੂਤ ਕਰਨ ਵਿੱਚ ਮਦਦ ਕਰ ਰਹੇ ਹਨ ਅਤੇ ਕੇਰਲ ਨੂੰ ਗ੍ਰੀਨ (ਹਰਿਆ ਭਰਿਆ) ਕਾਰਪੇਟ ਬਣਾਉਣ ਲਈ "ਪ੍ਰਦੂਸ਼ਣ ਕਰੋ ਅਤੇ ਨਸ਼ਟ ਹੋਵੋ, ਸੰਭਾਲੋ ਅਤੇ ਪ੍ਰਫੁੱਲਤ ਹੋਵੋ" ਦੇ ਨਾਅਰੇ ਨੂੰ ਲਾਗੂ ਕਰ ਰਹੇ ਹਨ। ਕੇਰਲ ਦੇ ਲੋਕਾਂ ਵਿੱਚ ਇੱਕ ਵੱਡੀ ਸਿਵਲ ਸਮਝ ਹੈ। ਉਹ ਆਪਣੇ ਨਿਜੀ ਅਤੇ ਸਮਾਜਿਕ ਜੀਵਨ ਵਿੱਚ ਬਹੁਤ ਜ਼ਿਆਦਾ ਸਵੱਛ ਹਨ। ਉਹ ਨਾ ਸਿਰਫ਼ ਵਧੇਰੇ ਪੜ੍ਹੇ-ਲਿਖੇ, ਅਤੇ ਸੱਭਿਅਕ ਹਨ ਬਲਕਿ ਰਾਜਨੀਤਿਕ, ਸਮਾਜਿਕ, ਸੱਭਿਆਚਾਰਕ ਅਤੇ ਆਰਥਿਕ ਤੌਰ 'ਤੇ ਉੱਚ ਪੱਧਰ ਤੱਕ ਬਹੁਤ ਸੁਚੇਤ ਅਤੇ ਚੌਕਸ ਹਨ, ਦੇਸ਼ ਦੇ ਨਾਗਰਿਕ ਵਜੋਂ ਆਪਣੇ ਅਧਿਕਾਰਾਂ ਅਤੇ ਕਰਤਵਾਂ ਪ੍ਰਤੀ ਪੂਰੀ ਤਰ੍ਹਾਂ ਜਾਗਰੂਕ ਹਨ। ਆਮ ਤੌਰ 'ਤੇ ਲੋਕ ਪੜ੍ਹਨ ਦੇ ਸ਼ੌਕੀਨ ਹਨ ਅਤੇ ਮੀਡੀਆ ਖਾਸ ਤੌਰ 'ਤੇ ਅਖ਼ਬਾਰਾਂ ਦੇ ਬਹੁਤ ਜ਼ਿਆਦਾ ਐਕਸਪੋਜ਼ਰ ਵਿੱਚ ਰਹਿੰਦੇ ਹਨ। ਜਿੱਥੋਂ ਤੱਕ ਸ਼ਕਤੀਆਂ ਦੇ ਤਬਾਦਲੇ, ਵਧੀਆ ਬੁਨਿਆਦੀ ਢਾਂਚੇ ਅਤੇ ਜ਼ਮੀਨੀ ਪੱਧਰ 'ਤੇ ਇਸ ਦੇ ਕੰਮਕਾਜ ਦਾ ਸਬੰਧ ਹੈ, ਕੇਰਲ ਵਿੱਚ ਲੋਕਤੰਤਰ ਸਭ ਤੋਂ ਉੱਤਮ ਪੱਧਰ ‘ਤੇ ਹੈ। ਬਜਟ ਦਾ 40% ਰਾਜ ਸਰਕਾਰ ਦੁਆਰਾ ਪ੍ਰਤੱਖ ਤੌਰ 'ਤੇ ਗ੍ਰਾਮ ਪੰਚਾਇਤਾਂ ਨੂੰ ਉਨ੍ਹਾਂ ਦੇ ਫ਼ੈਸਲੇ ਅਤੇ ਪਸੰਦ ਅਨੁਸਾਰ ਵਿਕਾਸ ਕਾਰਜਾਂ ਲਈ ਮੁਹੱਈਆ ਕਰਵਾਇਆ ਜਾਂਦਾ ਹੈ। ਗ੍ਰਾਮ ਪੰਚਾਇਤਾਂ ਦੁਆਰਾ ਸਥਾਨਕ ਤੌਰ 'ਤੇ ਨਿਰਧਾਰਿਤ ਕੀਤੇ ਜਾਂਦੇ ਵਿਕਾਸ ਕਾਰਜਾਂ ਲਈ ਇਸ ਪ੍ਰਤੱਖ ਫੰਡਿੰਗ ਵਿੱਚ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦੀ ਕੋਈ ਭੂਮਿਕਾ ਨਹੀਂ ਹੈ। ਭਾਰਤ ਦੇ ਹੋਰ ਰਾਜ ਕੇਰਲ ਦੇ ਵਿਕੇਂਦਰੀਕਰਣ ਦਾ ਬਹੁਤ ਸਤਿਕਾਰ ਕਰਦੇ ਹਨ। ਸਥਾਨਕ ਸਵੈ-ਸਰਕਾਰੀ ਸੰਸਥਾਵਾਂ (ਐੱਲਐੱਸਜੀਆਈ) ਦੀ ਖੇਤਰ ਦੇ ਸਮੁੱਚੇ ਵਿਕਾਸ ਵਿੱਚ, ਨਾ ਸਿਰਫ਼ ਪਾਰਦਰਸ਼ੀ ਢੰਗ ਨਾਲ ਪ੍ਰਤੱਖ ਜਨ ਭਾਗੀਦਾਰੀ ਨੂੰ ਯਕੀਨੀ ਬਣਾਉਣ, ਬਲਕਿ ਲੋਕ ਪ੍ਰਤੀਨਿਧਾਂ ਨੂੰ ਉਨ੍ਹਾਂ ਦੇ ਜਨਤਕ ਲੈਣ-ਦੇਣ ਵਿੱਚ ਚੌਕਸੀ ਅਤੇ ਸਾਵਧਾਨੀ ਵਰਤਦੇ ਹੋਏ ਵਧੇਰੇ ਜ਼ਿੰਮੇਵਾਰ, ਜਵਾਬਦੇਹ ਅਤੇ ਮੂਲ ਰੂਪ ਵਿੱਚ ਉਦੇਸ਼ਪੂਰਨ ਬਣਾਉਣ ਦੀ ਵੀ ਇੱਕ ਵੱਡੀ ਅਤੇ ਮਹੱਤਵਪੂਰਨ ਭੂਮਿਕਾ ਹੈ। ਇਸ ਸਬੰਧ ਵਿੱਚ ਨੋਡਲ ਸੰਸਥਾ - ਕੇਰਲ ਇੰਸਟੀਟਿਊਟ ਆਵ੍ ਲੋਕਲ ਐਡਮਿਨਿਸਟ੍ਰੇਸ਼ਨ (ਕਿਲਾ-KILA), ਤ੍ਰਿਸ਼ੂਰ ਦੀ ਅਗਵਾਈ ਵਿੱਚ ਵੱਡੇ ਪੱਧਰ ‘ਤੇ ਸਮਰੱਥਾ ਨਿਰਮਾਣ ਗਤੀਵਿਧੀਆਂ ਸ਼ੁਰੂ ਕੀਤੀਆਂ ਗਈਆਂ ਸਨ। ਕੇਰਲ ਵਿੱਚ ਪੰਚਾਇਤਾਂ ਦਾ ਤਿੰਨ-ਪੱਧਰੀ ਢਾਂਚਾ ਹੈ। ਕੇਰਲ ਵਿੱਚ 14 ਜ਼ਿਲ੍ਹਿਆਂ ਵਿੱਚ ਫੈਲੀਆਂ 1200 ਸਥਾਨਕ ਸਵੈ-ਸਰਕਾਰੀ ਸੰਸਥਾਵਾਂ (ਐੱਲਐੱਸਜੀਆਈ) ਹਨ, ਜਿਨ੍ਹਾਂ ਵਿੱਚ ਗ੍ਰਾਮੀਣ ਖੇਤਰਾਂ ਲਈ 14 ਜ਼ਿਲ੍ਹਾ ਪੰਚਾਇਤਾਂ, 152 ਬਲਾਕ ਪੰਚਾਇਤਾਂ ਅਤੇ 941 ਗ੍ਰਾਮ ਪੰਚਾਇਤਾਂ ਅਤੇ ਸ਼ਹਿਰੀ ਖੇਤਰਾਂ ਲਈ 87 ਨਗਰ ਕੌਂਸਲਾਂ ਅਤੇ 6 ਨਗਰ ਨਿਗਮ ਹਨ।

ਕੇਰਲ ਵਿੱਚ ਕਾਲੀ ਮਿਰਚ ਅਤੇ ਕੁਦਰਤੀ ਰਬੜ ਦਾ ਉਤਪਾਦਨ ਕੁੱਲ ਰਾਸ਼ਟਰੀ ਉਤਪਾਦਨ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦਾ ਹੈ। ਖੇਤੀ ਸੈਕਟਰ ਵਿੱਚ ਨਾਰੀਅਲ, ਚਾਹ, ਕੌਫੀ, ਕਾਜੂ ਅਤੇ ਮਸਾਲੇ ਮਹੱਤਵਪੂਰਨ ਹਨ। ਕੇਰਲ ਵਿੱਚ ਉਗਾਏ ਜਾਣ ਵਾਲੇ ਮਸਾਲਿਆਂ ਵਿੱਚ ਕਾਲੀ ਮਿਰਚ, ਲੌਂਗ, ਇਲਾਇਚੀ (ਛੋਟੀ), ਜਾਇਫਲ, ਜਾਵਿਤ੍ਰੀ, ਦਾਲਚੀਨੀ, ਕੈਸੀਆ ਅਤੇ ਵਨੀਲਾ ਸ਼ਾਮਲ ਹਨ। ਕੇਰਲ ਦੀ ਸਮੁੰਦਰੀ ਤਟ ਰੇਖਾ 595 ਕਿਲੋਮੀਟਰ ਤੱਕ ਫੈਲੀ ਹੋਈ ਹੈ। ਇਹ ਨਮੀ ਵਾਲੀ ਭੂਮੱਧੀ ਖੰਡੀ ਜਲਵਾਯੂ ਦਾ ਅਨੁਭਵ ਕਰਦਾ ਹੈ ਅਤੇ ਇਸਨੂੰ ਅਜੇ ਵੀ 'ਗਾਰਡਨ ਆਵ੍ ਸਪਾਈਸਜ਼' ਜਾਂ 'ਸਪਾਈਸ ਗਾਰਡਨ ਆਵ੍ ਇੰਡੀਆ' ਕਿਹਾ ਜਾਂਦਾ ਹੈ। ਕੋਚੀ ਸਥਿਤ ਨਾਰੀਅਲ ਵਿਕਾਸ ਬੋਰਡ ਭਾਰਤ ਨੂੰ ਨਾਰੀਅਲ ਦੇ ਉਤਪਾਦਨ ਵਿੱਚ ਇੱਕ ਗਲੋਬਲ ਲੀਡਰ ਬਣਾਉਣ ਵਿੱਚ ਅਤੇ ਮਸਾਲੇ ਦੇ ਵਪਾਰ ਵਿੱਚ ਭਾਰਤੀ ਮਸਾਲਾ ਬੋਰਡ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ।

ਸੰਨ 1986 ਵਿੱਚ, ਕੇਰਲ ਸਰਕਾਰ ਨੇ ਟੂਰਿਜ਼ਮ ਨੂੰ ਇੱਕ ਮਹੱਤਵਪੂਰਨ ਉਦਯੋਗ ਘੋਸ਼ਿਤ ਕੀਤਾ ਅਤੇ ਅਜਿਹਾ ਕਰਨ ਵਾਲਾ ਇਹ ਭਾਰਤ ਦਾ ਪਹਿਲਾ ਰਾਜ ਸੀ। ਕੇਰਲ ਵਿਭਿੰਨ ਈ-ਗਵਰਨੈਂਸ ਪਹਿਲਾਂ ਨੂੰ ਲਾਗੂ ਕਰਨ ਵਾਲਾ ਪਹਿਲਾ ਰਾਜ ਬਣਿਆ।  ਸੰਨ 1991 ਵਿੱਚ, ਕੇਰਲ ਭਾਰਤ ਦਾ ਪਹਿਲਾ ਰਾਜ ਬਣ ਗਿਆ ਜਿਸ ਨੂੰ ਪੂਰੀ ਤਰ੍ਹਾਂ ਸਾਖਰ ਰਾਜ ਵਜੋਂ ਮਾਨਤਾ ਦਿੱਤੀ ਗਈ, ਹਾਲਾਂਕਿ ਉਸ ਸਮੇਂ ਪ੍ਰਭਾਵੀ ਸਾਖਰਤਾ ਦਰ ਸਿਰਫ਼ 90% ਸੀ।  2011 ਦੀ ਮਰਦਮਸ਼ੁਮਾਰੀ ਦੇ ਅਨੁਸਾਰ, ਕੇਰਲ ਵਿੱਚ 74.04% ਦੀ ਰਾਸ਼ਟਰੀ ਸਾਖਰਤਾ ਦਰ ਦੇ ਮੁਕਾਬਲੇ 94.00% ਸਾਖਰਤਾ ਹੈ।

ਕੇਰਲ ਨੇ ਸਾਰੇ 14 ਜ਼ਿਲ੍ਹਿਆਂ ਵਿੱਚ 100% ਮੋਬਾਈਲ ਘਣਤਾ, 75% ਈ-ਸਾਖਰਤਾ, ਅਧਿਕਤਮ ਡਿਜੀਟਲ ਬੈਂਕਿੰਗ, ਬਰੌਡਬੈਂਡ ਕਨੈਕਸ਼ਨ, ਆਧਾਰ ਕਾਰਡ ਅਤੇ ਬੈਂਕ ਖਾਤੇ ਨੂੰ ਲਿੰਕ ਕਰਨ ਵਾਲੇ ਸਾਰੇ ਈ-ਡਿਸਟ੍ਰਿਕ ਪ੍ਰੋਜੈਕਟ ਦੇ ਨਾਲ ਡਿਜੀਟਲ-ਕੇਰਲ ਲਈ ਇੱਕ ਮਜ਼ਬੂਤ ਨੀਂਹ ਰੱਖਦੇ ਹੋਏ ਸੂਚਨਾ ਟੈਕਨੋਲੋਜੀ ਖੇਤਰ ਵਿੱਚ ਸ਼ਾਨਦਾਰ ਪ੍ਰਗਤੀ ਕੀਤੀ ਹੈ। ਇਨ੍ਹਾਂ ਸੂਚਕਾਂ ਦੇ ਅਧਾਰ 'ਤੇ, ਕੇਰਲ ਨੂੰ ਪੂਰੀ ਤਰ੍ਹਾਂ ਡਿਜੀਟਲ ਰਾਜ ਐਲਾਨਿਆ ਗਿਆ ਹੈ। ਕੇਰਲ ਨੂੰ ਭਾਰਤ ਦੇ ਸਭ ਤੋਂ ਵੱਡੇ ਸੌਫਟਵੇਅਰ ਇਨਫਰਾਸਟ੍ਰਕਚਰ ਪਾਰਕਾਂ ਦੀ ਧਰਤੀ ਵਜੋਂ ਜਾਣਿਆ ਜਾਂਦਾ ਹੈ।

ਸਾਰੀਆਂ ਪੰਚਾਇਤਾਂ ਵਿੱਚ ਆਯੁਰਵੇਦਿਕ ਇਲਾਜ ਕੇਂਦਰਾਂ ਦੀ ਸ਼ੁਰੂਆਤ ਨਾਲ ਕੇਰਲ ਇੱਕ ਪੂਰਨ ਆਯੁਰਵੇਦ ਰਾਜ ਬਣਨ ਲਈ ਤਿਆਰ ਹੈ। ਇੱਥੇ ਸੱਤਰ ਨਵੇਂ ਸਥਾਈ ਕੇਂਦਰ ਸ਼ੁਰੂ ਕੀਤੇ ਗਏ ਅਤੇ 68 ਆਯੁਰਵੇਦ ਹਸਪਤਾਲਾਂ ਦਾ ਨਵੀਨੀਕਰਣ ਕੀਤਾ ਗਿਆ ਅਤੇ 110 ਹੋਮਿਓਪੈਥਿਕ ਡਿਸਪੈਂਸਰੀਆਂ ਸ਼ੁਰੂ ਕੀਤੀਆਂ ਗਈਆਂ। ਕੇਰਲ ਵਿੱਚ ਖਾਣ-ਪੀਣ ਦੀਆਂ ਵਸਤੂਆਂ ਦੀ ਗੁਣਵੱਤਾ ਦਾ ਮਿਆਰ ਉੱਚਾ ਹੈ ਅਤੇ “ਸੇਵ ਫੂਡ ਫੌਰ ਗੁੱਡ ਹੈਲਥ” ਪ੍ਰੋਜੈਕਟ ਦੇਸ਼ ਲਈ ਇੱਕ ਮਾਡਲ ਹੈ।  ਕੇਰਲ ਵਿੱਚ "ਸੇਵ ਫੂਡ, ਸ਼ੇਅਰ ਫੂਡ" ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ।

ਜਾਣਕਾਰੀ ਇੱਕ ਸ਼ਕਤੀ ਹੈ। ਕੇਰਲ ਵਿੱਚ, ਲੋਕਾਂ ਨੂੰ ਲਗਭਗ ਹਰ ਚੀਜ਼ ਬਾਰੇ ਚੰਗੀ ਤਰ੍ਹਾਂ ਸੂਚਿਤ ਅਤੇ ਅੱਪਡੇਟ ਕੀਤਾ ਜਾਂਦਾ ਹੈ। ਕੇਰਲ ਸੱਚਮੁੱਚ ਰਾਹ ਦਿਖਾਉਂਦਾ ਹੈ, ਇਹ ਵਿਕਾਸ ਦਾ ਇੱਕ ਲਾਈਟ ਹਾਊਸ ਹੈ ਜਿਸ ਵਿੱਚ ਵਿਕਾਸ ਦੇ ਮਜ਼ਬੂਤ ਰਸਤੇ ਹਨ ਅਤੇ ਇੱਕ ਸਮਾਜਿਕ ਅਤੇ ਆਰਥਿਕ ਤੌਰ 'ਤੇ ਸਸ਼ਕਤ ਸਮਾਜ ਹੈ।

ਕੇਰਲ, ਜਿਸ ਨੂੰ "ਰੱਬ ਦਾ ਆਪਣਾ ਦੇਸ਼" ਕਿਹਾ ਜਾਂਦਾ ਹੈ, ਨੂੰ ਪਿਆਰੀ ਬੇਟੀਆਂ ਦੀ ਧਰਤੀ ਕਿਹਾ ਜਾ ਸਕਦਾ ਹੈ। ਬੇਟੀਆਂ ਦੀ ਸੰਖਿਆ ਪੁੱਤਰਾਂ ਨਾਲੋਂ ਵੱਧ ਹੈ ਅਤੇ 2011 ਦੀ ਮਰਦਮਸ਼ੁਮਾਰੀ ਅਨੁਸਾਰ ਪ੍ਰਤੀ 1000 ਪੁਰਸ਼ਾਂ ‘ਤੇ 1084 ਮਹਿਲਾਵਾਂ ਦੇ ਅਨੁਪਾਤ ਵਿੱਚ ਮਹਿਲਾਵਾਂ ਦੇ ਪੱਖ ਵਿੱਚ ਅਨੁਪਾਤ ਰੱਖਣ ਵਾਲਾ ਭਾਰਤ ਵਿੱਚ ਇਸਦਾ ਲਿੰਗ ਅਨੁਪਾਤ ਸਭ ਤੋਂ ਅਧਿਕ ਹੈ। ਕੇਰਲ ਵਿੱਚ ਬੱਚੀ ਦਾ ਜਨਮ ਸ਼ੁਭ ਅਤੇ ਪ੍ਰਮਾਤਮਾ ਦਾ ਤੋਹਫ਼ਾ ਮੰਨਿਆ ਜਾਂਦਾ ਹੈ। ਦਰਅਸਲ, ਕੇਰਲ ਸੁਪਨਿਆਂ ਨੂੰ ਸਾਕਾਰ ਕਰਨ ਦੀ ਅਸਲ ਉਦਾਹਰਣ ਹੈ ਅਤੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੁਆਰਾ 22 ਜਨਵਰੀ, 2015 ਨੂੰ ਹਰਿਆਣਾ ਦੇ ਪਾਣੀਪਤ ਦੇ ਇਤਿਹਾਸਿਕ ਸਥਾਨ 'ਤੇ ਸ਼ੁਰੂ ਕੀਤੀ ਗਈ 'ਬੇਟੀ ਬਚਾਓ, ਬੇਟੀ ਪੜ੍ਹਾਓ' (ਬੀਬੀਬੀਪੀ) ਮੁਹਿੰਮ ਦਾ ਰੂਪ ਹੈ।

ਭਾਰਤ ਦੇ ਇੱਕ ਪ੍ਰਮੁੱਖ ਰਾਜ ਦੇ ਰੂਪ ਵਿੱਚ, ਕੇਰਲ ਨੇ ਖਾਸ ਤੌਰ 'ਤੇ ਧਰਮ ਨਿਰਪੱਖਤਾ, ਲਿੰਗ ਸਮਾਨਤਾ, ਮਹਿਲਾਵਾਂ ਅਤੇ ਬੱਚਿਆਂ ਦੇ ਸਸ਼ਕਤੀਕਰਨ ਦੇ ਸਿਧਾਂਤਾਂ 'ਤੇ ਅਧਾਰਿਤ ਲੋਕਤਾਂਤਰਿਕ ਸਥਾਪਨਾ ਦੀ ਆਪਣੀ ਬੁਨਿਆਦ ਨੂੰ ਸੁਰੱਖਿਅਤ ਕਰਨ ਅਤੇ ਮਜ਼ਬੂਤ ਕਰਨ ਵਿੱਚ ਬੇਮਿਸਾਲ ਪ੍ਰਗਤੀ ਕੀਤੀ ਹੈ। ਰਾਜ ਦੀ ਸਭ ਤੋਂ ਵੱਧ ਸਾਖਰਤਾ ਦਰ 94.00% ਹੈ ਅਤੇ ਸਭ ਤੋਂ ਵੱਧ ਉਮਰ ਦੀ ਸੰਭਾਵਨਾ (life expectancy) 74 ਵਰ੍ਹੇ ਹੈ। ਰਾਜ ਵਿੱਚ ਭਾਰਤ ਵਿੱਚ ਸਭ ਤੋਂ ਵੱਧ ਮੀਡੀਆ ਐਕਸਪੋਜਰ ਵੀ ਹੈ, ਜਿਸ ਵਿੱਚ 9 ਵੱਖੋ-ਵੱਖ ਭਾਸ਼ਾਵਾਂ, ਮੁੱਖ ਤੌਰ 'ਤੇ ਅੰਗ੍ਰੇਜ਼ੀ ਅਤੇ ਮਲਿਆਲਮ ਵਿੱਚ ਅਖ਼ਬਾਰ ਪ੍ਰਕਾਸ਼ਿਤ ਹੁੰਦੇ ਹਨ।

ਕੇਰਲ ਵਿੱਚ ਪਹਿਲਾਂ ਮਾਤ-ਵੰਸ਼ੀ ਪ੍ਰਣਾਲੀ ਚਲਦੀ ਹੁੰਦੀ ਸੀ ਜਿਸ ਕਰਕੇ ਵੀ ਮਹਿਲਾਵਾਂ ਇੱਕ ਉੱਚ ਸਮਾਜਿਕ ਰੁਤਬਾ ਰੱਖਦੀਆਂ ਹਨ। ਦੇਸ਼ ਦੇ ਹੋਰ ਹਿੱਸਿਆਂ ਵਿੱਚ ਪ੍ਰਚਲਿਤ ਇੱਕ ਪੁਰਸ਼ ਬੱਚੇ ਲਈ ਆਮ ਤਰਜੀਹ, ਜਿਸ ਨਾਲ ਦੇਸ਼ ਭਰ ਵਿੱਚ ਲਿੰਗ ਅਨੁਪਾਤ ਵਿੱਚ ਕਮੀ ਆਉਂਦੀ ਹੈ, ਦੇ ਮੁਕਾਬਲੇ ਕੇਰਲ ਵਿੱਚ ਇੱਕ ਲੜਕੀ ਦੇ ਜਨਮ ਨੂੰ ਬੋਝ ਨਹੀਂ ਮੰਨਿਆ ਜਾਂਦਾ ਹੈ। ਰਾਜ ਦੇ ਲਗਭਗ ਸਾਰੇ ਭਾਈਚਾਰਿਆਂ ਵਿੱਚ ਜਨਮ ਅਤੇ ਜੀਵਿਤ ਰਹਿਣ (ਸਰਵਾਈਵਲ) ਦੀ ਦਰ ਦੇ ਨਾਲ-ਨਾਲ ਲੜਕੀਆਂ ਦੀ ਸਿੱਖਿਆ, ਜਾਤ, ਨਸਲ, ਧਰਮ ਜਾਂ ਖੇਤਰ ਦੀ ਪਰਵਾਹ ਕੀਤੇ ਬਿਨਾਂ ਕੇਰਲ ਵਿੱਚ ਸਭ ਤੋਂ ਉੱਚੇ ਪੱਧਰ 'ਤੇ ਹੈ।

"ਬੇਟੀ ਬਚਾਓ, ਬੇਟੀ ਪੜ੍ਹਾਓ" ਮੁਹਿੰਮ ਦੇ ਸਬੰਧ ਵਿੱਚ, ਕੇਰਲ ਹੁਣ ਤੱਕ ਨੰਬਰ ਇੱਕ ਰਾਜ ਹੈ। ਕੇਰਲ ਨੇ ਸੱਚਮੁੱਚ ਪ੍ਰਗਤੀ ਕੀਤੀ ਹੈ ਅਤੇ ਇਹ ਸਮਾਜਿਕ-ਆਰਥਿਕ ਅਤੇ ਸੱਭਿਆਚਾਰਕ ਵਿਕਾਸ ਦੇ ਸਾਰੇ ਖੇਤਰਾਂ ਵਿੱਚ ਦਿਖਾਈ ਦਿੰਦਾ ਹੈ।

ਸੰਯੁਕਤ ਰਾਸ਼ਟਰ ਚਿਲਡਰਨ ਫੰਡ (ਯੂਨੀਸੇਫ) ਅਤੇ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਨੇ ਫਾਰਮੂਲਾ (ਪਹਿਲਾਂ ਤੋਂ ਤਿਆਰ ਕੀਤੇ ਗਏ) ਦੁੱਧ ਦੇ ਮੁਕਾਬਲੇ ਛਾਤੀ ਦਾ ਦੁੱਧ ਪਿਲਾਉਣ ਦੇ ਪ੍ਰਭਾਵੀ ਪ੍ਰਚਾਰ-ਪ੍ਰਸਾਰ ਦੇ ਕਾਰਨ ਕੇਰਲ ਨੂੰ ਦੁਨੀਆ ਦਾ ਪਹਿਲਾ 'ਬੱਚਿਆਂ ਦੇ ਅਨੁਕੂਲ ਰਾਜ' ਦਾ ਦਰਜਾ ਦਿੱਤਾ ਹੈ।  95% ਤੋਂ ਵੱਧ ਜਣੇਪੇ ਹਸਪਤਾਲ ਵਿੱਚ ਹੁੰਦੇ ਹਨ ਅਤੇ ਰਾਜ ਵਿੱਚ ਦੇਸ਼ ਵਿੱਚ ਸਭ ਤੋਂ ਘੱਟ ਬਾਲ ਮੌਤ ਦਰ ਵੀ ਹੈ। ਕੇਰਲ ਨੂੰ 'ਸੰਸਥਾਗਤ ਜਣੇਪੇ' ਵਿੱਚ ਮੈਡੀਕਲ ਸੁਵਿਧਾਵਾਂ ਦੇ ਤਹਿਤ 100% ਜਨਮ ਦੇ ਨਾਲ ਪਹਿਲੇ ਸਥਾਨ 'ਤੇ ਰੱਖਿਆ ਗਿਆ ਹੈ।

'ਕੇਰਲ ਵਰਤਾਰੇ' ਜਾਂ ਵਿਕਾਸ ਦੇ ਕੇਰਲ ਮਾਡਲ ਨੂੰ ਭਾਰਤ ਦੇ ਦੂਸਰੇ ਰਾਜਾਂ ਦੁਆਰਾ ਨਕਲ ਕਰਨ ਅਤੇ ਦੁਹਰਾਉਣ ਦੀ ਲੋੜ ਹੈ। ਇਹ ਭਰੋਸਾ ਦਿਵਾਇਆ ਜਾਂਦਾ ਹੈ ਕਿ ਜਨ ਭਾਗੀਦਾਰੀ ਨਾਲ ਕੇਰਲ ਹਰ ਖੇਤਰ ਵਿੱਚ ਦੇਸ਼ ਵਿੱਚ ਸਭ ਤੋਂ ਅੱਗੇ ਰਹੇਗਾ। ਕੇਰਲ ਕਈ ਮਾਮਲਿਆਂ ਵਿੱਚ ਭਾਰਤ ਦਾ ਇੱਕ ਨਮੂਨਾ ਰਾਜ ਹੈ ਜਿਸ ਦੀ ਕਿ ਮਹਿਲਾਵਾਂ ਦੇ ਸਸ਼ਕਤੀਕਰਣ, ਉੱਚ ਸਾਖਰਤਾ ਦਰ ਅਤੇ ਰਾਜ ਦੇ ਬਜਟ ਵਿੱਚੋਂ 40% ਦੀ ਪ੍ਰਤੱਖ ਫੰਡਿੰਗ ਰਾਹੀਂ ਪੰਚਾਇਤੀ ਰਾਜ ਸੰਸਥਾਵਾਂ (ਪੀਆਰਆਈ) ਨੂੰ ਜ਼ਮੀਨੀ ਪੱਧਰ 'ਤੇ ਮਜ਼ਬੂਤ ਕਰਨ ਦੇ ਖੇਤਰਾਂ ਵਿੱਚ ਵਿਸ਼ੇਸ਼ ਤੌਰ 'ਤੇ ਨਕਲ ਕੀਤੀ ਜਾ ਸਕਦੀ ਹੈ। ਕੇਰਲ ਦੇ ਲੋਕ ਪਹਿਲਾਂ ਹੀ ਹਾਲ ਹੀ ਵਿੱਚ ਸ਼ੁਰੂ ਕੀਤੀਆਂ ਗਈਆਂ ਸਰਕਾਰੀ ਵਿਕਾਸ ਯੋਜਨਾਵਾਂ ਨੂੰ ਨਿਯਮਿਤ ਤੌਰ 'ਤੇ ਅਮਲ ਵਿੱਚ ਲਿਆ ਰਹੇ ਹਨ, ਜਿਨ੍ਹਾਂ ਨੂੰ ਦੇਸ਼ ਭਰ ਵਿੱਚ ਵਿਭਿੰਨ ਰਾਜਾਂ ਦੇ ਸਾਰੇ ਵਰਗਾਂ ਅਤੇ ਖੇਤਰਾਂ ਦੇ ਸੰਤੁਲਿਤ ਅਤੇ ਸਰਬਪੱਖੀ ਵਿਕਾਸ ਲਈ ਬੜੇ ਪ੍ਰਯਤਨਾਂ ਨਾਲ ਅੱਗੇ ਵਧਾਇਆ ਜਾ ਰਿਹਾ ਹੈ।

* ਪਵਿੱਤਰ ਸਿੰਘ, ਡਾਇਰੈਕਟਰ (ਮੀਡੀਆ ਅਤੇ ਸੰਚਾਰ), ਪੱਤਰ ਸੂਚਨਾ ਦਫ਼ਤਰ, ਚੰਡੀਗੜ੍ਹ ਹਨ, ਜਿਨ੍ਹਾਂ ਨੇ “ਏਕ ਭਾਰਤ ਸ਼੍ਰੇਸ਼ਠ ਭਾਰਤ” ਪ੍ਰੋਗਰਾਮ ਦੇ ਤਹਿਤ ਹਿਮਾਚਲ ਪ੍ਰਦੇਸ਼ ਤੋਂ ਕੇਰਲ ਪ੍ਰੈੱਸ ਟੂਰ ਦਾ ਆਯੋਜਨ ਕੀਤਾ।


Comment As:

Comment (0)