ਮੀਤ ਹੇਅਰ ਨੇ ਜਲ ਸਰੋਤ ਵਿਭਾਗ ਦੇ 27 ਜਿਲਾਦਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ
ਮੀਤ ਹੇਅਰ ਨੇ ਜਲ ਸਰੋਤ ਵਿਭਾਗ ਦੇ 27 ਜਿਲਾਦਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ
ਸੇਵਾਵਾਂ ਇਮਾਨਦਾਰੀ ਨਾਲ ਨਿਭਾਉਣ ਲਈ ਕਿਹਾ
ਚੰਡੀਗੜ੍ਹ, 11 ਸਤੰਬਰ
ਪੰਜਾਬ ਦੇ ਜਲ ਸਰੋਤ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਵਿਭਾਗ ਵਿੱਚ ਨਵੇਂ ਸ਼ਾਮਲ ਕੀਤੇ ਗਏ 27 ਜਿਲ੍ਹਾਦਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਅਤੇ ਉਨ੍ਹਾਂ ਨੂੰ ਆਪਣੀਆਂ ਸੇਵਾਵਾਂ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ ਲਈ ਕਿਹਾ।
ਇੱਥੇ ਪੰਜਾਬ ਭਵਨ ਵਿਖੇ ਹੋਏ ਇੱਕ ਸਾਦੇ ਸਮਾਗਮ-ਕਮ-ਮੀਟਿੰਗ ਦੌਰਾਨ ਨਿਯੁਕਤੀ ਪੱਤਰ ਸੌਂਪਦਿਆਂ ਜਲ ਸਰੋਤ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਅਤੇ ਖਾਸ ਕਰਕੇ ਆਮ ਲੋਕਾਂ ਦੇ ਹਿੱਤਾਂ ਵਿੱਚ ਇਨਕਲਾਬੀ ਤਬਦੀਲੀਆਂ ਲਿਆਉਣ ਲਈ ਸੁਹਿਰਦ ਯਤਨ ਕੀਤੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਯਤਨਾਂ ਸਦਕਾ ਹੀ ਦਹਾਕਿਆਂ ਬਾਅਦ ਜਲ ਸਰੋਤ ਵਿਭਾਗ ਇਸ ਸਾਲ ਟੇਲਾਂ 'ਤੇ ਪਾਣੀ ਪਹੁੰਚਾਉਣ 'ਚ ਕਾਮਯਾਬ ਹੋਇਆ ਹੈ।
ਗੁਰਮੀਤ ਸਿੰਘ ਮੀਤ ਹੇਅਰ ਨੇ ਜ਼ਿਲ੍ਹਾਦਾਰਾਂ ਅਤੇ ਪਟਵਾਰੀਆਂ ਨੂੰ ਸਰਕਾਰ ਅਤੇ ਕਿਸਾਨਾਂ ਵਿਚਕਾਰ ਅਹਿਮ ਕੜੀ ਦੱਸਦਿਆਂ ਕਿਹਾ ਕਿ ਨਵੇਂ ਚੁਣੇ ਜ਼ਿਲ੍ਹਾਦਾਰ ਵਧਾਈ ਦੇ ਪਾਤਰ ਹਨ ਕਿ ਉਨ੍ਹਾਂ ਨੂੰ ਇਹ ਸੇਵਾ ਨਿਭਾਉਣ ਦਾ ਮੌਕਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਪਹਿਲੀ ਵਾਰ ਟੇਲਾਂ ਦੇ ਸਿਰਿਆਂ ਤੱਕ ਪਾਣੀ ਪਹੁੰਚਾਉਣ ਵਿੱਚ ਕਾਮਯਾਬ ਹੋਣ ਕਾਰਨ ਕਈ ਨਵੀਆਂ ਚੁਣੌਤੀਆਂ ਵੀ ਖੜ੍ਹੀਆਂ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾਦਾਰ ਆਪਣੀਆਂ ਸੇਵਾਵਾਂ ਪੇਸ਼ੇਵਾਰ ਢੰਗ ਨਾਲ ਨਿਭਾ ਕੇ ਇਨ੍ਹਾਂ ਚੁਣੌਤੀਆਂ ਨਾਲ ਨਜਿੱਠਣ ਵਿੱਚ ਅਹਿਮ ਰੋਲ ਅਦਾ ਕਰ ਸਕਦੇ ਹਨ।
ਇਸ ਮੌਕੇ ਜਲ ਸਰੋਤ ਮੰਤਰੀ ਨੇ ਨਵੇਂ ਚੁਣੇ ਜ਼ਿਲ੍ਹਾਦਾਰਾਂ ਨੂੰ ਸਪੱਸ਼ਟ ਹਦਾਇਤਾਂ ਵੀ ਦਿੱਤੀਆਂ ਕਿ ਉਨ੍ਹਾਂ ਵਿੱਚੋਂ ਕੋਈ ਵੀ ਵਿਅਕਤੀ ਤਬਾਦਲੇ ਲਈ ਕੋਈ ਸਿਫ਼ਾਰਸ਼ ਨਾ ਕਰਨ ਅਤੇ ਅਲਾਟ ਕੀਤੇ ਸਟੇਸ਼ਨਾਂ 'ਤੇ ਤਨਦੇਹੀ ਨਾਲ ਕੰਮ ਕਰਨ। ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਪਹਿਲੇ ਦਿਨ ਤੋਂ ਸਿੱਖਣਾ ਸ਼ੁਰੂ ਨਹੀਂ ਕਰਦੇ ਤਾਂ ਤੁਸੀਂ ਜੀਵਨ ਭਰ ਸਿੱਖਣ ਵਿੱਚ ਅਸਫਲ ਰਹੋਗੇ। ਉਨ੍ਹਾਂ ਕਿਹਾ ਕਿ ਵਿਭਾਗ ਵਿੱਚ ਨਵੇਂ ਸ਼ਾਮਲ ਕੀਤੇ ਗਏ ਜ਼ਿਲ੍ਹਾਦਾਰਾਂ ਲਈ 16 ਮਹੀਨੇ ਦੀ ਸਿਖਲਾਈ ਨੂੰ ਇਸ ਸ਼ਰਤ 'ਤੇ ਘਟਾ ਕੇ 4 ਮਹੀਨੇ ਕਰ ਦਿੱਤਾ ਗਿਆ ਹੈ ਕਿ ਉਹ ਆਪਣੇ ਪਰਖਕਾਲ ਦੌਰਾਨ ਤਬਾਦਲੇ ਲਈ ਬੇਨਤੀ ਨਹੀਂ ਕਰਨਗੇ।
© 2022 Copyright. All Rights Reserved with Arth Parkash and Designed By Web Crayons Biz