ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਸ੍ਰੀ ਕਾਲੀ ਦੇਵੀ ਮੰਦਿਰ ਦੇ ਵਿਕਾਸ ਲਈ ਭੇਜੀ ਤਜਵੀਜ਼ ਪਾਸ ਕਰਨ ਲਈ ਮੁੱਖ ਮੰਤਰੀ ਭਗਵੰ
ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਸ੍ਰੀ ਕਾਲੀ ਦੇਵੀ ਮੰਦਿਰ ਦੇ ਵਿਕਾਸ ਲਈ ਭੇਜੀ ਤਜਵੀਜ਼ ਪਾਸ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਅਰਵਿੰਦ ਕੇਜਰੀਵਾਲ ਦਾ ਕੀਤਾ ਧੰਨਵਾਦ
-ਕਿਹਾ ਪਿਛਲੇ ਦੋ ਸਾਲਾਂ ਤੋਂ ਮੰਦਿਰ ਕਮੇਟੀ ਦੀ ਸਲਾਹ ਨਾਲ ਤਿਆਰ ਕੀਤੀ ਸੀ ਸ੍ਰੀ ਕਾਲੀ ਦੇਵੀ ਮੰਦਿਰ ਦੀ ਪੜਾਅਵਾਰ ਕਾਇਆਕਲਪ ਕਰਨ ਦੀ ਯੋਜਨਾ
-ਮੰਦਿਰ ਨੂੰ ਸ਼ਾਨਦਾਰ ਤੇ ਵਿਰਾਟ ਬਣਾਉਣ ਲਈ ਮਾਂ ਸ਼੍ਰੀ ਕਾਲੀ ਦੇਵੀ ਦੇ ਚਰਨਾਂ ਵਿੱਚ ਸਾਰਿਆਂ ਨੂੰ ਆਸ਼ੀਰਵਾਦ ਦੇਣ ਤੇ ਸੁਮੱਤ ਬਖਸ਼ਣ ਦੀ ਕੀਤੀ ਕਾਮਨਾ
-ਮੰਦਿਰ ਕਮੇਟੀ ਨੇ ਅਜੀਤ ਪਾਲ ਸਿੰਘ ਕੋਹਲੀ ਨੂੰ ਪਟਿਆਲਾ ਵਿੱਚ ਹਿੰਦੂ-ਸਿੱਖ ਏਕਤਾ ਦਾ ਪ੍ਰਤੀਕ ਕਰਾਰ ਦਿੱਤਾ, ਕਿਹਾ ਕੋਹਲੀ ਨੂੰ ਮਿਲੀ ਦੇਵੀ ਮਾਂ ਦੀ ਸੇਵਾ
ਪਟਿਆਲਾ, 26 ਮਈ:
ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਵੱਲੋਂ ਪਟਿਆਲਾ ਦੇ ਪ੍ਰਚੀਨ ਤੇ ਇਤਿਹਾਸਕ ਸ੍ਰੀ ਕਾਲੀ ਦੇਵੀ ਮੰਦਿਰ ਦੀ ਪੜਾਅਵਾਰ ਕਾਇਆਕਲਪ ਕਰਨ ਲਈ ਜੋ ਤਜਵੀਜ਼ ਮੰਦਿਰ ਕਮੇਟੀ ਦੀ ਸਲਾਹ ਨਾਲ ਬਣਾਕੇ ਭੇਜੀ ਗਈ ਸੀ, ਉਸ ਨੂੰ ਪਾਸ ਕਰਨਾ ਇੱਕ ਇਤਿਹਾਸਕ ਫ਼ੈਸਲਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਅਰਵਿੰਦ ਕੇਜਰੀਵਾਲ ਦਾ ਇਹ ਉਪਰਾਲਾ ਪਟਿਆਲਾ ਦੇ ਲਈ ਇਤਿਹਾਸਕ ਕਦਮ ਹੈ, ਜਿਸ ਲਈ ਉਹ ਬਤੌਰ ਵਿਧਾਇਕ ਤੇ ਹਿੰਦੂ-ਸਿੱਖ ਏਕਤਾ ਦੇ ਮੁਦਈ ਵਜੋਂ ਦੋਵਾਂ ਆਗੂਆਂ ਦਾ ਧੰਨਵਾਦ ਕਰਦੇ ਹਨ।
ਅੱਜ ਇੱਥੇ ਗੱਲਬਾਤ ਕਰਦਿਆਂ ਅਜੀਤਪਾਲ ਸਿੰਘ ਕੋਹਲੀ ਨੇ ਦੱਸਿਆ ਕਿ ਉਨ੍ਹਾਂ ਨੇ ਪਿਛਲੇ ਦੋ ਸਾਲਾਂ ਦਾ ਸਮਾਂ ਲਗਾ ਕੇ ਮੰਦਿਰ ਕਮੇਟੀ ਦੀ ਸਲਾਹ ਨਾਲ ਮੰਦਿਰ ਦੇ ਵਿਕਾਸ ਲਈ ਜੋ ਤਜਵੀਜ਼ ਬਣਾ ਕੇ ਭੇਜੀ ਸੀ, ਉਸ ਨੂੰ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਪ੍ਰਵਾਨ ਕਰਨ ਦਾ ਬੀਤੇ ਕੱਲ੍ਹ ਮੰਦਿਰ ਵਿਖੇ ਨਤਮਸਤਕ ਹੋਣ ਮੌਕੇ ਐਲਾਨ ਕੀਤਾ ਹੈ, ਜੋ ਕਿ ਪਟਿਆਲਾ ਵਾਸੀਆਂ ਅਤੇ ਸੰਸਾਰ ਭਰ ਵਿੱਚ ਵਸਦੇ ਸ਼ਰਧਾਲੂਆਂ ਲਈ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ।
ਵਿਧਾਇਕ ਕੋਹਲੀ ਨੇ ਦੱਸਿਆ ਕਿ ਪਹਿਲਾਂ ਤੀਰਥ ਯਾਤਰਾ ਕਮੇਟੀ ਦੇ ਚੇਅਰਮੈਨ ਕਮਲ ਬਾਂਸਲ ਅਤੇ ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਪਿਛਲੇ ਕਈ ਮਹੀਨਿਆਂ ਤੋਂ ਮੰਦਿਰ ਸ੍ਰੀ ਕਾਲੀ ਦੇਵੀ ਵਿਖੇ ਨਤਮਸਤਕ ਹੋ ਰਹੇ ਸਨ। ਇਸ ਦੌਰਾਨ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਮੰਦਿਰ ਦੀ ਪਵਿੱਤਰਤਾ ਨੂੰ ਬਰਕਰਾਰ ਰੱਖਦੇ ਹੋਏ ਇਸਨੂੰ ਵਿਰਾਸਤੀ ਵਾਸਤੂਕਲਾ ਨਾਲ ਹੋਰ ਆਕਰਸ਼ਕ ਦਿੱਖ ਦੇਣ ਲਈ ਤਜਵੀਜ਼ ਤਿਆਰ ਕੀਤੀ ਜਾ ਰਹੀ ਸੀ।
ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਇਹ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਦੂਰਦਰਸ਼ੀ ਸੋਚ ਸਦਕਾ ਇਹ ਇਤਿਹਾਸਕ ਕਾਰਜ ਹੋਣ ਜਾ ਰਹੇ ਹਨ, ਜੋ ਕਿ ਪਿਛਲੀਆਂ ਸਰਕਾਰਾਂ ਸਮੇਂ ਹੀ ਹੋ ਜਾਣੇ ਚਾਹੀਦੇ ਸਨ ਪ੍ਰੰਤੂ ਇਹ ਬਹੁਤ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਪਿਛਲੇ 30 ਸਾਲਾਂ ਤੋਂ ਮੰਦਰ ਦੇ ਸੁੱਕੇ ਪਏ ਸਰੋਵਰ ਵੱਲ ਤੇ ਹੋਰ ਵਿਕਾਸ ਕਾਰਜਾਂ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ।
ਇਸ ਦੌਰਾਨ ਅੱਜ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦਾ ਸਨਮਾਨ ਕਰਦਿਆਂ ਮੰਦਿਰ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਅਜੀਤ ਪਾਲ ਸਿੰਘ ਕੋਹਲੀ ਪਟਿਆਲਾ ਵਿੱਚ ਹਿੰਦੂ-ਸਿੱਖ ਏਕਤਾ ਦੇ ਪ੍ਰਤੀਕ ਵਜੋਂ ਜਾਣੇ ਜਾਂਦੇ ਹਨ ਅਤੇ ਉਨ੍ਹਾਂ ਨੂੰ ਇਹ ਸੇਵਾ ਕਰਨ ਦਾ ਮੌਕਾ ਮਿਲ ਰਿਹਾ ਹੈ।
ਇਸ ਮੌਕੇ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਉਹ ਮਾਂ ਸ਼੍ਰੀ ਕਾਲੀ ਦੇਵੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਨ ਕਿ ਉਹ ਸਾਨੂੰ ਸਾਰਿਆਂ ਨੂੰ ਆਸ਼ੀਰਵਾਦ ਦੇਣ ਅਤੇ ਸੁਮੱਤ ਬਖਸ਼ਣ ਕਿ ਅਸੀਂ ਸਾਰੇ ਰਲ-ਮਿਲਕੇ ਇਸ ਪਵਿੱਤਰ ਮੰਦਿਰ ਨੂੰ ਹੋਰ ਸੁੰਦਰ ਤੇ ਵਿਰਾਟ ਬਣਾ ਕੇ ਮਾਂ ਦੇਵੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕੀਏ।