ਅੱਖਾਂ ਦੀਆਂ ਸਮੱਸਿਆਵਾਂ ਨੂੰ ਕਦੀ ਵੀ ਨਾ ਕਰੋ ਨਜ਼ਰ ਅੰਦਾਜ਼: ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ
ਅੱਖਾਂ ਦੀਆਂ ਸਮੱਸਿਆਵਾਂ ਨੂੰ ਕਦੀ ਵੀ ਨਾ ਕਰੋ ਨਜ਼ਰ ਅੰਦਾਜ਼: ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ
ਚਿੱਟੇ ਮੋਤੀਏ ਦੇ ਕੀਤੇ ਗਏ 11 ਮੁਫਤ ਸਫਲ ਅਪਰੇਸ਼ਨ ਅਤੇ ਵੰਡੀਆਂ 263 ਮੁਫਤ ਐਨਕਾਂ: ਡਾ. ਰਾਏ
ਤਰਨ ਤਾਰਨ, 05 ਜੂਨ
ਜਿਲਾ ਤਰਨ ਤਾਰਨ ਦੇ ਸਿਵਲ ਸਰਜਨ ਡਾਕਟਰ ਗੁਰਪ੍ਰੀਤ ਸਿੰਘ ਰਾਏ ਦੀ ਪ੍ਰਧਾਨਗੀ ਹੇਠ ਵੀਰਵਾਰ ਨੂੰ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਜਿੱਥੇ ਵੀਰਵਾਰ ਨੂੰ 11 ਚਿੱਟੇ ਮੋਤੀਏ ਦੀ ਮੁਫ਼ਤ ਆਪਰੇਸ਼ਨ ਕੀਤੇ ਗਏ, ਉੱਥੇ ਨਾਲ ਹੀ ਸਿਹਤ ਵਿਭਾਗ ਵੱਲੋਂ ਲੋੜਵੰਦ ਵਿਅਕਤੀਆਂ ਲਈ 263 ਮੁਫਤ ਐਣਕਾਂ ਵੰਡੀਆਂ ਗਈਆਂ।
ਸਿਵਲ ਸਰਜਨ ਡਾ ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਚਿੱਟੇ ਮੋਤੀਏ ਦੀ ਰੋਕਥਾਮ ਸਬੰਧੀ ਜਿੱਥੇ ਵੱਧ ਤੋਂ ਵੱਧ ਜਾਗਰੂਕਤਾ ਫੈਲਾਈ ਜਾ ਰਹੀ ਹੈ, ਉੱਥੇ ਨਾਲ ਹੀ ਪੀੜਿਤ ਵਿਅਕਤੀਆਂ ਦੇ ਮੁਫਤ ਅਪਰੇਸ਼ਨ ਕਰਵਾਏ ਜਾ ਰਹੇ ਹਨ। ਉਹਨਾਂ ਦੱਸਿਆ ਕਿ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਮਾਹਿਰ ਡਾਕਟਰਾਂ ਵੱਲੋਂ ਮਾਰਚ ਮਹੀਨੇ ਵਿੱਚ 66 ਆਪਰੇਸ਼ਨ ਵਿੱਚ 52 ਅਤੇ ਮਈ ਮਹੀਨੇ ਵਿੱਚ 57 ਚਿੱਟੇ ਮੋਤੀਏ ਦੇ ਆਪਰੇਸ਼ਨ ਬਿਲਕੁਲ ਮੁਫਤ ਕੀਤੇ ਗਏ। ਸਿਵਲ ਸਰਜਨ ਡਾ ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਕਿ ਵੱਖ ਵੱਖ ਬਲਾਕਾਂ ਤੋਂ ਆਏ ਅਪਥਾਲਮਿਕ ਅਫਸਰਾਂ ਨੂੰ 263 ਐਨਕਾਂ ਵੰਡੀਆਂ ਗਈਆਂ, ਜਿਨਾਂ ਵਿੱਚੋਂ 140 ਐਣਕਾਂ ਸਕੂਲੀ ਵਿਦਿਆਰਥੀਆਂ ਵਿੱਚ ਵੰਡੀਆਂ ਜਾਣਗੀਆਂ ਅਤੇ 123 ਦੇ ਕਰੀਬ ਐਨਕਾਂ ਨੂੰ ਲੋੜਵੰਦ ਵਿਅਕਤੀਆਂ ਤੱਕ ਪਹੁੰਚਾਇਆ ਜਾਵੇਗਾ।
ਉਹਨਾਂ ਦੱਸਿਆ ਕਿ ਇਹਨਾਂ ਵਿਅਕਤੀਆਂ ਦੀ ਸ਼ਨਾਖਤ ਸਿਹਤ ਕਰਮੀਆਂ ਵੱਲੋਂ ਵੱਖ-ਵੱਖ ਸਥਾਨਾਂ ਤੇ ਕੈਂਪ ਲਗਾ ਕੇ ਕੀਤੀ ਗਈ ਹੈ। ਉਹਨਾਂ ਕਿਹਾ ਕਿ ਵਿਅਕਤੀ ਨੂੰ ਅੱਖਾਂ ਦੀ ਸਾਂਭ ਸੰਭਾਲ ਪ੍ਰਤੀ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਅਤੇ ਜੇਕਰ ਕਦੇ ਵੀ ਕਿਸੇ ਪ੍ਰਕਾਰ ਦੀ ਅੱਖਾਂ ਦੀ ਸਮੱਸਿਆ ਪੇਸ਼ ਆਵੇ, ਤਾਂ ਤੁਰੰਤ ਸਰਕਾਰੀ ਹਸਪਤਾਲ ਵਿਖੇ ਆ ਕੇ ਮਾਹਿਰ ਡਾਕਟਰਾਂ ਤੋਂ ਇਲਾਜ ਕਰਵਾਉਣਾ ਚਾਹੀਦਾ ਹੈ।
ਸੀਨੀਅਰ ਮੈਡੀਕਲ ਅਫਸਰ ਡਾਕਟਰ ਸਰਬਜੀਤ ਸਿੰਘ ਨੇ ਦੱਸਿਆ ਕਿ ਸਰਕਾਰੀ ਹਸਪਤਾਲ ਤਰਨ ਤਾਰਨ ਵਿਖੇ ਜਿੱਥੇ ਅੱਖਾਂ ਦੀ ਜਾਂਚ ਅਤੇ ਆਪਰੇਸ਼ਨ ਬਿਲਕੁਲ ਮੁਫਤ ਕੀਤੇ ਜਾਂਦੇ ਹਨ, ਉੱਥੇ ਨਾਲ ਹੀ ਮਰੀਜ਼ਾਂ ਨੂੰ ਵਿਭਾਗ ਵੱਲੋਂ ਮੁਫਤ ਦਵਾਈਆਂ ਵੀ ਜਾਂਦੀਆਂ ਹਨ। ਨੋਡਲ ਅਫਸਰ ਡਾ ਨਵਨੀਤ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਸਮੇਂ ਸਮੇਂ ਸਿਰ ਵੱਖ-ਵੱਖ ਸਰਕਾਰੀ ਸਕੂਲਾਂ ਅਤੇ ਪਿੰਡਾਂ ਦੇ ਵਿੱਚ ਅੱਖਾਂ ਦੇ ਜਾਂਚ ਕੈਂਪ ਲਗਾ ਕੇ ਅੱਖਾਂ ਦੀਆਂ ਪਰੇਸ਼ਾਨੀਆਂ ਝੱਲ ਰਹੇ ਵਿਅਕਤੀਆਂ ਦਾ ਇਲਾਜ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਇਹਨਾਂ ਕੈਂਪਾਂ ਦੌਰਾਨ ਜਿਹੜੇ ਵੀ ਵਿਅਕਤੀਆਂ ਨੂੰ ਆਪਰੇਸ਼ਨ ਦੀ ਜਰੂਰਤ ਹੁੰਦੀ ਹੈ, ਤਾਂ ਵਿਭਾਗ ਵਲੋਂ ਇਹ ਸੇਵਾ ਬਿਲਕੁਲ ਮੁਫਤ ਮੁਹੱਈਆ ਕਰਵਾਈ ਜਾਂਦੀ ਹੈ। ਇਸ ਮੌਕੇ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ ਸਰਬਜੀਤ ਸਿੰਘ ਅਤੇ ਅੱਖਾਂ ਦੇ ਮਾਹਿਰ ਕਮ ਨੋਡਲ ਅਫਸਰ ਡਾ ਨਵਨੀਤ ਸਿੰਘ ਅਤੇ ਸੁਰ ਸਿੰਘ ਤੋਂ ਅਪਥਾਲਮਿਕ ਅਫਸਰ ਬਲਜੀਤ ਸਿੰਘ ਢਿੱਲੋਂ, ਕਸੇਲ ਤੋਂ ਬਲਵਿੰਦਰ ਸਿੰਘ ਬਾਠ, ਝਬਾਲ ਤੋਂ ਰਮਨਦੀਪ ਕੌਰ, ਤਰਨ ਤਾਰਨ ਤੋਂ ਜੋਤੀ ਅਤੇ ਘਰਿਆਲਾ ਤੋਂ ਸੰਦੀਪ ਕੌਰ ਆਦਿ ਮੌਜੂਦ ਰਹੇ।