10 ਦਸੰਬਰ ਨੂੰ ਮਨਾਇਆ ਜਾਵੇਗਾ ਰਾਸ਼ਟਰੀ ਪੋਲੀਓ ਦਿਵਸ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਫ਼ਰੀਦਕੋਟ
- 10 ਦਸੰਬਰ ਨੂੰ ਮਨਾਇਆ ਜਾਵੇਗਾ ਰਾਸ਼ਟਰੀ ਪੋਲੀਓ ਦਿਵਸ
- ਸਿਵਲ ਸਰਜਨ ਨੇ 0 ਤੋਂ 5 ਸਾਲ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਦੀ ਲੋਕਾਂ ਨੂੰ ਕੀਤੀ ਅਪੀਲ
ਫ਼ਰੀਦਕੋਟ 06 ਦਸੰਬਰ ( ) ਸਿਹਤ ਤੇ ਪਰਿਵਾਰ ਭਲਾਈ ਵਿਭਾਗ ਫਰੀਦਕੋਟ ਵੱਲੋ ਰਾਸ਼ਟਰੀ ਪਲਸ ਪੋਲੀਓ ਮੁਹਿੰਮ ਤਹਿਤ 10 ਦਸੰਬਰ ਦਿਨ ਐਤਵਾਰ ਨੂੰ ਪੋਲੀਓ ਬੂਥ ਅਤੇ 11 ਤੇ 12 ਦਸੰਬਰ ਨੂੰ ਘਰ ਘਰ ਜਾ ਕੇ 0 ਤੋ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆ ਜਾ ਰਹੀਆ ਹਨ। ਇਹ ਜਾਣਕਾਰੀ ਸਿਵਲ ਸਰਜਨ ਡਾ.ਅਨਿਲ ਗੋਇਲ ਨੇ ਅੱਜ ਵੱਖ ਵੱਖ ਵਿਭਾਗਾਂ ਨਾਲ ਮੀਟਿੰਗ ਦੌਰਾਨ ਸਾਂਝੀ ਕੀਤੀ।
ਉਨ੍ਹਾਂ ਦੱਸਿਆ ਕਿ ਜਿਲਾ ਫਰੀਦਕੋਟ ਦੀ ਕੁੱਲ ਆਬਾਦੀ 6,19,197 ਹੈ ਜਿਸ ਵਿੱਚ 0 ਤੋ 5 ਦੀ ਉਮਰ ਦੇ 57521 ਬੱਚੇ ਹਨ ਜਿਨਾ ਨੂੰ ਪੋਲੀਓ ਦੀ ਖੁਰਾਕ ਪਿਲਾਈ ਜਾਵੇਗੀ। ਇਸ ਮੁਹਿੰਮ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਲਈ ਪਹਿਲੇ ਦਿਨ 327 ਬੂਥਾਂ ਦਾ ਗਠਨ ਕੀਤਾ ਗਿਆ ਹੈ, ਰੇਲਵੇ ਸਟੇਸ਼ਨ ਅਤੇ ਬੱਸ ਸਟੈਡ ਉੱਪਰ ਸਫਰ ਕਰ ਰਹੇ ਬੱਚਿਆਂ ਨੂੰ 17 ਟਰਾਂਜਿਟ ਟੀਮਾਂ ਵੱਲੋ, ਭੱਠਿਆਂ, ਪਥੇਰਾਂ,ਸੈਲਰਾਂ, ਨਿਰਮਾਣ ਅਧੀਨ ਇਮਾਰਤਾਂ ਆਦਿ ਤੇ ਮੌਜੂਦ ਬੱਚਿਆ ਨੂੰ ਜਿਲੇ ਵਿੱਚ 13 ਮੋਬਾਈਲ ਟੀਮਾਂ ਵੱਲੋ ਪੋਲੀਓ ਖੁਰਾਕ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਅਗਲੇ ਦੋ ਦਿਨਾਂ 11 ਅਤੇ 12 ਦਸੰਬਰ ਨੂੰ ਘਰ ਘਰ ਜਾ ਕੇ ਪੋਲੀਓ ਬੂੰਦਾਂ ਪਿਲਾਉਣ ਲਈ 565 ਟੀਮਾਂ ਲਗਾਈਆ ਗਈਆ ਹਨ। ਪੋਲੀਓ ਟੀਮਾਂ ਦੀ ਸੁਪਰਵੀਜਨ ਲਈ 62 ਸੁਪਰਵਾਈਜਰ ਲਗਾਏ ਗਏ ਹਨ ਇਸ ਮੁਹਿੰਮ ਤਹਿਤ 1245 ਵੈਕਸੀਨੇਟਰ(ਟੀਕਾ ਲਗਾਉਣ ਵਾਲੇ) ਲਗਾਏ ਗਏ ਹਨ ਜਿਨਾ ਵਿੱਚ ਏ.ਐਨ.ਐਮ, ਮਲਟੀਪਰਪਜ ਹੈਲਥ ਵਰਕਰ (ਮੇਲ), ਆਸ਼ਾ ਵਰਕਰ, ਆਂਗਣਵਾੜੀ ਵਰਕਰ ਆਦਿ ਤੋ ਇਲਾਵਾ ਇਲਾਕੇ ਦੀਆਂ ਸਮਾਜ ਸੇਵੀ ਸੰਸਥਾਂਵਾ ਦੇ ਨੁਮਾਇੰਦੇ ਵੀ ਹਰੇਕ ਪੱਖੋ ਸਿਹਤ ਵਿਭਾਗ ਨੂੰ ਵਿਸ਼ੇਸ਼ ਸਹਿਯੋਗ ਦੇ ਰਹੇ ਹਨ। ਸਿਵਲ ਸਰਜਨ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਗਠਿਤ ਟੀਮਾਂ ਆਪੋ ਆਪਣੇ ਏਰੀਏ ਵਿੱਚ ਗੁਰਦੁਆਰੇ ਮੰਦਿਰਾਂ ਰਾਹੀਂ ਸਵੇਰੇ ਸ਼ਾਮ ਲੋਕਾਂ ਨੂੰ ਜਾਗਰੂਕ ਕਰਨ ਲਈ ਅਨਾਊਸਮੈਂਟ ਵੀ ਕਰਵਾਉਣ।
ਸਿਵਲ ਸਰਜਨ ਡਾ. ਅਨਿਲ ਗੋਇਲ ਨੇ ਜਿਲਾ ਵਾਸੀਆਂ ਨੂੰ ਅਪੀਲ ਕੀਤੀ ਇਸ ਕਾਰਜ ਨੂੰ ਸਫਲ ਬਣਾਉਣ ਲਈ ਆਪਣੇ 0 ਤੋ 5 ਸਾਲ ਦੇ ਬੱਚਿਆ ਨੂੰ ਨੇੜੇ ਦੇ ਪੋਲੀਓ ਬੂਥ ਤੇ ਪੋਲੀਓ ਖੁਰਾਕਾਂ ਪਿਲਾਈਆਂ ਜਾਣ ਤਾਂ ਜੋ ਕੋਈ ਵੀ ਬੱਚਾ ਪੋਲੀਉ ਖੁਰਾਕ ਤੋਂ ਵਾਂਝਾ ਨਾ ਰਹੇ। ਇਸ ਮੁਹਿੰਮ ਨੂੰ ਨੇਪਰੇ ਚਾੜਨ ਲਈ ਵਿਭਾਗ ਵੱਲੋ ਲੋੜੀਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਸ ਮੌਕੇ ਸਿਵਲ ਸਰਜਨ ਨੇ ਇੱਕ ਬੈਨਰ ਵੀ ਜਾਰੀ ਕੀਤਾ ਜੋ ਕਿ ਪੋਲੀਓ ਬੂੰਦਾਂ ਪਿਲਾਉਣ ਵਾਲੀਆਂ ਵੱਖ ਵੱਖ ਜਨਤਕ ਥਾਵਾਂ ਤੇ ਲਗਾਇਆ ਜਾਵੇਗਾ ਤਾਂ ਜੋ ਲੋਕਾਂ ਨੂੰ ਅਜਿਹੀਆਂ ਥਾਵਾਂ ਦਾ ਤੁਰੰਤ ਪਤਾ ਲੱਗ ਸਕੇ।
ਐਸ.ਐਮ.ਓ ਡਬਲਿਊ.ਐਚ.ਓ ਡਾ. ਮੇਘਾ ਪ੍ਰਕਾਸ਼ ਨੇ ਦੱਸਿਆ ਕਿ ਪਲੱਸ ਪੋਲੀਓ ਮੁਹਿੰਮ ਓਨੀ ਦੇਰ ਤੱਕ ਬੰਦ ਨਹੀਂ ਕੀਤੀ ਜਾ ਸਕਦੀ ਜਦੋਂ ਤੱਕ ਭਾਰਤ ਅਤੇ ਆਸ ਪਾਸ ਦੇ ਮੁਲਕਾਂ ਵਿੱਚੋਂ ਇਸ ਬਿਮਾਰੀ ਨੂੰ ਜੜੋਂ ਨਹੀਂ ਪੁੱਟਿਆ ਜਾਂਦਾ। ਉਨ੍ਹਾਂ ਕਿਹਾ ਕਿ ਭਾਵੇਂ ਭਾਰਤ ਵਿਚੋਂ ਪੋਲੀਓ ਦੀ ਬਿਮਾਰੀ ਕਾਫੀ ਹੱਦ ਤੱਕ ਘੱਟ ਗਈ ਹੈ ਪਰੰਤੂ ਇਹ ਬਿਮਾਰੀ ਦੁਬਾਰਾ ਸਿਰ ਨਾ ਚੁੱਕੇ ਇਸ ਲਈ ਪਲੱਸ ਪੋਲੀਓ ਮੁਹਿੰਮ ਨੂੰ ਜਾਰੀ ਰੱਖਣਾ ਜ਼ਰੂਰੀ ਹੈ।
ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫਸਰ ਸ੍ਰੀ ਰਾਜੀਵ ਭੰਡਾਰੀ, ਐਸ.ਐਮ.ਓ ਡਾ.ਚੰਦਰ ਸ਼ੇਖਰ ਕੱਕੜ, ਐਮ.ਐਚ ਫਰੀਦਕੋਟ ਤੋਂ ਕਰਨਲ ਦੀਪ ਸ਼ਰਮਾ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।
© 2022 Copyright. All Rights Reserved with Arth Parkash and Designed By Web Crayons Biz