Punjab Heatwave: Orange Alert Issued Till May 24, Bathinda 46.6°C
Hindi
heat wave

Punjab Heatwave: Orange Alert Issued Till May 24, Bathinda 46.6°C

Punjab ਵਿੱਚ ਗਰਮੀ ਦਾ ਕਹਿਰ : ਬਠਿੰਡਾ ਵਿੱਚ ਪਾਰਾ 46.6°C ਪਾਰ; ਮੌਸਮ ਵਿਭਾਗ ਵੱਲੋਂ 24 ਮਈ ਤੱਕ 'ਓਰੇਂਜ ਅਲਰਟ', ਜਾਣੋ ਆਪਣੇ ਜ਼ਿਲ੍ਹੇ ਦਾ ਹਾਲ

ਅੰਮ੍ਰਿਤਸਰ: ਪੰਜਾਬ ਇਸ ਸਮੇਂ ਭਿਆਨਕ ਗਰਮੀ ਅਤੇ ਲੂ (ਗਰਮ ਹਵਾਵਾਂ) ਦੀ ਲਪੇਟ ਵਿੱਚ ਹੈ। ਮੌਸਮ ਵਿਭਾਗ ਨੇ ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿੱਚ 24 ਮਈ ਤੱਕ ਓਰੇਂਜ ਅਲਰਟ (Orange Alert) ਜਾਰੀ ਕੀਤਾ ਹੈ। ਦਿਨ ਦੇ ਸਮੇਂ ਤੇਜ਼ ਧੁੱਪ ਅਤੇ ਗਰਮ ਹਵਾਵਾਂ ਕਾਰਨ ਲੋਕਾਂ ਦਾ ਘਰਾਂ ਤੋਂ ਨਿਕਲਣਾ ਮੁਸ਼ਕਲ ਹੋ ਗਿਆ ਹੈ। ਮੌਸਮ ਵਿਭਾਗ ਅਨੁਸਾਰ ਅਗਲੇ ਕੁਝ ਦਿਨਾਂ ਤੱਕ ਤਾਪਮਾਨ ਵਿੱਚ ਬਹੁਤੀ ਰਾਹਤ ਮਿਲਣ ਦੀ ਸੰਭਾਵਨਾ ਨਹੀਂ ਹੈ ਅਤੇ ਕਈ ਜ਼ਿਲ੍ਹਿਆਂ ਵਿੱਚ ਲੂ ਤੋਂ ਲੈ ਕੇ ਗੰਭੀਰ ਲੂ ਵਰਗੀ ਸਥਿਤੀ ਬਣੀ ਰਹਿ ਸਕਦੀ ਹੈ।

ਮੰਗਲਵਾਰ ਨੂੰ ਪੰਜਾਬ ਦਾ ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ 46.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ ਲਗਭਗ 5 ਡਿਗਰੀ ਸੈਲਸੀਅਸ ਵੱਧ ਰਿਹਾ। ਸੂਬੇ ਦੇ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ ਵੀ ਲਗਭਗ 0.7 ਡਿਗਰੀ ਦੀ ਬੜ੍ਹਤ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਮੁਤਾਬਕ ਪੰਜਾਬ ਵਿੱਚ ਤਾਪਮਾਨ ਆਮ ਨਾਲੋਂ ਕਰੀਬ 4.6 ਡਿਗਰੀ ਸੈਲਸੀਅਸ ਵੱਧ ਚੱਲ ਰਿਹਾ ਹੈ।

20 ਮਈ ਨੂੰ ਪ੍ਰਮੁੱਖ ਸ਼ਹਿਰਾਂ ਦਾ ਤਾਪਮਾਨ:

  • ਲੁਧਿਆਣਾ: 44.1°C

  • ਅੰਮ੍ਰਿਤਸਰ: 43.6°C

  • ਪਟਿਆਲਾ: 45.0°C

  • ਰੂਪਨਗਰ: 44.6°C

  • ਫ਼ਰੀਦਕੋਟ: 44.5°C

  • ਗੁਰਦਾਸਪੁਰ: 44.0°C

  • ਮੋਹਾਲੀ: 42.9°C


ਜਾਣੋ ਕਿੱਥੇ ਕਿਹੋ ਜਿਹਾ ਰਹੇਗਾ ਮੌਸਮ

  • 21 ਅਤੇ 22 ਮਈ: ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਮੋਹਾਲੀ, ਲੁਧਿਆਣਾ, ਫ਼ਤਹਿਗੜ੍ਹ ਸਾਹਿਬ, ਪਟਿਆਲਾ, ਸੰਗਰੂਰ, ਮਾਨਸਾ, ਬਠਿੰਡਾ, ਮੋਗਾ, ਫ਼ਿਰੋਜ਼ਪੁਰ, ਫਾਜ਼ਿਲਕਾ, ਮੁਕਤਸਰ ਅਤੇ ਫ਼ਰੀਦਕੋਟ ਵਿੱਚ ਲੂ ਦਾ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ।

  • 23 ਮਈ: ਉੱਤਰੀ ਅਤੇ ਪੂਰਬੀ ਜ਼ਿਲ੍ਹਿਆਂ ਵਿੱਚ ਕੁਝ ਰਾਹਤ ਦੇ ਸੰਕੇਤ ਹਨ, ਇੱਥੇ ਯੈਲੋ ਅਲਰਟ (Yellow Alert) ਜਾਰੀ ਕੀਤਾ ਗਿਆ ਹੈ। ਪਰ, ਦੱਖਣੀ ਅਤੇ ਮਾਲਵਾ ਖੇਤਰ ਦੇ ਕਈ ਹਿੱਸਿਆਂ ਵਿੱਚ ਲੂ ਦਾ ਅਸਰ ਜਾਰੀ ਰਹੇਗਾ। ਇਸ ਦਿਨ ਬਠਿੰਡਾ, ਮਾਨਸਾ, ਸੰਗਰੂਰ, ਮੁਕਤਸਰ, ਫਾਜ਼ਿਲਕਾ, ਫ਼ਿਰੋਜ਼ਪੁਰ, ਮੋਗਾ ਅਤੇ ਲੁਧਿਆਣਾ ਵਿੱਚ ਗਰਮੀ ਜ਼ਿਆਦਾ ਰਹਿਣ ਦੀ ਸੰਭਾਵਨਾ ਹੈ।

  • 24 ਮਈ: ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਲੂ ਦਾ ਕਹਿਰ ਬਣਿਆ ਰਹੇਗਾ। ਅੰਮ੍ਰਿਤਸਰ, ਤਰਨਤਾਰਨ, ਬਠਿੰਡਾ, ਮਾਨਸਾ, ਸੰਗਰੂਰ, ਮੋਗਾ, ਫ਼ਿਰੋਜ਼ਪੁਰ, ਫਾਜ਼ਿਲਕਾ, ਲੁਧਿਆਣਾ ਅਤੇ ਪਟਿਆਲਾ ਸਮੇਤ ਕਈ ਜ਼ਿਲ੍ਹਿਆਂ ਵਿੱਚ ਓਰੇਂਜ ਅਲਰਟ ਜਾਰੀ ਰਹੇਗਾ।


25 ਮਈ ਤੱਕ ਜਾਰੀ ਚੇਤਾਵਨੀ

ਪੰਜਾਬ ਵਿੱਚ 25 ਮਈ ਤੱਕ ਲਗਾਤਾਰ ਲੂ ਅਤੇ ਕਈ ਇਲਾਕਿਆਂ ਵਿੱਚ ਭਿਆਨਕ ਲੂ ਚੱਲਣ ਦੀ ਸੰਭਾਵਨਾ ਹੈ।

ਬੀਤੇ ਦਿਨੀਂ ਬਠਿੰਡਾ ਵਿੱਚ ਵੱਧ ਤੋਂ ਵੱਧ ਤਾਪਮਾਨ 47 ਡਿਗਰੀ ਸੈਲਸੀਅਸ ਤੱਕ ਦਰਜ ਕੀਤਾ ਗਿਆ।

ਦੱਖਣੀ ਅਤੇ ਪੱਛਮੀ ਪੰਜਾਬ ਦੇ ਕਈ ਹਿੱਸਿਆਂ ਵਿੱਚ ਪਾਰਾ 45 ਤੋਂ 47 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ।

ਉੱਤਰੀ ਅਤੇ ਪੂਰਬੀ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਤਾਪਮਾਨ 42 ਤੋਂ 45 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਉਮੀਦ ਹੈ। ਅਗਲੇ 4-5 ਦਿਨਾਂ ਤੱਕ ਕੋਈ ਖ਼ਾਸ ਬਦਲਾਅ ਨਹੀਂ ਹੋਵੇਗਾ।

 

ਮੌਸਮ ਵਿਭਾਗ ਦੀ ਸਲਾਹ

ਦੁਪਹਿਰ ਦੇ ਸਮੇਂ ਧੁੱਪ ਵਿੱਚ ਬਿਨਾਂ ਵਜ੍ਹਾ ਬਾਹਰ ਨਿਕਲਣ ਤੋਂ ਬਚੋ।

ਪਿਆਸ ਨਾ ਵੀ ਲੱਗੇ, ਤਾਂ ਵੀ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਂਦੇ ਰਹੋ।

ਹਲਕੇ ਰੰਗ ਦੇ ਅਤੇ ਢਿੱਲੇ ਸੂਤੀ (ਕਪਾਹ ਦੇ) ਕੱਪੜੇ ਪਹਿਨੋ।

ਸਿਰ ਨੂੰ ਕੱਪੜੇ, ਟੋਪੀ ਜਾਂ ਛਤਰੀ ਨਾਲ ਢੱਕ ਕੇ ਰੱਖੋ।

ਬੱਚਿਆਂ, ਬਜ਼ੁਰਗਾਂ ਅਤੇ ਬੀਮਾਰ ਲੋਕਾਂ ਦੀ ਵਿਸ਼ੇਸ਼ ਦੇਖਭਾਲ ਕਰੋ।

ਕਿਸਾਨਾਂ ਲਈ ਸਲਾਹ: ਖੇਤਾਂ ਵਿੱਚ ਗਰਮੀ ਦੇ ਅਸਰ ਨੂੰ ਘੱਟ ਕਰਨ ਲਈ ਫ਼ਸਲਾਂ ਨੂੰ ਪਾਣੀ (ਸਿੰਚਾਈ) ਸ਼ਾਮ ਨੂੰ ਜਾਂ ਸਵੇਰੇ ਜਲਦੀ ਦਿਓ।


Comment As:

Comment (0)