ਵਿਜੀਲੈਂਸ ਬਿਊਰੋ ਵੱਲੋਂ ਹੌਲਦਾਰ 2,100 ਰੁਪਏ ਦੀ ਆਨਲਾਈਨ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫਤਾਰ*
ਵਿਜੀਲੈਂਸ ਬਿਊਰੋ ਪੰਜਾਬ
*ਵਿਜੀਲੈਂਸ ਬਿਊਰੋ ਵੱਲੋਂ ਹੌਲਦਾਰ 2,100 ਰੁਪਏ ਦੀ ਆਨਲਾਈਨ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫਤਾਰ*
ਚੰਡੀਗੜ੍ਹ, 24 ਮਈ : ਪੰਜਾਬ ਵਿਜੀਲੈਂਸ ਬਿਊਰੋ ਨੇ ਬੁੱਧਵਾਰ ਨੂੰ ਆਪਣੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੌਰਾਨ ਥਾਣਾ ਭਾਰਗੋ ਕੈਂਪ, ਜਲੰਧਰ ਸ਼ਹਿਰ ਵਿਖੇ ਤਾਇਨਾਤ ਹੌਲਦਾਰ ਰਘੂਨਾਥ ਸਿੰਘ (2824/ਜਲੰਧਰ) ਨੂੰ 2,100 ਰੁਪਏ ਦੀ ਰਿਸ਼ਵਤ ਦੋ ਕਿਸ਼ਤਾਂ ਵਿੱਚ ਲੈਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਹੌਲਦਾਰ (ਹੈੱਡ ਕਾਂਸਟੇਬਲ) ਨੂੰ ਮੋਹਿਤ ਸਿੰਘ ਵਾਸੀ ਪਿੰਡ ਰਾਏਵਾਲਾ, ਦੇਹਰਾਦੂਨ ਜ਼ਿਲਾ, ਉਤਰਾਖੰਡ ਦੀ ਸ਼ਿਕਾਇਤ 'ਤੇ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਨੇ ਰਿਸ਼ਵਤ ਲੈਣ ਸਬੰਧੀ ਉਸ ਵਿਰੁੱਧ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ 'ਤੇ ਸ਼ਿਕਾਇਤ ਦਰਜ ਕਰਵਾਈ ਹੈ।
ਹੋਰ ਵੇਰਵੇ ਦਿੰਦਿਆਂ ਉਨ੍ਹਾਂ ਦੱਸਿਆ ਕਿ ਉਕਤ ਸ਼ਿਕਾਇਤਕਰਤਾ ਨੇ ਆਪਣੀ ਆਨਲਾਈਨ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਉਕਤ ਪੁਲਿਸ ਮੁਲਾਜ਼ਮ ਨੇ ਉਸਦੀ ਮ੍ਰਿਤਕ ਭੈਣ ਦਾ ਵਿਸਰਾ ਸਟੇਟ ਕੈਮੀਕਲ ਐਗਜ਼ਾਮੀਨਰ ਲੈਬਾਰਟਰੀ, ਖਰੜ ਭੇਜ ਕੇ ਰਿਪੋਰਟ ਲੈਣ ਲਈ ਰਿਸ਼ਵਤ ਵਜੋਂ ਉਸ ਕੋਲੋਂ ਦੋ ਕਿਸ਼ਤਾਂ ਵਿੱਚ 2100 ਰੁਪਏ ਲਏ ਹਨ। ਸ਼ਿਕਾਇਤਕਰਤਾ ਨੇ ਅੱਗੇ ਦੋਸ਼ ਲਾਇਆ ਕਿ ਉਕਤ ਪੁਲਿਸ ਮੁਲਾਜ਼ਮ ਨੇ ਉਸ ਨੂੰ ਰਿਸ਼ਵਤ ਦੀ ਰਕਮ ਆਨਲਾਈਨ ਭੇਜਣ ਲਈ ਕਿਹਾ ਅਤੇ ਉਸ ਨੇ ਦੋ ਕਿਸ਼ਤਾਂ ਵਿੱਚ 100 ਅਤੇ 2000 ਰੁਪਏ ਫੋਨਪੇਅ ਐਪ ਰਾਹੀਂ ਉਸਦੇ ਬੈਂਕ ਖਾਤੇ ਵਿੱਚ ਟਰਾਂਸਫਰ ਕਰ ਦਿੱਤੇ।
ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਦੀ ਜਲੰਧਰ ਰੇਂਜ ਨੇ ਉਕਤ ਸ਼ਿਕਾਇਤ ਦੀ ਜਾਂਚ ਕੀਤੀ ਅਤੇ ਦੋਸ਼ੀ ਪੁਲਿਸ ਮੁਲਾਜ਼ਮ ਨੂੰ ਸ਼ਿਕਾਇਤਕਰਤਾ ਤੋਂ 2,100 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿੱਚ ਮੁਲਜ਼ਮ ਪਾਏ ਜਾਣ ਤੋਂ ਬਾਅਦ ਗ੍ਰਿਫਤਾਰ ਕਰ ਲਿਆ।
ਇਸ ਸਬੰਧੀ ਉਕਤ ਪੁਲਿਸ ਮੁਲਾਜ਼ਮ ਖਿਲਾਫ ਵਿਜੀਲੈਂਸ ਬਿਓਰੋ ਦੇ ਥਾਣਾ ਜਲੰਧਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਉਸ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
© 2022 Copyright. All Rights Reserved with Arth Parkash and Designed By Web Crayons Biz