ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਚੰਡੀਗੜ੍ਹ ਵਿੱਚ ਆਯੁਸ਼ਮਾਨ ਆਰੋਗਯ
ਲੋਕ ਸੰਪਰਕ ਵਿਭਾਗ
ਚੰਡੀਗੜ੍ਹ ਪ੍ਰਸ਼ਾਸਨ
ਪ੍ਰੈੱਸ ਰਿਲੀਜ਼
ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਚੰਡੀਗੜ੍ਹ ਵਿੱਚ ਆਯੁਸ਼ਮਾਨ ਆਰੋਗਯ ਮੰਦਿਰਾਂ ਦਾ ਦੌਰਾ ਕੀਤਾ।
ਉੱਨਤ ਸੁਵਿਧਾਵਾਂ ਅਤੇ ਵਿਆਪਕ ਸੇਵਾਵਾਂ ਦੀ ਸ਼ਲਾਘਾ ਕੀਤੀ।
ਰਾਸ਼ਟਰੀ 'ਤੰਦਰੁਸਤ ਭਾਰਤ - ਸਮ੍ਰਿੱਧ ਭਾਰਤ' ਦ੍ਰਿਸ਼ਟੀਕੋਣ ਦੇ ਤਹਿਤ ਹੈਲਥਕੇਅਰ ਵਰਕਰਾਂ ਨੂੰ ਉਨ੍ਹਾਂ ਦੀ ਸੇਵਾ ਲਈ ਸਨਮਾਨਿਤ ਕੀਤਾ।
ਚੰਡੀਗੜ੍ਹ 5 ਮਈ, 2025:
ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਮਲੋਆ, ਸੈਕਟਰ-35, ਮੱਖਣ ਮਾਜਰਾ ਅਤੇ ਰਾਏਪੁਰ ਕਲਾਂ ਵਿਖੇ ਉੱਨਤ ਆਯੁਸ਼ਮਾਨ ਆਰੋਗਯ ਮੰਦਿਰ (ਏਏਐੱਮ/AAM) ਕੇਂਦਰਾਂ ਦਾ ਦੌਰਾ ਕੀਤਾ। ਇਹ ਦੌਰਾ ਆਯੁਸ਼ਮਾਨ ਭਾਰਤ ਪਹਿਲ ਦੇ ਤਹਿਤ ਸਿਹਤ ਅਤੇ ਤੰਦਰੁਸਤੀ ਕੇਂਦਰਾਂ ਨੂੰ ਆਯੁਸ਼ਮਾਨ ਆਰੋਗਯ ਮੰਦਿਰਾਂ ਵਿੱਚ ਬਦਲਣ ਦੇ ਰਾਸ਼ਟਰਵਿਆਪੀ ਸਮਾਰੋਹ ਦਾ ਹਿੱਸਾ ਸੀ।
ਦੌਰੇ ਦੇ ਦੌਰਾਨ, ਪ੍ਰਸ਼ਾਸਕ ਨੇ ਕੇਂਦਰਾਂ ਵਿੱਚ ਬੁਨਿਆਦੀ ਢਾਂਚੇ, ਸੇਵਾ ਪ੍ਰਦਾਨ ਕਰਨ ਅਤੇ ਡਿਜੀਟਲ ਸਿਹਤ ਏਕੀਕਰਣ ਦੀ ਸਮੀਖਿਆ ਕੀਤੀ। ਸ਼੍ਰੀ ਕਟਾਰੀਆ ਨੇ ਕਈ ਮਰੀਜ਼ਾਂ ਨਾਲ ਵੀ ਗੱਲਬਾਤ ਕੀਤੀ ਜੋ ਰੁਟੀਨ ਚੈੱਕ-ਅੱਪ ਅਤੇ ਸਲਾਹ-ਮਸ਼ਵਰੇ ਲਈ ਆਏ ਸਨ, ਅਤੇ ਕੇਂਦਰਾਂ 'ਤੇ ਉਪਲਬਧ ਕਰਵਾਈਆਂ ਜਾ ਰਹੀਆਂ ਸੇਵਾਵਾਂ ਦੀ ਗੁਣਵੱਤਾ, ਪਹੁੰਚ ਅਤੇ ਸਮੁੱਚੇ ਅਨੁਭਵ ਬਾਰੇ ਜਾਣਕਾਰੀ ਲਈ। ਉਨ੍ਹਾਂ ਨੇ ਕਮਿਊਨਿਟੀ ਹੈਲਥ ਅਫ਼ਸਰਾਂ ਅਤੇ ਸਟਾਫ਼ ਨਾਲ ਵੀ ਗੱਲਬਾਤ ਕੀਤੀ ਤਾਕਿ ਪ੍ਰਦਾਨ ਕੀਤੀਆਂ ਜਾ ਰਹੀਆਂ ਮੁਫ਼ਤ ਸੇਵਾਵਾਂ ਦੀ ਸ਼੍ਰੇਣੀ ਨੂੰ ਸਮਝਿਆ ਜਾ ਸਕੇ, ਜਿਸ ਵਿੱਚ ਗ਼ੈਰ-ਸੰਚਾਰੀ ਰੋਗਾਂ ਦੀ ਜਾਂਚ, ਟੈਲੀਮੈਡੀਸਿਨ ਸਲਾਹ-ਮਸ਼ਵਰਾ, ਜੱਚਾ ਅਤੇ ਬੱਚਾ ਸਿਹਤ ਸੰਭਾਲ਼, ਅਤੇ ਜ਼ਰੂਰੀ ਦਵਾਈਆਂ ਅਤੇ ਡਾਇਗਨੌਸਟਿਕਸ ਦੀ ਵਿਵਸਥਾ ਸ਼ਾਮਲ ਹੈ।
ਸ਼੍ਰੀ ਕਟਾਰੀਆ ਨੇ ਗੁਣਵੱਤਾਪੂਰਨ ਪ੍ਰਾਇਮਰੀ ਹੈਲਥਕੇਅਰ ਨੂੰ ਸਮੁਦਾਇ ਦੇ ਕਰੀਬ ਲਿਆਉਣ ਵਿੱਚ ਕੇਂਦਰਾਂ ਦੇ ਪ੍ਰਭਾਵੀ ਪਹੁੰਚ 'ਤੇ ਤਸੱਲੀ ਵਿਅਕਤ ਕੀਤੀ।
ਸਾਇਟ ਦੇ ਦੌਰੇ ਦੇ ਬਾਅਦ, ਯੂਟੀ ਸਕੱਤਰੇਤ ਵਿਖੇ ਇੱਕ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿੱਥੇ ਮਾਣਯੋਗ ਰਾਜਪਾਲ ਨੇ ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਸੇਵਾਵਾਂ ਪ੍ਰਦਾਨ ਕਰਨ ਵਿੱਚ ਲਗੇ ਹੈਲਥਕੇਅਰ ਵਰਕਰਾਂ ਦੇ ਅਨਮੋਲ ਯੋਗਦਾਨ ਨੂੰ ਮਾਨਤਾ ਦਿੱਤੀ। ਕਮਿਊਨਿਟੀ ਹੈਲਥ ਅਫ਼ਸਰਾਂ, ਏਐੱਨਐੱਮਜ਼ (ANMs), ਫਾਰਮਾਸਿਸਟਾਂ ਅਤੇ ਲੈਬਾਰਟਰੀ ਟੈਕਨੀਸ਼ੀਅਨਾਂ ਨੂੰ ਸ਼ਹਿਰ ਵਿੱਚ ਜਨਤਕ ਸਿਹਤ ਨਤੀਜਿਆਂ ਨੂੰ ਬਿਹਤਰ ਬਣਾਉਣ ਲਈ ਉਨ੍ਹਾਂ ਦੀ ਸਮਰਪਿਤ ਸੇਵਾ ਅਤੇ ਪ੍ਰਤੀਬੱਧਤਾ ਲਈ ਸਨਮਾਨਿਤ ਕੀਤਾ ਗਿਆ। ਸ਼੍ਰੀ ਕਟਾਰੀਆ ਨੇ ਪੁਰਸਕਾਰ ਜੇਤੂਆਂ ਨੂੰ ਪ੍ਰਸ਼ੰਸਾ ਪੱਤਰ ਦਿੱਤੇ ਅਤੇ ਉਨ੍ਹਾਂ ਦੀ ਭਾਰਤ ਦੇ ਰੋਕਥਾਮ ਅਤੇ ਪ੍ਰਮੋਟਿਵ ਹੈਲਥਕੇਅਰ ਡਿਲਿਵਰੀ ਸਿਸਟਮ ਦੀ ਰੀੜ੍ਹ ਹੋਣ ਲਈ ਪ੍ਰਸ਼ੰਸਾ ਕੀਤੀ।
ਰਾਜਪਾਲ ਨੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚੋਂ ਸਭ ਤੋਂ ਵੱਧ ਟੈਲੀਕੰਸਲਟੇਸ਼ਨਸ ਪ੍ਰਦਾਨ ਕਰਨ ਵਿੱਚ ਚੰਡੀਗੜ੍ਹ ਦੀ ਪ੍ਰਾਪਤੀ ਦੀ ਵੀ ਸ਼ਲਾਘਾ ਕੀਤੀ, ਸਿਹਤ ਵਿਭਾਗ ਅਤੇ ਫ੍ਰੰਟਲਾਇਨ ਵਰਕਫੋਰਸ ਦੇ ਯਤਨਾਂ ਨੂੰ ਸਵੀਕਾਰ ਕੀਤਾ।
ਇਸ ਸਮਾਗਮ ਦੌਰਾਨ ਰਾਜਪਾਲ ਦੇ ਪ੍ਰਮੁੱਖ ਸਕੱਤਰ ਸ਼੍ਰੀ ਵਿਵੇਕ ਪ੍ਰਤਾਪ ਸਿੰਘ, ਵਿੱਤ ਸਕੱਤਰ ਸ਼੍ਰੀ ਦੀਪਰਵਾ ਲਾਕੜਾ, ਸਕੱਤਰ ਸਿਹਤ ਸ਼੍ਰੀ ਅਜੈ ਚਗਤੀ, ਡਾਇਰੈਕਟਰ ਸਿਹਤ ਡਾ. ਸੁਮਨ ਸਿੰਘ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।