ਜਾਨੀ ਨੁਕਸਾਨ ਤੋਂ ਬਚਾਅ ਲਈ ਲੋਕ ਡਰੋਨ /ਮਿਜ਼ਾਇਲ ਡਿੱਗਣ ਵਾਲੇ ਥਾਂ ‘ਤੇ ਜਾਣ ਤੋਂ ਗੁਰੇਜ ਕਰਨ-ਧਾਲੀਵਾਲ
ਜਾਨੀ ਨੁਕਸਾਨ ਤੋਂ ਬਚਾਅ ਲਈ ਲੋਕ ਡਰੋਨ /ਮਿਜ਼ਾਇਲ ਡਿੱਗਣ ਵਾਲੇ ਥਾਂ ‘ਤੇ ਜਾਣ ਤੋਂ ਗੁਰੇਜ ਕਰਨ-ਧਾਲੀਵਾਲ
ਪੰਜਾਬ ਦੀ ਮਾਨ ਸਰਕਾਰ ਲੋੜਵੰਦਾਂ ਦੀ ਮਦਦ ਲਈ ਚਟਾਨ ਵਾਂਗ ਖੜੀ ਹੈ- ਭਗਤ
ਕੈਬਨਟ ਮੰਤਰੀਆਂ ਨੇ ਡਰੋਨ ਡਿੱਗਣ ਵਾਲੇ ਪਿੰਡਾਂ ਰਾਣੇਵਾਲੀ ਤੇ ਵਡਾਲਾ ਭਿੱਟੇਵੱਢ ਪੁੱਜ ਕੇ ਲਿਆ ਜਾਇਜ਼ਾ
ਚੰਡੀਗੜ੍ਹ / ਰਾਜਾਸਾਂਸੀ/ ਅਜਨਾਲਾ, 10 ਮਈ -
ਬੀਤੀ ਰਾਤ ਪਾਕਿਸਤਾਨ ਵਲੋਂ ਦਾਗੇ ਗਏ ਡਰੋਨ ਜੋ ਕਿ ਕਸਬਾ ਰਾਜਾਸਾਂਸੀ ਨੇੜਲੇ ਪਿੰਡ ਰਾਣੇਵਾਲੀ –ਮੁਗਲਾਨੀਕੋਟ ਵਿਖੇ ਖੇਤਾਂ ‘ਚ ਅਤੇ ਸ੍ਰੀ ਰਾਮ ਤੀਰਥ ਨੇੜਲੇ ਪਿੰਡ ਵਡਾਲਾ ਭਿੱਟੇਵੱਢ ਵਿਖੇ ਡਿੱਗੇ ਸਨ, ਨਾਲ ਪੈਦਾ ਹੋਏ ਤਾਜ਼ਾ ਹਲਾਤਾਂ ਦਾ ਜਾਇਜ਼ਾ ਲੈਣ ਲਈ ਅੱਜ ਉਚੇਚੇ ਤੌਰ ਤੇ ਪ੍ਰਵਾਸੀ ਭਾਰਤੀ ਮਾਮਲਿਆਂ ਦੇ ਮੰਤਰੀ ਪੰਜਾਬ ਸ: ਕੁਲਦੀਪ ਸਿੰਘ ਧਾਲੀਵਾਲ ਤੇ ਕੈਬਨਿਟ ਮੰਤਰੀ ਮੋਹਿੰਦਰ ਭਗਤ ਵਿਸ਼ੇਸ਼ ਤੌਰ ਤੇ ਪੁੱਜੇ। ਇਸ ਮੌਕੇ ਪੁਲੀਸ ਤੇ ਸਿਵਲ ਪ੍ਰਸ਼ਾਸ਼ਨ ਦੇ ਅਧਿਕਾਰੀ ਵੀ ਉਹਨਾਂ ਨਾਲ ਮੌਜੂਦ ਸਨ । ਘਟਨਾ ਸਥਾਨ ਉਤੇ ਜੁੜੇ ਲੋਕਾਂ ਨੂੰ ਮੁਖਾਤਿਬ ਹੁੰਦੇ ਕੈਬਨਿਟ ਮੰਤਰੀ ਸ: ਧਾਲੀਵਾਲ ਨੇ ਕਿਹਾ ਕਿ ਰਾਤ ਦੇ ਸਮੇਂ ਪਾਕਿਸਤਾਨ ਵਲੋਂ ਸਾਡੇ ਨਾਗਰਿਕਾਂ ਨੂੰ ਨੁਕਸਾਨ ਪਹੁੰਚਾਉਣ ਹਿੱਤ ਭੇਜੇ ਜਾ ਰਹੇ ਡਰੋਨ/ਮਿਜ਼ਾਇਲਾਂ, ਜਿੰਨ੍ਹਾਂ ਨੂੰ ਭਾਰਤੀ ਫੌਜ ਵਲੋਂ ਹਵਾ ਵਿੱਚ ਹੀ ਨਕਾਰਾ ਕਰ ਦਿੱਤਾ ਜਾਂਦਾ ਹੈ, ਦੇ ਡਿੱਗੇ ਮਲਬੇ ਨੂੰ ਵੇਖਣ ਲਈ ਪਿੰਡ ਵਾਸੀਆਂ ਵੱਲੋਂ ਨਾ ਪੁਜਿਆ ਜਾਵੇ, ਕਿਉਂਕਿ ਡਰੋਨ /ਮਿਜ਼ਾਇਲਾਂ ਦੇ ਡਿੱਗੇ ਮਲਬੇ ਚੋਂ ਕੁੱਝ ਅੰਸ਼ ਧਮਾਕਾਖੇਜ਼ ਵੀ ਹੋਣ ਦੀਆਂ ਸੰਭਾਵਨਾਵਾਂ ਰੱਦ ਨਹੀਂ ਕੀਤੀਆਂ ਜਾ ਸਕਦੀਆਂ। ਉਹਨਾਂ ਕਿਹਾ ਕਿ ਧਮਾਕਾਖੇਜ਼ ਸਮੱਗਰੀ ਦੇ ਫਟਣ ਨਾਲ ਮੌਕੇ ਤੇ ਮੌਜੂਦ ਲੋਕਾਂ ਦਾ ਜਾਨੀ ਨੁਕਸਾਨ ਹੋਣ ਦਾ ਖਤਰਾ ਮੌਜੂਦ ਰਹਿੰਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਕਿਸੇ ਵੀ ਜਗਾ ਡਰੋਨ /ਮਿਜ਼ਾਇਲ ਡਿੱਗਣ ਦੀ ਸੂਰਤ ‘ਚ ਪੁਲੀਸ ਜਾਂ ਸੈਨਾ ਨੂੰ ਸੂਚਨਾ ਦਿੱਤੀ ਜਾਵੇ।
ਇਸ ਮੌਕੇ ਗੱਲਬਾਤ ਦੌਰਾਨ ਕੈਬਨਿਟ ਮੰਤਰੀ ਸ੍ਰੀ ਮੋਹਿੰਦਰ ਭਗਤ ਨੇ ਕਿਹਾ ਕਿ ਪਾਕਿਸਤਾਨ ਵਲੋਂ ਕੌਮਾਂਤਰੀ ਨਿਯਮਾਂ ਦੀ ਉਲੰਘਣਾ ਕਰਕੇ ਪੰਜਾਬ ‘ਚ ਸਿਵਲ ਨਾਗਰਿਕਾਂ ਨੂੰ ਡਰੋਨ/ਮਿਜ਼ਾਇਲ ਹਮਲਿਆਂ ਦਾ ਸ਼ਿਕਾਰ ਬਣਾਏ ਜਾਣ ਦੀਆਂ ਮੰਦਭਾਗੀਆਂ ਘਟਨਾਵਾਂ ਅਤੀ ਨਿੰਦਣ ਯੋਗ ਹਨ। ਉਹਨਾਂ ਕਿਹਾ ਕਿ ਪਾਕਿਸਤਾਨ 1947 ਤੋਂ ਬਾਅਦ ਭਾਰਤ ਨਾਲ ਜੰਗਾਂ ਛੇੜ ਕੇ ਬੁਰੀ ਤਰਾਂ ਮੂੰਹ ਦੀ ਖਾਣ ਦੇ ਬਾਵਜੂਦ ਆਪਣੀਆਂ ਭਾਰਤ ਵਿਰੋਧੀ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਉਨ੍ਹਾਂ ਕਿਹਾ ਕਿ ਭਾਰਤੀ ਫੌਜਾਂ ਇਸ ਵੇਰਾਂ ਵੀ ਪਾਕਿਸਤਾਨ ਵਲੋਂ ਛੇੜੀ ਜਾ ਰਹੀ ਜੰਗ ‘ਚ ਪਾਕਿਸਤਾਨ ਦੇ ਦੰਦ ਖੱਟੇ ਕਰ ਰਹੀਆਂ ਹਨ। ਉਨ੍ਹਾਂ ਪੰਜਾਬ ਵਾਸੀਆਂ ਨੂੰ ਸੂਬਾ ਸਰਕਾਰ ਦਾ ਭਰੋਸਾ ਦੁਹਰਾਇਆ ਕਿ ਇਸ ਜੰਗੀ ਤਣਾਓ ਦੌਰਾਨ ਸਰਕਾਰ ਲੋਕਾਂ ਦੀ ਸੁਰੱਖਿਆ ਲਈ ਚਟਾਨ ਵਾਂਗ ਪੰਜਾਬ ਵਾਸੀਆਂ ਅਤੇ ਭਾਰਤੀ ਫੌਜਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ।