ਪਾਣੀ 'ਤੇ ਡਾਕਾ ਨਹੀਂ ਸਹਿਣਾ — ਆਮ ਆਦਮੀ ਪਾਰਟੀ ਹਰ ਹਾਲਤ ਵਿੱਚ ਪੰਜਾਬ ਦੇ ਹੱਕ ਦੀ ਰੱਖਿਆ ਕਰੇਗੀ- ਨੀਲ ਗਰਗ
ਪ੍ਰੈਸ ਬਿਆਨ
ਪਾਣੀ 'ਤੇ ਡਾਕਾ ਨਹੀਂ ਸਹਿਣਾ — ਆਮ ਆਦਮੀ ਪਾਰਟੀ ਹਰ ਹਾਲਤ ਵਿੱਚ ਪੰਜਾਬ ਦੇ ਹੱਕ ਦੀ ਰੱਖਿਆ ਕਰੇਗੀ- ਨੀਲ ਗਰਗ
ਭਾਰਤ-ਪਾਕਿਸਤਾਨ ਦਰਮਿਆਨ ਜੰਗ ਵਰਗਾ ਮਾਹੌਲ ਬਣਿਆ ਹੋਇਆ ਹੈ। ਇਕ ਪਾਸੇ ਪੰਜਾਬ ਦਾ ਜਵਾਨ ਸਰਹੱਦ 'ਤੇ ਸੀਨਾ ਤਾਨ ਕੇ ਗੋਲੀਆਂ ਖਾ ਰਿਹਾ ਹੈ, ਦੂਜੇ ਪਾਸੇ ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਵਰਗੇ ਸਰਹੱਦੀ ਸੂਬੇ ਨੂੰ ਜੰਮੂ-ਕਸ਼ਮੀਰ ਦੀ ਤਰਜ 'ਤੇ ਵਿਸ਼ੇਸ਼ ਪੈਕੇਜ ਦੇਣਾ ਤਾਂ ਦੂਰ, ਉਲਟਾ ਪੰਜਾਬ ਦੇ ਪਾਣੀਆਂ 'ਤੇ ਡਾਕਾ ਮਾਰਣ ਦੀ ਸਾਜ਼ਿਸ਼ ਕਰ ਰਹੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਬੁਲਾਰੇ ਅਤੇ ਮੀਡੀਅਮ ਉਦਯੋਗਿਕ ਵਿਕਾਸ ਬੋਰਡ ਦੇ ਚੇਅਰਮੈਨ ਨੀਲ ਗਰਗ ਨੇ ਕਿਹਾ ਕਿ ਪੰਜਾਬ ਦੀ ਧਰਤੀ ਪਹਿਲਾਂ ਹੀ ਬੰਜਰ ਹੋ ਰਹੀ ਹੈ। ਧਰਤੀ ਹੇਠਲਾ ਪਾਣੀ 1000 ਫੁੱਟ ਤੋਂ ਵੀ ਥੱਲੇ ਚਲਾ ਗਿਆ ਹੈ। ਸਾਡੀ ਖੇਤੀ ਦਾ ਇਕੱਲਾ ਸਹਾਰਾ ਹੁਣ ਨਹਿਰੀ ਪਾਣੀ ਹੈ — ਅਤੇ ਹੁਣ ਉਸ ਉੱਤੇ ਵੀ ਕੇਂਦਰ ਤੇ ਹਰਿਆਣਾ ਸਰਕਾਰਾਂ ਦੀ ਲਾਲਚੀ ਨਜ਼ਰ ਹੈ।
ਹਰਿਆਣਾ ਵੱਲੋਂ ਇਹ ਕਹਿਣਾ ਕਿ ਉਹ ਪਹਿਲਾਂ ਵੀ ਪੰਜਾਬ ਤੋਂ ਪਾਣੀ ਲੈਂਦੇ ਰਹੇ ਹਨ — ਹੁਣ ਸਵੀਕਾਰਯੋਗ ਨਹੀਂ। ਹਾਲਾਤ ਬਦਲ ਚੁੱਕੇ ਹਨ। ਪੰਜਾਬ ਨੇ ਆਪਣੀ ਨਹਿਰੀ ਪ੍ਰਣਾਲੀ ਵਿੱਚ ਸੁਧਾਰ ਕਰਕੇ ਹੁਣ 78% ਖੇਤਾਂ ਤੱਕ ਹੀ ਪਾਣੀ ਪਹੁੰਚਾਇਆ ਹੈ। ਅਸੀਂ ਆਪਣੀ ਧਰਤੀ ਨੂੰ ਬੰਜਰ ਨਹੀਂ ਹੋਣ ਦੇ ਸਕਦੇ। ਇਹ ਹੱਕ ਕਿਸੇ ਹੋਰ ਨੂੰ ਨਹੀਂ ਦਿੱਤਾ ਜਾ ਸਕਦਾ।
ਨੀਲ ਗਰਗ ਨੇ ਦੱਸਿਆ ਕਿ ਪਾਣੀਆਂ ਦਾ ਕੋਟਾ 21 ਮਈ ਤੱਕ ਤੈਅ ਹੁੰਦਾ ਹੈ ਪਰ 31 ਮਾਰਚ 2024 ਤੱਕ ਹਰਿਆਣਾ ਆਪਣੇ ਹਿੱਸੇ ਤੋਂ ਕਿਤੇ ਵੱਧ 103% ਪਾਣੀ ਵਰਤ ਚੁੱਕਾ ਹੈ। ਮਾਨਵਤਾ ਦੇ ਆਧਾਰ ਉੱਤੇ ਹਰਿਆਣਾ ਦੇ ਲੋਕਾਂ ਨੂੰ ਉਥੋਂ ਦੀ ਵਸੋਂ ਮੁਤਾਬਕ ਪੀਣ ਵਾਲਾ ਪਾਣੀ ਸਿਰਫ 17 00 ਯੂਸਿਕ ਚਾਹੀਦਾ ਹੈ ਇਸ ਦੇ ਬਾਵਜੂਦ ਪੰਜਾਬ 4000 ਕਿਊਸਿਕ ਤੱਕ ਪਾਣੀ ਦੇ ਰਿਹਾ ਹੈ, ਹੁਣ ਹੋਰ ਪਾਣੀ ਮੰਗਣਾ ਪੂਰੀ ਤਰ੍ਹਾਂ ਗੈਰ-ਵਾਜਬ ਅਤੇ ਪੰਜਾਬ ਦੇ ਹਿੱਤਾਂ ਦੇ ਖ਼ਿਲਾਫ਼ ਹੈ।
ਨੀਲ ਗਰਗ ਨੇ ਅੱਗੇ ਕਿਹਾ ਕਿ ਮਾਣਯੋਗ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਜੀ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਅਤੇ ਪੰਜਾਬ ਸਰਕਾਰ ਇਹ ਸਾਫ਼ ਕਰ ਚੁੱਕੀ ਹੈ ਕਿ ਪੰਜਾਬ ਕੋਲ ਇੱਕ ਬੂੰਦ ਵੀ “ਫ਼ਾਲਤੂ” ਪਾਣੀ ਨਹੀਂ ਹੈ, ਅਤੇ ਇਸ ਉੱਤੇ ਪਹਿਲਾ ਹੱਕ ਪੰਜਾਬ ਦੇ ਕਿਸਾਨਾਂ ਦਾ ਹੈ। ਅਸੀਂ ਹਰ ਕਾਨੂੰਨੀ ਤੇ ਰਾਜਨੀਤਿਕ ਮੰਚ 'ਤੇ ਪੰਜਾਬ ਦੇ ਹੱਕ ਦੀ ਲੜਾਈ ਲੜਾਂਗੇ। ਕੇਂਦਰ ਤੇ ਹਰਿਆਣਾ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਪੰਜਾਬ ਦੇ ਪਾਣੀ ਲੁੱਟਣ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਇਹ ਪੰਜਾਬ ਦੀ ਜ਼ਿੰਦਗੀ ਹੈ — ਅਤੇ ਇਸ ਨੂੰ ਕਿਸੇ ਹਾਲਤ ਵਿੱਚ ਲੁੱਟਣ ਨਹੀਂ ਦਿੱਤਾ ਜਾਵੇਗਾ।
© 2022 Copyright. All Rights Reserved with Arth Parkash and Designed By Web Crayons Biz