2025 ਦੀ ਨਸ਼ਿਆਂ ਦੀ ਸਭ ਤੋਂ ਵੱਡੀ ਬਰਾਮਦਗੀ: ਪਾਕਿਸਤਾਨ-ਆਈਐਸਆਈ ਵੱਲੋਂ ਸਮਰਥਿਤ ਨਾਰਕੋ ਤਸਕਰੀ ਮਾਡਿਊਲ ਦਾ ਪਰਦਾਫਾਸ਼; 85
2025 ਦੀ ਨਸ਼ਿਆਂ ਦੀ ਸਭ ਤੋਂ ਵੱਡੀ ਬਰਾਮਦਗੀ: ਪਾਕਿਸਤਾਨ-ਆਈਐਸਆਈ ਵੱਲੋਂ ਸਮਰਥਿਤ ਨਾਰਕੋ ਤਸਕਰੀ ਮਾਡਿਊਲ ਦਾ ਪਰਦਾਫਾਸ਼; 85 ਕਿੱਲੋ ਹੈਰੋਇਨ ਸਮੇਤ ਇੱਕ ਵਿਅਕਤੀ ਕਾਬੂ
—ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਅਮਰਜੋਤ ਆਪਣੇ ਯੂਕੇ-ਅਧਾਰਤ ਹੈਂਡਲਰ ਲਾਲੀ ਦੇ ਇਸ਼ਾਰੇ ’ਤੇ ਸਰਹੱਦ ਪਾਰ ਦੇ ਤਸਕਰਾਂ ਤੋਂ ਪ੍ਰਾਪਤ ਕਰ ਰਿਹਾ ਸੀ ਖੇਪ : ਡੀਜੀਪੀ ਗੌਰਵ ਯਾਦਵ
— ਨਸ਼ਾ ਸਪਲਾਈ ਕਰਨ ਵਾਲਿਆਂ, ਡੀਲਰਾਂ ਅਤੇ ਖ਼ਰੀਦਦਾਰਾਂ ਦੇ ਪੂਰੇ ਨੈੱਟਵਰਕ ਦਾ ਪਤਾ ਲਗਾਇਆ ਜਾਵੇਗਾ: ਐਸ.ਐਸ.ਪੀ. ਅਭਿਮਨਿਊ ਰਾਣਾ
ਚੰਡੀਗੜ੍ਹ/ਤਰਨਤਾਰਨ, 16 ਮਈ:
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ’ਤੇ ਸ਼ੁਰੂ ਕੀਤੀ ਗਈ ਨਸ਼ਾ ਵਿਰੋਧੀ ਮੁਹਿੰਮ ‘ਯੁੱਧ ਨਸ਼ਿਆ ਵਿਰੁੱਧ’ ਦੌਰਾਨ 2025 ਦੀ ਨਸ਼ੀਲੇ ਪਦਾਰਥਾਂ ਦੀ ਸਭ ਤੋਂ ਵੱਡੀ ਜ਼ਬਤੀ ਕਰਦਿਆਂ, ਤਰਨਤਾਰਨ ਪੁਲਿਸ ਨੇ ਯੂਕੇ-ਅਧਾਰਤ ਡਰੱਗ ਹੈਂਡਲਰ ਲਾਲੀ ਵੱਲੋਂ ਚਲਾਏ ਜਾ ਰਹੇ ਪਾਕਿ-ਆਈਐਸਆਈ ਸਮਰਥਿਤ ਨਾਰਕੋ-ਤਸਕਰੀ ਮਾਡਿਊਲ ਦਾ ਪਰਦਾਫਾਸ਼ ਕੀਤਾ ਅਤੇ ਮਾਡਿਊਲ ਦੇ ਭਾਰਤ-ਅਧਾਰਤ ਕਾਰਕੁੰਨ ਨੂੰ 85 ਕਿਲੋ ਹੈਰੋਇਨ ਸਮੇਤ ਗ੍ਰਿਫਤਤਾਰ ਕੀਤਾ ਹੈ। ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਸ਼ੁੱਕਰਵਾਰ ਨੂੰ ਇੱਥੇ ਦਿੱਤੀ।
ਗ੍ਰਿਫ਼ਤਾਰ ਕੀਤੇ ਗਏ ਕਾਰਕੁੰਨ ਦੀ ਪਛਾਣ ਅਮਰਜੋਤ ਸਿੰਘ ਉਰਫ਼ ਜੋਤਾ ਸੰਧੂ ਵਜੋਂ ਹੋਈ ਹੈ, ਜੋ ਅੰਮ੍ਰਿਤਸਰ ਦੇ ਪਿੰਡ ਭਿੱਟੇਵਾੜ ਵਿਖੇ ਆਪਣੀ ਰਿਹਾਇਸ਼ ਨੂੰ ਨੈੱਟਵਰਕ ਲਈ ਇੱਕ ਪ੍ਰਮੁੱਖ ਗੁਪਤ ਟਿਕਾਣੇ ਵਜੋਂ ਵਰਤ ਰਿਹਾ ਸੀ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਦੋਸ਼ੀ ਅਮਰਜੋਤ ਆਪਣੇ ਯੂਕੇ-ਅਧਾਰਤ ਡਰੱਗ ਹੈਂਡਲਰ ਲਾਲੀ ਦੇ ਇਸ਼ਾਰੇ ’ਤੇ ਕੰਮ ਕਰ ਰਿਹਾ ਸੀ ਅਤੇ ਸਰਹੱਦ ਪਾਰ ਦੇ ਨਸ਼ਾ ਤਸਕਰਾਂ ਤੋਂ ਡਰੋਨਾਂ ਰਾਹੀਂ ਨਸ਼ੀਲੇ ਪਦਾਰਥਾਂ ਦੀਆਂ ਖੇਪਾਂ ਪ੍ਰਾਪਤ ਕਰ ਰਿਹਾ ਸੀ । ਉਨ੍ਹਾਂ ਅੱਗੇ ਕਿਹਾ ਕਿ ਜਾਂਚ ਵਿੱਚ ਇਹ ਵੀ ਖੁਲਾਸਾ ਹੋਇਆ ਹੈ ਕਿ ਦੋਸ਼ੀ ਅਮਰਜੋਤ ਨੇ ਵੱਖ-ਵੱਖ ਸਰਹੱਦੀ ਥਾਵਾਂ ਤੋਂ ਹੈਰੋਇਨ ਦੀਆਂ ਖੇਪਾਂ ਪ੍ਰਾਪਤ ਕੀਤੀਆਂ ਅਤੇ ਉਨ੍ਹਾਂ ਨੂੰ ਪੰਜਾਬ ਦੇ ਅਲੱਗ-ਅਲੱਗ ਖੇਤਰਾਂ ਵਿੱਚ ਸਪਲਾਈ ਕਰਨ ਲਈ ਸਥਾਨਕ ਸਪਲਾਇਰਾਂ ਤੱਕ ਪਹੁੰਚਾਇਆ।
ਡੀਜੀਪੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਅਗਲੇਰੇ-ਪਿਛਲੇਰੇ ਸਬੰਧ ਸਥਾਪਤ ਕਰਨ ਲਈ ਹੋਰ ਜਾਂਚ ਜਾਰੀ ਹੈ। ਉਨ੍ਹਾਂ ਅੱਗੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ।
ਆਪਰੇਸ਼ਨ ਦੇ ਵੇਰਵੇ ਸਾਂਝੇ ਕਰਦੇ ਹੋਏ, ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸਐਸਪੀ) ਤਰਨ ਤਾਰਨ ਅਭਿਮਨਿਊ ਰਾਣਾ ਨੇ ਕਿਹਾ ਕਿ ਭਰੋਸੇਯੋਗ ਇਤਲਾਹ ’ਤੇ ਕਾਰਵਾਈ ਕਰਦੇ ਹੋਏ, ਡੀਐਸਪੀ (ਦਿਹਾਤੀ) ਗੁਰਿੰਦਰਪਾਲ ਸਿੰਘ ਨਾਗਰਾ ਦੀ ਨਿਗਰਾਨੀ ਹੇਠ ਸੀਆਈਏ ਸਟਾਫ ਦੀ ਇੱਕ ਪੁਲਿਸ ਟੀਮ ਨੇ ਇੱਕ ਯੋਜਨਾਬੱਧ ਆਪ੍ਰੇਸ਼ਨ ਚਲਾਇਆ ਅਤੇ ਤਰਨ ਤਾਰਨ ਦੇ ਝਬਾਲ ਰੋਡ ਨੇੜਿਓਂ ਦੋਸ਼ੀ ਅਮਰਜੋਤ ਸਿੰਘ ਉਰਫ਼ ਜੋਤਾ ਸੰਧੂ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਸਦੇ ਐਕਟਿਵਾ ਸਕੂਟਰ ਵਿਚੋਂ 5 ਕਿਲੋ ਹੈਰੋਇਨ ਬਰਾਮਦ ਕੀਤੀ।
ਐਸਐਸਪੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ, ਦੋਸ਼ੀ ਅਮਰਜੋਤ ਨੇ ਕਬੂਲਿਆ ਕਿ ਉਸਨੇ 40-40 ਕਿਲੋ ਦੀਆਂ ਦੋ ਖੇਪਾਂ ਛੁਪਾਈਆਂ ਹਨ, ਜਿਨ੍ਹਾਂ ਵਿਚੋਂ ਇੱਕ ਰੱਖ ਸਰਾਏ ਅਮਾਨਤ ਖਾਨ ਵਿਖੇ ਛੁਪਾਈ ਗਈ ਹੈ ਅਤੇ ਇੱਕ ਹੋਰ ਪਿੰਡ ਭਿੱਟੇਵਾੜ ਵਿੱਚ ਉਸਦੇ ਘਰ ਵਿੱਚ ਵਾਸ਼ਿੰਗ ਮਸ਼ੀਨ ਵਿੱਚ ਛੁਪਾਈ ਹੈ। ਉਹਨਾਂ ਕਿਹਾ ਕਿ ਦੋਵਾਂ ਥਾਵਾਂ ਤੇ ਪੁਲਿਸ ਟੀਮਾਂ ਭੇਜੀਆਂ ਗਈਆਂ ਅਤੇ 40-40 ਕਿਲੋ ਦੀਆਂ ਦੋ ਖੇਪਾਂ ਬਰਾਮਦ ਕੀਤੀਆਂ ਗਈਆਂ ਜਿਸ ਨਾਲ ਹੈਰੋਇਨ ਦੀ ਕੁੱਲ 85 ਕਿਲੋ ਤੱਕ ਅੱਪੜ ਗਈ ਹੈ।
ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੂੰ ਹੁਣ ਤੱਕ ਪ੍ਰਾਪਤ ਨਸ਼ੀਲੇ ਪਦਾਰਥਾਂ ਦੀ ਕੁੱਲ ਮਾਤਰਾ ਦਾ ਪਤਾ ਲਗਾਉਣ ਲਈ ਸਪਲਾਇਰਾਂ, ਡੀਲਰਾਂ, ਖਰੀਦਦਾਰਾਂ ਅਤੇ ਹਵਾਲਾ ਹੈਂਡਲਰਾਂ ਦੇ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਯਤਨ ਜਾਰੀ ਹਨ।
ਇਸ ਸਬੰਧੀ ਐਫਆਈਆਰ ਨੰਬਰ 118 ਮਿਤੀ 15 ਮਈ, 2025 ਨੂੰ ਤਰਨਤਾਰਨ ਸਿਟੀ ਪੁਲਿਸ ਸਟੇਸ਼ਨ ਵਿਖੇ ਐਨਡੀਪੀਐਸ ਐਕਟ ਦੀ ਧਾਰਾ 21 (ਸੀ) ਅਤੇ 25 ਤਹਿਤ ਕੇਸ ਦਰਜ ਕੀਤਾ ਗਿਆ ਹੈ।