ਸਿੱਖਿਆ ਦੀ ਪ੍ਰਫੁੱਲਤਾ ਹੀ ਸਾਡਾ ਮਿਸ਼ਨ-ਵਿਧਾਇਕ ਬੁੱਧ ਰਾਮ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਮਾਨਸਾ
ਸਿੱਖਿਆ ਦੀ ਪ੍ਰਫੁੱਲਤਾ ਹੀ ਸਾਡਾ ਮਿਸ਼ਨ-ਵਿਧਾਇਕ ਬੁੱਧ ਰਾਮ
ਕਿਹਾ, ਸਿੱਖਿਆ ਕਰਾਂਤੀ ਤਹਿਤ ਸਰਕਾਰੀ ਸਕੂਲਾਂ ਅਤੇ ਸਿੱਖਿਆ ਨੂੰ ਦਿੱਤਾ ਜਾ ਰਿਹੈ ਆਧੁਨਿਕ ਰੂਪ
ਵਿਧਾਇਕ ਬੁੱਧ ਰਾਮ ਵੱਲੋਂ ਹਲਕੇ ਦੇ 04 ਸਰਕਾਰੀ ਸਕੂਲਾਂ 'ਚ 01 ਕਰੋੜ 16 ਲੱਖ ਰੁਪਏ ਦੀ ਲਾਗਤ ਦੇ ਵੱਖ ਵੱਖ ਵਿਕਾਸ ਕਾਰਜਾਂ ਦਾ ਉਦਘਾਟਨ
ਬੁਢਲਾਡਾ/ਮਾਨਸਾ, 27 ਮਈ:
ਸੂਬੇ ਅੰਦਰ ਸਿੱਖਿਆ ਨੂੰ ਪ੍ਰਫੁੱਲਿਤ ਕਰਨਾ ਹੀ ਸਾਡਾ ਮਿਸ਼ਨ ਹੈ। ਸਿੱਖਿਆ ਦੀ ਅਹਿਮੀਅਤ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ, ਸਿੱਖਿਆ ਨੂੰ ਲੋਕਾਂ ਦੀਆਂ ਬਰੂਹਾਂ ਤੱਕ ਲੈ ਕੇ ਜਾਣਾ ਸਾਡਾ ਮੁੱਖ ਟੀਚਾ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਹਲਕਾ ਬੁਢਲਾਡਾ ਪ੍ਰਿੰਸੀਪਲ ਸ੍ਰ. ਬੁੱਧ ਰਾਮ ਨੇ ਹਲਕੇ ਦੇ 04 ਸਰਕਾਰੀ ਸਕੂਲਾਂ 'ਚ 01 ਕਰੋੜ 16 ਲੱਖ ਰੁਪਏ ਦੀ ਲਾਗਤ ਦੇ ਵੱਖ ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਕਰਦਿਆਂ ਕੀਤਾ।
ਵਿਧਾਇਕ ਬੁੱਧ ਰਾਮ ਨੇ ਕਿਹਾ ਕਿਸੇ ਵੀ ਖੇਤਰ ਦੀ ਪ੍ਰਫੁੱਲਤਾ ਲਈ ਲੋਕ ਚੇਤਨਾ ਦੀ ਅਹਿਮ ਲੋੜ ਹੁੰਦੀ ਹੈ। ਕੋਈ ਸਮਾਂਂ ਸੀ ਜਦੋਂ ਲੋਕ ਆਪਣੀਆਂ ਧੀਆਂ ਨੂੰ ਪੜ੍ਹਾਉਣਾ ਲਿਖਾਉਣਾ ਜ਼ਰੂਰੀ ਨਹੀਂ ਸਮਝਦੇ ਸਨ ਪ੍ਰੰਤੂ ਹੁਣ ਲੋਕਾਂ ਵਿਚ ਜਾਗਰੂਕਤਾ ਪੈਦਾ ਹੋਈ ਹੈ ਜਿਸ ਦੇ ਨਤੀਜੇ ਵਜੋਂ ਸਾਡੀਆਂ ਧੀਆਂ ਪੜ੍ਹਾਈ ਲਿਖਾਈ ਵਿਚ ਮੈਰਿਟ 'ਚ ਸਥਾਨ ਪ੍ਰਾਪਤ ਕਰ ਰਹੀਆਂ ਹਨ ਅਤੇ ਬਹੁਤ ਸਾਰੀਆਂ ਲੜਕੀਆਂ ਉੱਚ ਅਹੁਦਿਆਂ 'ਤੇ ਵੀ ਤੈਨਾਤ ਹਨ।
ਵਿਧਾਇਕ ਨੇ ਕਿਹਾ ਕਿ ਸਿੱਖਿਆ ਕਰਾਂਤੀ ਦਾ ਇਹੋ ਮੰਤਵ ਹੈ ਕਿ ਸਿੱਖਿਆ ਦੀ ਤਾਕਤ ਨੂੰ ਲੋਕਾਂ ਵਿਚ ਲੈ ਕੇ ਜਾਣਾ। ਸਿੱਖਿਆ ਦੇ ਨਾਲ ਹੀ ਅਸੀਂ ਆਪਣੇ ਪੈਰਾ ਸਿਰ ਖੜ੍ਹੇ ਹੋ ਸਕਦੇ ਹਾਂ, ਉੱਚ ਅਹੁਦਿਆਂ ਦੀ ਪ੍ਰਾਪਤੀ ਕਰ ਸਕਦੇ ਹਾਂ। ਦੁਨੀਆਂ ਜਿੱਤ ਸਕਦੇ ਹਾਂ। ਇਸ ਲਈ ਹਰ ਕਿਸੇ ਨੂੰ ਅਪੀਲ ਹੈ ਕਿ ਕੋਈ ਵੀ ਬੱਚਾ ਸਿੱਖਿਆ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ। ਕਿਸੇ ਦੇਸ਼ ਦੀ ਤਰੱਕੀ ਉਸ ਦਾ ਸਿੱਖਿਅਤ ਸਮਾਜ ਹੀ ਹੁੰਦਾ ਹੈ।
ਵਿਧਾਇਕ ਬੁੱਧ ਰਾਮ ਨੇ ਸਰਕਾਰੀ ਪ੍ਰਾਇਮਰੀ ਸਕੂਲ ਅੱਕਾਂਵਾਲੀ ਵਿਖੇ 22.64 ਲੱਖ, ਸਰਕਾਰੀ ਸੈਕੰਡਰੀ ਸਕੂਲ ਅੱਕਾਂਵਾਲੀ ਵਿਖੇ 39.80 ਲੱਖ, ਸਰਕਾਰੀ ਪ੍ਰਾਇਮਰੀ ਸਕੂਲ ਦਲੇਲ ਵਾਲਾ ਵਿਖੇ 17.31 ਲੱਖ ਅਤੇ ਸਰਕਾਰੀ ਹਾਈ ਸਕੂਲ ਦਲੇਲਵਾਲਾ ਵਿਖੇ 78.99 ਲੱਖ ਰੁਪਏ ਦੀ ਲਾਗਤ ਦੇ ਵੱਖ ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ।
ਇਸ ਮੌਕੇ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਚਰਨਜੀਤ ਸਿੰਘ ਅੱਕਾਂਵਾਲੀ, ਹਲਕਾ ਸਿੱਖਿਆ ਕੋਆਰਡੀਨੇਟਰ ਸੁਭਾਸ਼ ਨਾਗਪਾਲ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮਦਨ ਲਾਲ ਕਟਾਰੀਆ, ਸਰਪੰਚ ਜੁਗਰਾਜ ਸਿੰਘ, ਸਰਪੰਚ ਜਸਵੰਤ ਸਿੰਘ, ਡੀ.ਐਸ.ਐਮ. ਹਰਪ੍ਰੀਤ ਸਿੰਘ, ਸਕੂਲ ਮੁਖੀ ਸ਼ਾਂਤੀ ਦੇਵੀ, ਨਰਿੰਦਰ ਸਿੰਘ, ਮੇਜਰ ਸਿੰਘ, ਗੀਤਾ ਬਾਲਾ, ਚੇਅਰਮੈਨ ਐਸ.ਐਮ.ਸੀ. ਜਸਵੀਰ ਸਿੰਘ, ਜਸਵਿੰਦਰ ਸਿੰਘ, ਅਮਨਦੀਪ ਸਿੰਘ ਤੇ ਕੁਲਵਿੰਦਰ ਸਿੰਘ ਤੋਂ ਇਲਾਵਾ ਹੋਰ ਪਤਵੰਤੇ ਹਾਜ਼ਰ ਸਨ।