ਗੋਇਲ ਸਹਾਇਕ ਸਿਵਲ ਸਰਜਨ
ਗੋਇਲ ਸਹਾਇਕ ਸਿਵਲ ਸਰਜਨ
ਅਬੋਹਰ ਫਾਜ਼ਿਲਕਾ 31 ਮਈ
ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਡਾ ਰਾਜ ਕੁਮਾਰ ਸਿਵਲ ਸਰਜਨ ਫਾਜ਼ਿਲਕਾ ਦੀ ਉਚੇਚੀ ਨਿਗਰਾਨੀ ਵਿੱਚ ਡਾ ਰੋਹਿਤ ਗੋਇਲ ਸਹਾਇਕ ਸਿਵਲ ਸਰਜਨ ਅਤੇ ਡਾ ਨੀਰਜਾ ਗੁਪਤਾ ਸੀਨੀਅਰ ਮੈਡੀਕਲ ਅਫ਼ਸਰ ਦੀ ਪ੍ਰਧਾਨਗੀ ਵਿੱਚ ਵਿਸ਼ਵ ਨੋ ਤੰਬਾਕੂ ਦਿਵਸ ਦੇ ਸਬੰਧ ਵਿੱਚ ਜਿਲ੍ਹਾ ਪੱਧਰੀ ਜਾਗਰੂਕਤਾ ਸਮਾਗਮ ਸਿਵਲ ਹਸਪਤਾਲ ਅਬੋਹਰ ਵਿਖੇ ਕੀਤਾ ਗਿਆ।
ਇਸ ਸਮੇਂ ਡਾ ਸੁਰੇਸ਼ ਕੁਮਾਰ ਐਮ ਡੀ (ਮੈਡੀਸਨ) ਨੇ ਕਿਹਾ ਕਿ ਹਰੇਕ ਸਾਲ 31 ਮਈ ਨੂੰ ਵਿਸ਼ਵ ਭਰ ਵਿਚ ਤੰਬਾਕੂ ਰਹਿਤ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਤੰਬਾਕੂ ਵਿਰੋਧੀ ਗਤੀਵਿਧੀਆਂ ਅਤੇ ਤੰਬਾਕੂ ਤੋਂ ਬਚਣ ਲਈ ਜਾਗਰੂਕਤਾ ਸਮਾਗਮ ਕੀਤੇ ਜਾਂਦੇ ਹਨ। ਉਹਨਾਂ ਕਿਹਾ ਕਿ ਸਾਡੇ ਦੇਸ਼ ਵਿੱਚ 13 ਤੋਂ 18 ਸਾਲ ਤੱਕ ਦੇ ਬਹੁਤ ਸਾਰੇ ਬੱਚੇ ਤੰਬਾਕੂ ਅਤੇ ਤੰਬਾਕੂ ਯੁਕਤ ਪਦਾਰਥਾਂ ਦਾ ਸੇਵਨ ਕਰਨ ਲੱਗ ਜਾਂਦੇ ਹਨ। ਉਹਨਾਂ ਕਿਹਾ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਤੰਬਾਕੂ ਉਤਪਾਦ ਵਿੱਚ ਜਾਂ ਤੰਬਾਕੂ ਦੀ ਵਿਕਰੀ ਵਿੱਚ ਲਗਾਉਣਾ ਕਾਨੂੰਨਨ ਅਪਰਾਧ ਹੈ ਅਤੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਤੰਬਾਕੂ ਵੇਚਣਾ ਵੀ ਕਾਨੂੰਨਨ ਅਪਰਾਧ ਹੈ। ਤੰਬਾਕੂ ਦੇ ਸੇਵਨ ਦੇ ਬੁਰੇ ਪ੍ਰਭਾਵਾਂ ਤੋਂ ਲੋਕਾਂ ਨੂੰ ਬਚਾਉਣ ਲਈ ਸਿਗਰਟ ਐਂਡ ਅਦਰ ਤੰਬਾਕੂ ਪ੍ਰੋਡੱਕਟ ਐਕਟ (ਕੋਟਪਾ) 2003 ਲਾਗੂ ਕੀਤਾ ਗਿਆ ਹੈ। ਜਿਸ ਦੀਆਂ ਵੱਖ ਵੱਖ ਧਾਰਾਵਾਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੈਕਸ਼ਨ 4 ਅਧੀਨ ਜਨਤਕ ਥਾਵਾਂ ਤੇ ਤੰਬਾਕੂਨੋਸ਼ੀ ਕਰਨ ਤੇ ਸਖਤ ਮਨਾਹੀ ਹੈ, ਸੈਕਸ਼ਨ 6—ਏ ਅਨੁਸਾਰ 18 ਸਾਲ ਤੋਂ ਘੱਟ ਦੇ ਬੱਚਿਆਂ ਦੁਆਰਾ ਤੰਬਾਕੂ ਖਰੀਦੋ ਫਰੋਖਤ ਨਹੀਂ ਕੀਤੀ ਜਾ ਸਕਦੀ, ਸੈਕਸ਼ਨ 6—ਬੀ ਅਨੁਸਾਰ ਸਿੱਖਿਆ ਸੰਸਥਾਵਾਂ ਦੇ 100 ਗਜ ਦੇ ਘੇਰੇ ਅੰਦਰ ਤੰਬਾਕੂ ਤੇ ਤੰਬਾਕੂ ਤੋਂ ਬਣੇ ਪਦਾਰਥਾਂ ਦੀ ਵਿਕਰੀ ਤੇ ਸਖਤ ਮਨਾਹੀ ਹੈ, ਸੈਕਸ਼ਨ 5 ਅਨੁਸਾਰ ਤੰਬਾਕੂ ਪਦਾਰਥਾਂ ਦੀ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਮਸ਼ਹੂਰੀ ਨਹੀਂ ਕੀਤੀ ਜਾ ਸਕਦੀ ਅਤੇ ਕਾਊਂਟਰ ਜਾਂ ਟੇਬਲ ਤੇ ਸਾਹਮਣੇ ਰੱਖ ਕੇ ਨਹੀਂ ਵੇਚੇ ਜਾ ਸਕਦੇ। ਸੈਕਸ਼ਨ 7 ਅਧੀਨ ਬੀੜੀ ਸਿਗਰਟ, ਜ਼ਰਦਾ ਅਤੇ ਹੋਰ ਤੰਬਾਕੂ ਪਦਾਰਥਾਂ ਦੀ ਪੈਕਿੰਗ ਉਪਰ 85 ਪ੍ਰਤੀਸ਼ਤ ਜਗ੍ਹਾ ਉਪਰ ਪਿਕਟੋਰੀਅਲ ਵਾਰਨਿੰਗ ਪਿਕਚਰ ਲਗਾਉਣੀ ਬਹੁਤ ਜਰੂਰੀ ਹੈ ਅਤੇ ਕੋਈ ਵੀ ਤੰਬਾਕੂ ਪਦਾਰਥ ਖੁੱਲ੍ਹੇ ਰੂਪ ਵਿਚ ਨਹੀਂ ਵੇਚੇ ਜਾ ਸਕਦੇ। ਉਨ੍ਹਾਂ ਦੱਸਿਆ ਕਿ ਸੈਕਸ਼ਨ 4, 6ਏ ਅਤੇ 6ਬੀ ਅਧੀਨ ਉਲੰਘਣਾ ਕਰਨ ਵਾਲੇ ਵਿਅਕਤੀਆਂ ਨੂੰ 200 ਰੁਪਏ ਤੱਕ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ, ਸੈਕਸ਼ਨ ਨੰ. 5 ਅਤੇ 7 ਦੀ ਉਲੰਘਣਾ ਕਰਨ ਵਾਲੇ ਤੰਬਾਕੂ ਵਿਕਰੇਤਾਵਾਂ ਨੂੰ ਜੁਰਮਾਨੇ ਦੇ ਨਾਲ ਕੋਰਟ ਕੇਸ ਤੇ ਸਜਾ ਵੀ ਹੋ ਸਕਦੀ ਹੈ। ਉਹਨਾਂ ਦੱਸਿਆ ਕਿ ਹਰੇਕ ਤੰਬਾਕੂ ਪਦਾਰਥ ਤੇ ਲਿਖਿਆ ਹੁੰਦਾ ਹੈ ਕਿ "ਤੰਬਾਕੂ ਦਾ ਸੇਵਨ ਸਿਹਤ ਲਈ ਹਾਨੀਕਾਰਕ ਹੈ"। ਪਰ ਫਿਰ ਵੀ ਲੋਕ ਇਸ ਨੂੰ ਵਰਤਦੇ ਹਨ।
ਤੰਬਾਕੂ ਅਤੇ ਤੰਬਾਕੂ ਤੋਂ ਬਣੇ ਪਦਾਰਥਾਂ ਦੇ ਸੇਵਨ ਕਰਨ ਨਾਲ ਸਾਹ, ਦਮਾ, ਚਮੜੀ ਰੋਗ, ਬਲੱਡ ਪ੍ਰੈਸ਼ਰ, ਹਾਰਟ ਅਟੈਕ, ਸ਼ੂਗਰ, ਦਿਮਾਗੀ ਰੋਗ, ਸਰੀਰ ਦੇ ਕਿਸੇ ਵੀ ਅੰਗ ਦਾ ਕੈਂਸਰ, ਗਰਭ ਦੋਰਾਨ ਪਲ ਰਿਹਾ ਬੱਚਾ ਵੀ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਉਹਨਾਂ ਕਿਹਾ ਕਿ ਸਿਗਰਟ ਬੀੜੀ ਪੀਣ ਵਾਲਾ ਵਿਅਕਤੀ ਆਪਣੇ ਆਲੇ –ਦੁਆਲੇ ਜਾਂ ਪਰਿਵਾਰਕ ਮੈਂਬਰਾਂ ਦਾ ਪੈਸਿਵ ਸਮੋਕਰ ਬਣ ਕੇ ਨੁਕਸਾਨ ਕਰਦਾ ਹੈ। ਇਸ ਲਈ ਤੰਬਾਕੂਨੋਸ਼ੀ ਕਰਨ ਵਾਲਾ ਵਿਅਕਤੀ ਆਪਣੇ ਸਰੀਰ ਦੇ ਨਾਲ ਨਾਲ ਸਮਾਜ ਵਿੱਚ ਵੀ ਬਿਮਾਰੀ ਫੈਲਾਉਣ ਦਾ ਕਾਰਨ ਬਣਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਤੰਬਾਕੂ ਦੀ ਭੈੜੀ ਅਲਾਮਤ ਨੂੰ ਛੱਡਣਾ ਚਾਹੁੰਦਾ ਹੈ ਤਾਂ ਸਿਵਲ ਹਸਪਤਾਲ ਫਾਜ਼ਿਲਕਾ ਅਤੇ ਅਬੋਹਰ ਵਿਖੇ ਜਾ ਕੇ ਮਾਹਿਰ ਡਾਕਟਰ ਦੀ ਸਲਾਹ ਨਾਲ ਛੱਡ ਸਕਦਾ ਹੈ।
ਇਸ ਮੌਕੇ ਵਿਨੋਦ ਖੁਰਾਣਾ, ਮਨਬੀਰ ਸਿੰਘ ਅਤੇ ਟਹਿਲ ਸਿੰਘ ਨੇ ਤੰਬਾਕੂ ਦੇ ਬੁਰੇ ਪ੍ਰਭਾਵਾਂ ਸਬੰਧੀ ਜਾਣਕਾਰੀ ਦਿੱਤੀ ਅਤੇ ਸਮੂਹ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਤੰਬਾਕੂ ਖਾਣ ਤੋਂ ਬਚਿਆ ਜਾਵੇ ਅਤੇ ਕੋਈ ਵਿਅਕਤੀ ਤੰਬਾਕੂ ਦਾ ਆਦੀ ਹੈ ਤਾਂ ਉਸ ਦੀ ਤੰਬਾਕੂ ਛੱਡਣ ਵਿੱਚ ਸਹਾਇਤਾ ਕੀਤੀ ਜਾਵੇ।
ਇਸ ਸਮੇਂ ਹਾਜ਼ਰੀਨ ਨੂੰ ਪੂਰੀ ਜਿੰਦਗੀ ਕਿਸੇ ਵੀ ਤਰ੍ਹਾਂ ਦੇ ਤੰਬਾਕੂ ਪਦਾਰਥ ਦਾ ਕਿਸੀ ਵੀ ਰੂਪ ਵਿੱਚ ਵਰਤੋਂ ਨਾ ਕਰਨ, ਆਪਣੇ ਪਰਿਵਾਰ ਦੇ ਕਿਸੇ ਮੈਂਬਰ, ਰਿਸ਼ਤੇਦਾਰ ਅਤੇ ਮਿੱਤਰ ਜੋ ਕਿਸੇ ਵੀ ਰੂਪ ਵਿੱਚ ਤੰਬਾਕੂ ਦੀ ਵਰਤੋਂ ਕਰਦਾ ਹੈ, ਨੂੰ ਤੰਬਾਕੂ ਦੇ ਮਾੜੇ ਸੇਵਨ ਬਾਰੇ ਜਾਗਰੂਕ ਕਰਨ ਅਤੇ ਉਸ ਦੀ ਇਸ ਆਦਤ ਨੂੰ ਛੁਡਾਉਣ ਵਿੱਚ ਮੱਦਦ ਕਰਨ ਦਾ ਪ੍ਰਣ ਕਰਵਾਇਆ।