ਲੋਕ ਸਭਾ ਮੈਂਬਰ ਡਾ. ਚੱਬੇਵਾਲ ਕਪਾਹਟ ਵਿਖੇ ਮੁਕਾਂਮਬਲੀ ਸ਼ਾਹ ਦੇ ਦਰਬਾਰ ਵਿਚ ਹੋਏ ਨਤਮਸਤਕ
ਲੋਕ ਸਭਾ ਮੈਂਬਰ ਡਾ. ਚੱਬੇਵਾਲ ਕਪਾਹਟ ਵਿਖੇ ਮੁਕਾਂਮਬਲੀ ਸ਼ਾਹ ਦੇ ਦਰਬਾਰ ਵਿਚ ਹੋਏ ਨਤਮਸਤਕ
-ਅੱਜੋਵਾਲ ਤੋਂ ਮਹਿੰਗਰੋਵਾਲ ਸੜਕ ਅਤੇ ਮਹਿੰਗਰੋਵਾਲ ਪੁਲ ਦਾ ਜਲਦ ਹੋਵੇਗਾ ਨਿਰਮਾਣ
ਹੁਸ਼ਿਆਰਪੁਰ, 1 ਜੁਲਾਈ : ਹੁਸ਼ਿਆਰਪੁਰ ਤੋਂ ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਵਿਧਾਨ ਸਭਾ ਹਲਕਾ ਸ਼ਾਮਚੁਰਾਸੀ ਵਿੱਚ ਪੈਂਦੇ ਕੰਢੀ ਦੇ ਪਿੰਡ ਕਪਾਹਟ ਵਿਚ ਸਥਿਤ ਮੁਕਾਂਮਬਲੀ ਸ਼ਾਹ ਜੀ ਦੇ ਧਾਰਮਿਕ ਅਸਥਾਨ ’ਤੇ ਚੱਲ ਰਹੇ ਸਾਲਾਨਾ ਮੇਲੇ ਵਿਚ ਵਿਸ਼ੇਸ਼ ਤੌਰ ’ਤੇ ਪਹੁੰਚੇ ਅਤੇ ਮੱਥਾ ਟੇਕਣ ਤੋਂ ਬਾਅਦ ਕਮਿਊਨਿਟੀ ਸੈਂਟਰ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ ਜੋ ਕਿ ਐਮ.ਪੀ ਲੈਡ ਫੰਡ ਤੋਂ ਬਣਾਇਆ ਜਾਵੇਗਾ, ਇਸ ਮੌਕੇ ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਦਾ ਦਰਬਾਰ ਦੇ ਗੱਦੀਨਸ਼ੀਨ ਬਾਬਾ ਸੁਰੇਸ਼ ਸ਼ਾਹ ਅਤੇ ਪੰਚਾਇਤ ਮੈਂਬਰਾਂ ਨੇ ਸਵਾਗਤ ਕੀਤਾ। ਆਪਣੇ ਸੰਬੋਧਨ ਦੌਰਾਨ ਪੰਡਾਲ ਵਿਚ ਮੌਜੂਦ ਸੰਗਤ ਨੂੰ ਜਾਣਕਾਰੀ ਦਿੰਦੇ ਹੋਏ ਡਾ. ਚੱਬੇਵਾਲ ਨੇ ਕਿਹਾ ਕਿ ਅੱਜੋਵਾਲ-ਮਹਿੰਗਰੋਵਾਲ ਸੜਕ ਦਾ ਨਿਰਮਾਣ ਕਾਰਜ ਕੁਝ ਦਿਨਾਂ ਵਿੱਚ ਸ਼ੁਰੂ ਹੋ ਜਾਵੇਗਾ, ਜਿਸ ’ਤੇ ਪੰਜਾਬ ਸਰਕਾਰ 8 ਕਰੋੜ ਤੋਂ ਵੱਧ ਖਰਚ ਕਰਨ ਜਾ ਰਹੀ ਹੈ ਅਤੇ ਇਸੇ ਤਰਜ਼ ’ਤੇ ਮਹਿੰਗਰੋਵਾਲ ਪੱੁਲ ਦਾ ਨਿਰਮਾਣ ਕਾਰਜ ਵੀ ਜਲਦੀ ਸ਼ੁਰੂ ਹੋ ਜਾਵੇਗਾ, ਜਿਸ ’ਤੇ 7 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਡਾ. ਚੱਬੇਵਾਲ ਨੇ ਕਿਹਾ ਕਿ ਕਮਿਊਨਿਟੀ ਹਾਲ ਤੋਂ ਇਲਾਵਾ ਕਪਾਹਟ ਪਿੰਡ ਅਤੇ ਕੰਢੀ ਦੇ ਵਿਕਾਸ ’ਤੇ ਖਰਚ ਕੀਤੇ ਜਾਣ ਵਾਲੇ ਪੈਸੇ ਵਿੱਚ ਕੋਈ ਕਮੀ ਨਹੀਂ ਆਵੇਗੀ। ਉਨ੍ਹਾਂ ਕਿਹਾ ਕਿ ਲੋਕਤੰਤਰ ਵਿਚ ਸਭ ਤੋਂ ਵੱਡੀ ਤਾਕਤ ਲੋਕਾਂ ਕੋਲ ਹੁੰਦੀ ਹੈ, ਜੇਕਰ ਕੋਈ ਵਿਅਕਤੀ ਚਾਹੇ ਤਾਂ ਉਹ ਡਾਕਟਰ, ਆਈਪੀਐਸ, ਆਈਏਐਸ, ਇੰਜੀਨੀਅਰ ਬਣ ਸਕਦਾ ਹੈ, ਪਰ ਲੀਡਰ ਬਣਨ ਲਈ ਲੋਕਾਂ ਦਾ ਸਮਰਥਨ ਅਤੇ ਆਸ਼ੀਰਵਾਦ ਜ਼ਰੂਰੀ ਹੁੰਦਾ ਹੈ, ਜਿਸ ਨੂੰ ਜਨਤਾ ਦਾ ਸਮਰਥਨ ਮਿਲੇਗਾ ਉਹ ਹੀ ਆਗੂ ਬਣੇਗਾ। ਡਾ. ਚੱਬੇਵਾਲ ਨੇ ਕਿਹਾ ਕਿ ਤੁਸੀਂ ਲੋਕਾਂ ਨੇ ਮੈਨੂੰ ਵਿਧਾਨ ਸਭਾ ਹਲਕਾ ਚੱਬੇਵਾਲ ਅਤੇ ਹੋਰ 8 ਵਿਧਾਨ ਸਭਾ ਹਲਕਿਆਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਅਤੇ ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਲੋਕਾਂ ਦੀ ਸੇਵਾ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ, ਜਿਨ੍ਹਾਂ ਥਾਵਾਂ ਨੂੰ ਵਿਕਾਸ ਦੀ ਲੋੜ ਹੈ, ਉਨ੍ਹਾਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਹਰ ਜਗ੍ਹਾ ਬਰਾਬਰ ਵਿਕਾਸ ਕੀਤਾ ਜਾਵੇਗਾ। ਇਸ ਮੌਕੇ ਡਾ. ਰਾਜ ਕੁਮਾਰ ਚੱਬੇਵਾਲ ਅਤੇ ਪੰਚਾਇਤ ਮੈਂਬਰਾਂ ਵੱਲੋਂ ਦਰਬਾਰ ਵਿੱਚ ਪੌਦੇ ਵੀ ਲਗਾਏ ਗਏ। ਅੰਤ ਵਿੱਚ ਬਾਬਾ ਸੁਰੇਸ਼ ਸ਼ਾਹ ਦੀ ਅਗਵਾਈ ਹੇਠ ਕਮੇਟੀ ਅਤੇ ਪੰਚਾਇਤ ਮੈਂਬਰਾਂ ਵੱਲੋਂ ਡਾ. ਰਾਜ ਕੁਮਾਰ ਚੱਬੇਵਾਲ ਦਾ ਸਨਮਾਨ ਕੀਤਾ ਗਿਆ। ਇਸ ਦੌਰਾਨ ਸਟੇਜ ਸੰਚਾਲਕ ਦੀ ਭੂਮਿਕਾ ਸਤਪਾਲ ਨੇ ਨਿਭਾਈ।