ਸਿਹਤ ਵਿਭਾਗ ਵੱਲੋਂ ਠੰਡ ਦੇ ਮੱਦੇਨਜ਼ਰ ਸਲਾਹਕਾਰੀ ਜਾਰੀ
ਸਿਹਤ ਵਿਭਾਗ ਵੱਲੋਂ ਠੰਡ ਦੇ ਮੱਦੇਨਜ਼ਰ ਸਲਾਹਕਾਰੀ ਜਾਰੀ
ਬੰਦ ਕਮਰੇ 'ਚ ਕੋਲੇ ਵਾਲੀ ਅੰਗੀਠੀ ਬਾਲਣਾ ਘਾਤਕ
ਮਾਨਸਾ, 8 ਜਨਵਰੀ
ਸੀਤ ਲਹਿਰ ਅਤੇ ਡਿੱਗ ਰਹੇ ਤਾਪਮਾਨ ਕਰਕੇ ਵਧਦੀ ਠੰਡ ਦੇ ਮੱਦੇਨਜ਼ਰ ਲੋਕਾਂ ਦੀ ਸਿਹਤ ਸੁਰੱਖਿਆ ਨੂੰ ਲੈ ਕੇ ਸਿਹਤ ਵਿਭਾਗ ਵੱਲੋਂ ਸਲਾਹਕਾਰੀ ਜਾਰੀ ਕੀਤੀ ਗਈ ਹੈ।
ਜ਼ਿਲ੍ਹਾ ਸਿਹਤ ਅਫ਼ਸਰ ਡਾ. ਰਣਜੀਤ ਸਿੰਘ ਰਾਏ ਨੇ ਕਿਹਾ ਕਿ ਇਸ ਸੀਤ ਲਹਿਰ ਦੇ ਮੌਸਮ ਦੌਰਾਨ ਗਰਮ ਕੱਪੜੇ ਪਾ ਕੇ ਰੱਖਣੇ ਚਾਹੀਦੇ ਹਨ। ਮੂੰਗਫਲੀ, ਭੁੱਜੇ ਦਾਣੇ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ। ਹੀਟਰ ਕਮਰੇ ਵਿਚਲੀ ਹਵਾ 'ਚੋਂ ਨਮੀ ਖ਼ਤਮ ਕਰ ਦਿੰਦਾ ਹੈ। ਇਸ ਲਈ ਜਦੋਂ ਕਮਰੇ 'ਚ ਹੀਟਰ ਲਗਾਉਣ ਸਮੇਂ ਕਮਰੇ ਵਿੱਚ ਸਾਈਡ 'ਤੇ ਗਿੱਲੇ ਕੱਪੜੇ ਸੁੱਕਣੇ ਪਾ ਦੇਣੇ ਚਾਹੀਦੇ ਹਨ, ਬਾਲਟੀ ਜਾਂ ਟੱਬ ਪਾਣੀ ਦਾ ਭਰ ਕੇ ਰੱਖ ਲੈਣ ਨਾਲ ਹੀਟਰ ਕਰਕੇ ਜੋ ਨਮੀ ਹਵਾ 'ਚ ਖ਼ਤਮ ਹੁੰਦੀ ਹੈ,ਪਾਣੀ ਵਾਲੇ ਟਬ ਜਾਂ ਬਾਲਟੀ ਤੋਂ ਨਮੀ ਪੂਰੀ ਹੋ ਜਾਂਦੀ ਹੈ। ਬਾਥ ਗੀਜ਼ਰ ਬਿਜਲਈ/ਗੈਸ ਗੀਜਰ ਬਾਥ ਰੂਮ ਤੋਂ ਬਾਹਰ ਹੋਣਾ ਚਾਹੀਦਾ ਹੈ ਤਾਂ ਜੋ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ।
ਸਰਦ ਰੁੱਤ ਦੇ ਮੌਸਮ 'ਚ ਲਗਾਤਾਰ ਘਟ ਰਹੇ ਤਾਪਮਾਨ 'ਚ ਸਿਹਤ ਪ੍ਰਤੀ ਲਾਪ੍ਰਵਾਹੀ ਖਤਰਨਾਕ ਸਾਬਤ ਹੋ ਸਕਦੀ ਹੈ। ਸੀਤ ਲਹਿਰ ਦੌਰਾਨ ਅਕਸਰ ਧੂਣੀ, ਚੁੱਲ੍ਹਾ ਅਤੇ ਅੰਗੀਠੀ ਬਾਲ ਲਈ ਜਾਂਦੀ ਹੈ, ਇੰਨ੍ਹਾਂ 'ਚ ਲੱਕੜੀ ਅਤੇ ਕੋਲੇ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਕਈ ਵਾਰ ਲੋਕ ਅੰਗੀਠੀ ਨੂੰ ਬਾਲ ਕੇ ਆਪਣੇ ਬੰਦ ਕਮਰੇ 'ਚ ਰੱਖ ਲੈਂਦੇ ਹਨ ਜੋ ਬਹੁਤ ਹੀ ਖ਼ਤਰਨਾਕ ਅਤੇ ਜਾਨਲੇਵਾ ਸਾਬਤ ਹੁੰਦਾ ਹੈ, ਕਿਉਂਕਿ ਕੋਲੇ ਵਾਲੀ ਅੰਗੀਠੀ 'ਚੋਂ ਕਾਰਬਨ ਮੋਨੋਆਕਸਾਈਡ ਜ਼ਹਿਰੀਲੀ ਗੈਸ ਨਿਕਲਣ ਕਰਕੇ ਮਨੁੱਖੀ ਸਿਹਤ ਲਈ ਖ਼ਤਰਨਾਕ ਹੋ ਸਕਦੀ ਹੈ ਸੋ ਇਸ ਤਰ੍ਹਾਂ ਦੀ ਲਾਪਰਵਾਹੀ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਸੀਤ ਲਹਿਰ ਦੌਰਾਨ ਹੋ ਸਕੇ ਤਾਂ ਘਰ ਤੋਂ ਬਾਹਰ ਨਿੱਕਲਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਅਤੇ ਜੇਕਰ ਬਾਹਰ ਜਾਣਾ ਹੋਵੇ ਤਾਂ ਪੂਰੇ ਸਰੀਰ ਨੂੰ ਢਕਣ ਵਾਲੇ ਗਰਮ ਕੱਪੜੇ ਪਹਿਨਣੇ ਚਾਹੀਦੇ ਹਨ ਅਤੇ ਮੂੰਹ, ਨੱਕ ਵੀ ਢਕ ਕੇ ਬਾਹਰ ਨਿੱਕਲਣਾ ਚਾਹੀਦਾ ਹੈ।