ਪਹਿਲਗਾਮ ’ਚ ਹੋਏ ਅੱਤਵਾਦੀ ਹਮਲੇ ਖਿਲਾਫ਼ ਇਕਜੁੱਟ ਹੋਏ ਜਲੰਧਰ ਜ਼ਿਲ੍ਹੇ ਦੇ ਵਾਸੀ
ਪਹਿਲਗਾਮ ’ਚ ਹੋਏ ਅੱਤਵਾਦੀ ਹਮਲੇ ਖਿਲਾਫ਼ ਇਕਜੁੱਟ ਹੋਏ ਜਲੰਧਰ ਜ਼ਿਲ੍ਹੇ ਦੇ ਵਾਸੀ
- ਹਲਕਾ ਵਿਧਾਇਕਾਂ ਦੀ ਅਗਵਾਈ ’ਚ ਵਿਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਲਈ ਕੱਢਿਆ ਕੈਂਡਲ ਮਾਰਚ
- ਅੱਤਵਾਦੀ ਹਮਲੇ ਦੀ ਸਖ਼ਤ ਸ਼ਬਦਾਂ ’ਚ ਕੀਤੀ ਨਿਖੇਧੀ
ਜਲੰਧਰ, 24 ਅਪ੍ਰੈਲ :
ਜਲੰਧਰ ਵਿਖੇ ਵੀਰਵਾਰ ਦੀ ਸ਼ਾਮ ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਅਗਵਾਈ ਵਿੱਚ ਅੱਤਵਾਦੀ ਹਮਲੇ ਦੇ ਵਿਰੁੱਧ ਕੱਢੇ ਗਏ ਕੈਂਡਲ ਮਾਰਚ ਵਿੱਚ ਲੋਕਾਂ ਦਾ ਭਾਰੀ ਰੋਹ ਅਤੇ ਇਕੱਠ ਦੇਖਿਆ ਗਿਆ। ਇਹ ਕੈਂਡਲ ਮਾਰਚ ਪਹਿਲਗਾਮ ਵਿਖੇ ਹੋਏ ਅਤਿ ਘਿਨੌਣੇ ਅੱਤਵਾਦੀ ਹਮਲੇ, ਜਿਸ ਵਿੱਚ 26 ਨਿਰਦੋਸ਼ ਤੇ ਮਾਸੂਮ ਲੋਕ ਮਾਰੇ ਗਏ ਸਨ, ਨੁੂੰ ਸ਼ਰਧਾਂਜ਼ਲੀ ਭੇਟ ਕਰਨ ਲਈ ਕੱਢਿਆ ਗਿਆ। ਇਹ ਮਾਰਚ ਭਗਵਾਨ ਵਾਲਮਿਕੀ ਜੀ ਚੌਕ ਅਤੇ ਨਕੋਦਰ ਸ਼ਹਿਰ ਵਿਖੇ ਵਿਧਾਇਕ ਰਮਨ ਅਰੋੜਾ ਅਤੇ ਵਿਧਾਇਕ ਇੰਦਰਜੀਤ ਕੌਰ ਮਾਨ ਦੀ ਅਗਵਾਈ ਵਿੱਚ ਕੱਢਿਆ ਗਿਆ। ਇਕ ਹੋਰ ਮਾਰਚ ਦੋਆਬਾ ਚੌਕ ਵਿਖੇ ਚੇਅਰਮੈਨ ਪੰਜਾਬ ਸਫ਼ਾਈ ਕਰਮਚਾਰੀ ਕਮਿਸ਼ਨ ਚੰਦਨ ਗਰੇਵਾਲ, ਚੇਅਰਮੈਨ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਲਿਮਟਿਡ ਮੰਗਲ ਸਿੰਘ ਬਾਸੀ, ਆਪ ਦੇ ਜ਼ਿਲ੍ਹਾ ਪ੍ਰਧਾਨ ਅਤੇ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਿੱਚ ਕੱਢਿਆ ਗਿਆ।
ਕੈਂਡਲ ਮਾਰਚ ਦੌਰਾਨ ਸਾਰੇ ਵਰਗਾਂ ਦੇ ਲੋਕਾਂ ਵਲੋਂ ਸ਼ਿਰਕਤ ਕੀਤੀ ਗਈ, ਜਿਸ ਦੌਰਾਨ ਸਭ ਵਲੋਂ ਇਕਜੁਟੱਤਾ ਦਾ ਪ੍ਰਗਟਾਵਾ ਕਰਦਿਆਂ ਅੱਤਵਾਦ ਦੀ ਇਕਸੁਰ ਹੋ ਕੇ ਜ਼ੋਰਦਾਰ ਢੰਗ ਨਾਲ ਨਿੰਦਾ ਕੀਤੀ ਗਈ। ਮਾਰਚ ਦੌਰਾਨ ਹੱਥਾਂ ਵਿੱਚ ਮੋਮਬੱਤੀਆਂ, ਬੈਨਰ ਅਤੇ ਤਖ਼ਤੀਆਂ ਫੜ੍ਹ ਕੇ ਅੱਤਵਾਦ ਖਿਲਾਫ਼ ਰੋਸ ਦਾ ਪ੍ਰਗਟਾਵਾ ਕਰਦਿਆਂ ਸਭਨਾ ਵਲੋਂ ਹਮਲੇ ਵਿੱਚ ਮਾਰੇ ਗਏ ਲੋਕਾਂ ਨੂੰ ਸਰਧਾਂਜ਼ਲੀਆਂ ਭੇਟ ਕਰਦਿਆਂ ਇਕ ਮਜ਼ਬੂਤ ਸੰਦੇਸ਼ ਦਿੱਤਾ ਕਿ ਸਭਿਅਕ ਸਮਾਜ ਵਿੱਚ ਅਜਿਹੀਆਂ ਘਿਣੌਨੀਆਂ ਗਤੀਵਿਧੀਆਂ ਨੂੰ ਬਿਲਕੁੱਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਰਮਨ ਅਰੋੜਾ ਅਤੇ ਹਲਕਾ ਵਿਧਾਇਕ ਇੰਦਰਜੀਤ ਕੌਰ ਮਾਨ ਵਲੋਂ ਇਸ ਮੰਦਭਾਗੀ ਘਟਨਾਂ ’ਤੇ ਡੂੰਘੇ ਦੁੱਖ ਤੇ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ ਹੁਣ ਤੱਕ ਦੇ ਸਮੇਂ ਦਾ ਅੱਤਵਾਦ ਵਲੋਂ ਸਭ ਤੋਂ ਗੈਰ ਮਨੁੱਖਤਾ ਵਾਲਾ ਕਾਰਨਾਮਾ ਕਰਾਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਹ ਹਮਲਾ ਨਾ ਕੇਵਲ ਨਿਰਦੋਸ਼ ਵਿਅਕਤੀਆਂ ਵਿਰੁੱਧ ਇਕ ਅਪਰਾਧ ਹੈ, ਸਗੋਂ ਮਨੁੱਖਤੀ ਕਦਰਾਂ-ਕੀਮਤਾਂ ਦਾ ਵੀ ਘਾਣ ਹੈ। ਉਨ੍ਹਾਂ ਕਿਹਾ ਕਿ ਇਸ ਵੈਸ਼ੀਆਣਾ ਅਪਰਾਧ ਨੇ ਸਾਰੀ ਮਨੁੱਖਤਾ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਅਤੇ ਸਭ ਨੂੰ ਇਸ ਦੀ ਜ਼ੋਰਦਾਰ ਢੰਗ ਨਾਲ ਨਿੰਦਾ ਕਰਨੀ ਚਾਹੀਦੀ ਹੈ।
ਵਿਧਾਇਕਾਂ ਨੇ ਜ਼ੋਰ ਦੇ ਕੇ ਕਿਹਾ ਕਿ ਜਿਨ੍ਹਾਂ ਵਲੋਂ ਇਹ ਘਿਨੌਣਾ ਅਪਰਾਧ ਕੀਤਾ ਗਿਆ ਹੈ, ਉਹਨਾਂ ਲਈ ਕਿਸੇ ਵੀ ਸਮਾਜ ਵਿੱਚ ਕੋਈ ਵੀ ਜਗ੍ਹਾ ਨਹੀਂ ਹੈ। ਉਨ੍ਹਾਂ ਕਿਹਾ ਕਿ ਹਿੰਸਾਂ ਦੀਆਂ ਅਜਿਹੀਆਂ ਗਤੀਵਿਧੀਆਂ ਨੁੂੰ ਜੜ੍ਹ ਤੋਂ ਉਖਾੜ ਦੇਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹਰ ਨਾਗਰਿਕ ਜੋ ਭਾਵੇਂ ਕਿਸੇ ਵੀ ਧਰਮ, ਖੇਤਰ ਜਾਂ ਵਿਚਾਰਧਾਰਾ ਦਾ ਹੋਵੇ, ਸਭ ਨੂੰ ਅਜਿਹੇ ਅਪਰਾਧਾਂ ਦੇ ਖਿਲਾਫ਼ ਇਕਜੁੱਟ ਹੋਕੇ ਖੜ੍ਹਨਾ ਚਾਹੀਦਾ ਹੈ।
ਉਨ੍ਹਾਂ ਵਲੋਂ ਦੁੱਖੀ ਪਰਿਵਾਰਾਂ ਨਾਲ ਪੂਰੀ ਹਮਦਰਦੀ ਅਤੇ ਇਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਭਰੋਸਾ ਦੁਆਇਆ ਕਿ ਪੰਜਾਬ ਦੇ ਸਾਰੇ ਲੋਕ ਇਸ ਨਾ ਪੂਰਾ ਹੋਣ ਵਾਲੇ ਨੁਕਸਾਨ ਵਿੱਚ ਉਹਨ੍ਹਾਂ ਦੇ ਨਾਲ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ, ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਇਸ ਦੁੱਖ ਭਰੇ ਸਮੇਂ ਵਿੱਚ ਪੂਰੀ ਤਰ੍ਹਾਂ ਉਹਨਾਂ ਦੇ ਨਾਲ ਖੜ੍ਹੀ ਹੈ।
ਵਿਧਾਇਕਾਂ ਨੇ ਕਿਹਾ ਕਿ ਮਨੁੱਖਤਾ ਦਾ ਘਾਣ ਕਰਨ ਵਾਲੇ ਅਪਰਾਧੀਆਂ ਨੂੰ ਜਲਦ ਤੋਂ ਜਲਦ ਨਿਆਂ ਦੇ ਕਟਿਹਰੇ ਵਿੱਚ ਲਿਆਉਣਾ ਚਾਹੀਦਾ ਹੈ। ਉਨ੍ਹਾਂ ਵਲੋਂ ਇਸ ਅਣ-ਮਨੁੱਖੀ ਕਾਰੇ ਲਈ ਜਿੰਮੇਵਾਰ ਦੋਸ਼ੀਆਂ ਲਈ ਸਖ਼ਤ ਤੋਂ ਸ਼ਖਤ ਸਜ਼ਾ ਦੀ ਮੰਗ ਕੀਤੀ ਗਈ।
ਸ਼ਾਂਤੀ, ਭਾਈਚਾਰਕ ਸਾਂਝ ਅਤੇ ਲੋਕਾਂ ਦੀਆਂ ਜਿੰਦਗੀਆਂ ਦੀ ਸੁਰੱਖਿਆ ਪ੍ਰਤੀ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆ ਉਨ੍ਹਾਂ ਕਿਹਾ ਕਿ ਅੱਤਵਾਦ ਦੇ ਕਿਸੇ ਵੀ ਰੂਪ ਦੇ ਖਿਲਾਫ਼ ਸਭ ਨੂੰ ਇਕਜੁੱਟ ਹੁੰਦਿਆਂ ਸਖ਼ਤ ਰੁੱਖ ਅਪਣਾਉਣਾ ਚਾਹੀਦਾ ਹੈ। ਇਹ ਕੈਂਡਲ ਮਾਰਚ ਵਿਛੜੀਆਂ ਰੂਹਾਂ ਦੀ ਸ਼ਾਂਤੀ ਲਈ ਅਰਦਾਸ ਕਰਨ ਅਤੇ ਦੇਸ਼ ਵਿੱਚ ਸ਼ਾਂਤੀ ਤੇ ਨਿਆਂ ਨੂੰ ਕਾਇਮ ਰੱਖਣ ਦੀ ਦ੍ਰਿੜਤਾ ਦੇ ਸੰਕਲਪ ਨਾਲ ਸਮਾਪਤ ਹੋਇਆ।