ਸੰਤ ਸੀਚੇਵਾਲ ਨੇ ਸੰਸਦ ਨਾ ਚੱਲਣ ‘ਤੇ ਰਾਜ ਸਭਾ ਦੇ ਵਾਈਸ ਚੇਅਰਮੈਨ ਤੇ ਕੇਂਦਰੀ ਸੰਸਦੀ ਮੰਤਰੀ ਨੂੰ ਲਿਖੇ ਪੱਤਰ
ਸੰਤ ਸੀਚੇਵਾਲ ਨੇ ਸੰਸਦ ਨਾ ਚੱਲਣ ‘ਤੇ ਰਾਜ ਸਭਾ ਦੇ ਵਾਈਸ ਚੇਅਰਮੈਨ ਤੇ ਕੇਂਦਰੀ ਸੰਸਦੀ ਮੰਤਰੀ ਨੂੰ ਲਿਖੇ ਪੱਤਰ
ਪਾਰਲੀਮੈਂਟ ਵਿੱਚ ਹੰਗਾਮਿਆਂ ਕਾਰਣ ਲੋਕਾਂ ਦੇ ਟੈਕਸਾਂ ਦੇ ਕਰੋੜਾਂ ਰੁਪਏ ਦੀ ਹੋ ਰਹੀ ਹੈ ਬਰਬਾਦੀ
ਢਾਈ ਲੱਖ ਰੁਪਏ ਹਰ ਮਿੰਟ ਦੇ ਹੁੰਦੇ ਹਨ ਖ਼ਰਚ
ਨਵੀਂ ਦਿੱਲੀ/ਚੰਡੀਗੜ੍ਹ, 5 ਅਗਸਤ
ਰਾਜ ਸਭਾ ਮੈਂਬਰ ਤੇ ਉਘੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪਾਰਲੀਮੈਟ ਨਾ ਚੱਲਣ ਨੂੰ ਲੈਕੇ ਰਾਜ ਸਭਾ ਦੇ ਉਪ ਚੇਅਰਮੈਨ ਅਤੇ ਸੰਸਦੀ ਮਾਮਲਿਆਂ ਦੇ ਕੇਂਦਰੀ ਮੰਤਰੀ ਨੂੰ ਪੱਤਰ ਲਿਖਕੇ ਦੋਸ਼ ਲਾਇਆ ਹੈ ਕਿ ਲੋਕਾਂ ਵੱਲੋਂ ਦਿੱਤੇ ਜਾ ਰਹੇ ਟੈਕਸਾਂ ਦਾ ਕਰੋੜਾਂ ਰੁਪਏ ਖ਼ਰਚ ਹੋ ਰਹੇ ਹਨ ਪਰ ਪਾਰਲੀਮੈਂਟ ਵਿੱਚ ਕੰਮ ਧੇਲੇ ਦਾ ਵੀ ਨਹੀਂ ਹੋ ਰਿਹਾ। ਸੰਤ ਸੀਚੇਵਾਲ ਵੱਲੋਂ ਤਿੰਨ ਸਫ਼ਿਆ ਦੇ ਲਿਖੇ ਇਸ ਪੱਤਰ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪਾਰਲੀਮੈਂਟ ਦੇ ਚੱਲ ਰਹੇ ਸ਼ੈਸ਼ਨ ਦੌਰਾਨ ਹਰ ਮਿੰਟ ਦਾ ਢਾਈ ਲੱਖ ਰੁਪਏ ਖਰਚ ਹੁੰਦੇ ਹਨ। ਇਸੇ ਤਰ੍ਹਾਂ ਇੱਕ ਦਿਨ ਦਾ ਔਸਤਨ 10 ਕਰੋੜ ਰੁਪਏ ਖਰਚ ਆਉਂਦਾ ਹੈ ਤੇ 12 ਦਿਨਾਂ ਵਿੱਚ ਲਗਭੱਗ 120 ਕਰੋੜ ਰੁਪਏ ਖਰਚੇ ਗਏ ਹਨ ਜਦ ਕਿ ਇੰਨ੍ਹਾਂ 12 ਦਿਨਾਂ ਵਿੱਚ ਸ਼ੈਸ਼ਨ ਸਹੀ ਢੰਗ ਨਾਲ ਨਹੀਂ ਚੱਲਿਆ।
ਉਨ੍ਹਾਂ ਰਾਜ ਸਭਾ ਦੇ ਵਾਈਸ ਚੇਅਰਮੈਨ ਤੇ ਕੇਂਦਰੀ ਸੰਸਦੀ ਮੰਤਰੀ ਨੂੰ ਲਿਖੇ ਆਪਣੇ ਪੱਤਰ ਵਿੱਚ ਕਿਹਾ ਹੈ ਕਿ ਲੋਕਾਂ ਦੇ ਮੁੱਦਿਆਂ ਨੂੰ ਸਦਨ ਵਿੱਚ ਉਠਾਉਣਾ ਹੀ ਵਿਰੋਧੀ ਧਿਰ ਦਾ ਮੁੱਖ ਕੰਮ ਹੁੰਦਾ ਹੈ ਪਰ ਉਥੇ ਹਾਲਾਤ ਅਜਿਹੇ ਬਣਾ ਦਿੱਤੇ ਜਾਂਦੇ ਹਨ ਕਿ ਵਿਰੋਧੀ ਧਿਰ ਹੰਗਾਮੇ ਕਰਨ ਲਈ ਮਜ਼ਬੂਰ ਹੋ ਜਾਂਦੀ ਹੈ।
ਸੰਤ ਸੀਚੇਵਾਲ ਨੇ ਕਿਹਾ ਕਿ ਇੱਕ ਮੈਂਬਰ ਪਾਰਲੀਮੈਂਟ ਦੇ ਕੋਲ ਸਿਫ਼ਰ ਕਾਲ, ਪ੍ਰਸ਼ਨ ਕਾਲ ਅਤੇ ਸਪਸ਼ੈਲ ਮੈਨਸ਼ਨ ਜਰੀਏ ਹੁੰਦੇ ਹਨ ਜਿਸ ਰਾਹੀ ਲੋਕਾਂ ਦੇ ਮੁੱਦਿਆ ਨੂੰ ਉਠਾੳਣ ਦਾ ਮੌਕਾ ਮਿਲਦਾ ਹੈ ਪਰ ਜੇ ਸੰਸਦ ਹੀ ਨਾ ਚੱਲੇ ਤਾਂ ਇੱਕ ਮੈਂਬਰ ਪਾਰਲੀਮੈਂਟ ਦੇ ਇਹ ਸਾਰੇ ਹੱਕ ਖੋਹੇ ਜਾਂਦੇ ਹਨ। ਪਾਰਲੀਮੈਂਟ ਵਿੱਚ ਹੰਗਾਮੇ ਕਰਕੇ ਕਿਸੇ ਦੀ ਜਿੱਤ ਨਹੀਂ ਹੁੰਦੀ ਸਗੋਂ ਦੇਸ਼ ਦੇ ਆਮ ਲੋਕਾਂ ਦੀ ਹਾਰ ਹੁੰਦੀ ਹੈ, ਜਿੰਨ੍ਹਾਂ ਨੇ ਮੈਂਬਰਾਂ ਨੂੰ ਚੁਣ ਕੇ ਇਸ ਸਦਨ ਵਿੱਚ ਭੇਜਿਆ ਹੁੰਦਾ ਹੈ ਕਿ ਇੱਕ ਦਿਨ ਉਨ੍ਹਾਂ ਦੀ ਅਵਾਜ਼ ਵੀ ਪਾਰਲੀਮੈਂਟ ਦੀ ਆਵਾਜ਼ ਬਣੇਗੀ।
ਉਨ੍ਹਾਂ ਕਿਹਾ ਕਿ ਦੇਸ਼ ਨੂੰ ਅਜ਼ਾਦ ਹੋਇਆ 75 ਸਾਲ ਤੋਂ ਵੱਧ ਦਾ ਸਮਾਂ ਬੀਤ ਗਿਆ ਹੈ ਪਰ ਅਜੇ ਤੱਕ ਦੇਸ਼ ਦੇ ਲੋਕਾਂ ਨੂੰ ਪੀਣ ਵਾਲਾ ਸਾਫ ਪਾਣੀ ਨਹੀਂ ਦੇ ਸਕੇ। ਸ਼ੁੱਧ ਹਵਾ ਨਹੀਂ ਦੇ ਸਕੇ ਤੇ ਨਾ ਹੀ ਸ਼ੁੱਧ ਖੁਰਾਕ ਦੇ ਸਕੇ, ਜਦ ਕਿ ਮਨੁੱਖ ਦੇ ਜਿਊਣ ਦਾ ਇਹ ਸੰਵਿਧਾਨਕ ਹੱਕ ਹੈ। ਬੇਰੁਜ਼ਗਾਰੀ ਕਾਰਣ ਦੇਸ਼ ਦੀ ਨੌਜਵਾਨੀ ਜਾਂ ਤਾਂ ਨਸ਼ੇ ਦੇ ਦਲਦਲ ਵਿੱਚ ਫਸਦੀ ਜਾ ਰਹੀ ਹੈ ਜਾਂ ਵਿਦੇਸ਼ਾਂ ਦਾ ਰੁਖ ਕਰ ਰਹੀ ਹੈ।
ਰੋਜ਼ੀ ਰੋਟੀ ਕਮਾਉਣ ਲਈ ਵਿਦੇਸ਼ਾਂ ਵਿੱਚ ਗਏ ਭਾਰਤੀ ਕਿਵੇਂ ਰੁਲ ਰਹੇ ਹਨ। ਇਸ ਦੀ ਵੀ ਕਦੇਂ ਸਦਨ ਨੇ ਫਿਕਰਮੰਦੀ ਜ਼ਾਹਿਰ ਨਹੀਂ ਕੀਤੀ। ਇਸੇ ਤਰ੍ਹਾਂ ਅਮਰੀਕਾ ਦੇ ਨਵੇਂ ਬਣੇ ਸਦਰ ਨੇ ਭਾਰਤੀਆਂ ਨੂੰ ਕਿਵੇਂ ਹੱਥਕੜੀਆਂ ਲਗਾ ਕਿ ਕੈਦੀਆਂ ਵਾਂਗ ਡਿਪੋਰਟ ਕੀਤਾ ਸੀ। ਰੂਸੀ ਆਰਮੀ ਵਿੱਚ ਹਲੇ 13 ਪਰਿਵਾਰਾਂ ਦੇ ਬੱਚੇ ਲਾਪਤਾ ਹਨ ਜਿਹਨਾਂ ਦੀ ਉਡੀਕ ਵਿੱਚ ਅੱਜ ਵੀ ਪਰਿਵਾਰ ਬੈਠਾ ਹੈ ਆਦਿ ਵਰਗਿਆਂ ਮੁੱਦਿਆਂ ਤੇ ਚਰਚਾ ਨਹੀ ਹੋ ਸਕੀ।