ਮੇਅਰ ਪਦਮਜੀਤ ਮਹਿਤਾ ਨਾਲ ਮੁਲਾਕਾਤ ਤੋਂ ਬਾਅਦ ਦੁਕਾਨਦਾਰਾਂ ਨੇ ਖ਼ਤਮ ਕੀਤਾ ਵਿਰੋਧ, ਹੁਣ ਭਾਗੂ ਰੋਡ ਹੋਵੇਗਾ 50 ਫੁੱਟ ਚੌ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ ਬਠਿੰਡਾ
ਮੇਅਰ ਪਦਮਜੀਤ ਮਹਿਤਾ ਨਾਲ ਮੁਲਾਕਾਤ ਤੋਂ ਬਾਅਦ ਦੁਕਾਨਦਾਰਾਂ ਨੇ ਖ਼ਤਮ ਕੀਤਾ ਵਿਰੋਧ, ਹੁਣ ਭਾਗੂ ਰੋਡ ਹੋਵੇਗਾ 50 ਫੁੱਟ ਚੌੜਾ
ਮੇਅਰ ਨੇ ਦੁਕਾਨਦਾਰਾਂ ਨੂੰ 30 ਅਕਤੂਬਰ ਤੱਕ ਦਾ ਦਿੱਤਾ ਸਮਾਂ, ਦੁਕਾਨਦਾਰਾਂ ਨੇ "ਮੇਅਰ ਸਾਹਿਬ ਜ਼ਿੰਦਾਬਾਦ" ਦੇ ਲਗਾਏ ਨਾਅਰੇ
ਬਠਿੰਡਾ, 23 ਸਤੰਬਰ : ਸਥਾਨਕ ਭਾਗੂ ਰੋਡ ਨੂੰ ਚੌੜਾ ਕਰਨ ਨੂੰ ਲੈ ਕੇ ਲੰਬੇ ਸਮੇਂ ਤੋਂ ਚੱਲ ਰਿਹਾ ਵਿਵਾਦ ਆਖਰਕਾਰ ਖਤਮ ਹੋ ਗਿਆ ਹੈ। ਭਾਗੂ ਰੋਡ ਦੇ ਦੁਕਾਨਦਾਰਾਂ ਦੇ ਇੱਕ ਵਫ਼ਦ ਨੇ ਨਗਰ ਨਿਗਮ ਦੇ ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਨਾਲ ਮੁਲਾਕਾਤ ਕੀਤੀ। ਭਾਗੂ ਰੋਡ ਨੂੰ ਚੌੜਾ ਕਰਨ ਲਈ ਆਪਣਾ ਪੂਰਾ ਸਮਰਥਨ ਦੇਣ ਦਾ ਐਲਾਨ ਕਰਦੇ ਹੋਏ, ਦੁਕਾਨਦਾਰਾਂ ਨੇ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਆਪਣੀਆਂ ਦੁਕਾਨਾਂ ਖਾਲੀ ਕਰਨ ਅਤੇ ਢਾਹੁਣ ਲਈ ਕੁਝ ਸਮਾਂ ਮੰਗਿਆ।
ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਨੇ ਕਿਹਾ ਕਿ ਨਗਰ ਨਿਗਮ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਭਾਗੂ ਰੋਡ ਨੂੰ ਚੌੜਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸ਼ਹਿਰ ਵਿੱਚ ਲਗਾਤਾਰ ਵਧਦੀ ਆਵਾਜਾਈ ਅਤੇ ਭੀੜ ਨੂੰ ਦੇਖਦੇ ਹੋਏ ਇਹ ਕਦਮ ਜ਼ਰੂਰੀ ਸੀ। ਸ਼ੁਰੂ ਵਿੱਚ, ਭਾਗੂ ਰੋਡ ਨੂੰ 60 ਫੁੱਟ ਤੱਕ ਚੌੜਾ ਕਰਨ ਦੀ ਯੋਜਨਾ ਸੀ, ਪਰ ਦੁਕਾਨਦਾਰਾਂ ਅਤੇ ਸਥਾਨਕ ਨਿਵਾਸੀਆਂ ਨੇ ਸੜਕ ਨੂੰ 50 ਫੁੱਟ ਤੱਕ ਚੌੜਾ ਕਰਨ ਦੀ ਅਪੀਲ ਕੀਤੀ ਹੈ। ਮੇਅਰ ਸ਼੍ਰੀ ਮਹਿਤਾ ਨੇ ਕਿਹਾ ਕਿ ਦੁਕਾਨਦਾਰਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ, ਸੜਕ ਨੂੰ ਹੁਣ 50 ਫੁੱਟ ਤੱਕ ਚੌੜਾ ਕੀਤਾ ਜਾਵੇਗਾ।
ਮੇਅਰ ਸ਼੍ਰੀ ਮਹਿਤਾ ਨੇ ਕਿਹਾ ਕਿ ਦੁਕਾਨਦਾਰਾਂ ਨੇ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਆਪਣੀਆਂ ਦੁਕਾਨਾਂ ਖਾਲੀ ਕਰਨ ਅਤੇ ਢਾਹੁਣ ਲਈ ਸਮਾਂ ਮੰਗਿਆ ਹੈ। ਇਸ ਬੇਨਤੀ ਨੂੰ ਸਵੀਕਾਰ ਕਰਦੇ ਹੋਏ, ਉਨ੍ਹਾਂ ਨੂੰ 30 ਅਕਤੂਬਰ ਤੱਕ ਦਾ ਸਮਾਂ ਦਿੱਤਾ ਗਿਆ ਹੈ। ਇਸ ਤੋਂ ਬਾਅਦ, ਭਾਗੂ ਰੋਡ ਨੂੰ ਚੌੜਾ ਕਰਨ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ। ਚੌੜਾ ਕਰਨ ਦੌਰਾਨ, ਸੜਕ ਦੇ ਦੋਵੇਂ ਪਾਸੇ ਸਥਿਤ ਦੁਕਾਨਾਂ ਅਤੇ ਘਰਾਂ ਦੇ ਹਿੱਸੇ ਢਾਹੇ ਜਾਣਗੇ।
ਮੇਅਰ ਨੇ ਕਿਹਾ ਕਿ ਭਾਗੂ ਰੋਡ ਦੇ ਚੌੜਾ ਹੋਣ ਨਾਲ ਜਿੱਥੇ ਟ੍ਰੈਫਿਕ ਵਿਵਸਥਾ ਵਿੱਚ ਸੁਧਾਰ ਹੋਵੇਗਾ, ਉਥੇ ਹੀ ਵਪਾਰਕ ਗਤੀਵਿਧੀਆਂ ਨੂੰ ਵੀ ਹੁਲਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਨਗਰ ਨਿਗਮ ਇਹ ਯਕੀਨੀ ਬਣਾਉਣ ਲਈ ਯਤਨਸ਼ੀਲ ਹੈ ਕਿ ਵਿਕਾਸ ਕਾਰਜ ਦੌਰਾਨ ਕਿਸੇ ਨੂੰ ਵੀ ਬੇਲੋੜੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ, ਇਸੇ ਕਰਕੇ ਦੁਕਾਨਦਾਰਾਂ ਨੂੰ ਸਮਾਂ ਦਿੱਤਾ ਗਿਆ ਹੈ।
ਇਸ ਮੌਕੇ ਦੁਕਾਨਦਾਰਾਂ ਨੇ ਵੀ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਦੇ ਫੈਸਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਹ ਸ਼ਹਿਰ ਦੀ ਭਲਾਈ ਲਈ ਉਨ੍ਹਾਂ ਦੇ ਨਾਲ ਖੜ੍ਹੇ ਹਨ।