ਚਾਅ ਤੇ ਉਤਸ਼ਾਹ ਨਾਲ ਪਹਿਲੇ ਦਿਨ ਸਕੂਲ ਪੁੱਜੇ ਵਿਦਿਆਰਥੀ
ਚਾਅ ਤੇ ਉਤਸ਼ਾਹ ਨਾਲ ਪਹਿਲੇ ਦਿਨ ਸਕੂਲ ਪੁੱਜੇ ਵਿਦਿਆਰਥੀ
- ਖ਼ੁਸ਼ੀ ਖ਼ੁਸ਼ੀ ਸਕੂਲ ਪੁੱਜੇ ਨੰਨੇ ਵਿਦਿਆਰਥੀ
ਪਟਿਆਲਾ, 1 ਜੁਲਾਈ:
ਪੰਜਾਬ ਦੇ ਸਕੂਲੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ. ਸਿੱ.) ਸ਼ਾਲੂ ਮਹਿਰਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ. ਸਿੱ.) ਮਨਵਿੰਦਰ ਕੌਰ ਭੁੱਲਰ ਦੇ ਹੁਕਮਾਂ ਤਹਿਤ ਜ਼ਿਲ੍ਹੇ ਭਰ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਅੰਦਰ 'ਆਓ ਸਕੂਲ ਚੱਲੀਏ' ਜਸ਼ਨ ਉਤਸ਼ਾਹ ਪੂਰਵਕ ਮਨਾਇਆ ਗਿਆ। ਇਸੇ ਤਹਿਤ ਸਕੂਲ ਸਿੱਖਿਆ ਵਿਭਾਗ ਦੇ ਬਲਾਕ ਪਟਿਆਲਾ-2 ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਪ੍ਰਿਥੀ ਸਿੰਘ ਦੀ ਯੋਗ ਅਗਵਾਈ ਹੇਠ ਬਲਾਕ ਦੇ ਵੱਖ-ਵੱਖ ਸਰਕਾਰੀ ਪ੍ਰਾਇਮਰੀ ਸਕੂਲਾਂ ਅੰਦਰ ਪ੍ਰੋਗਰਾਮ ਆਯੋਜਿਤ ਕੀਤੇ ਗਏ। ਇਸ ਦੌਰਾਨ ਸਿੱਖਿਆ ਵਿਭਾਗ ਪੰਜਾਬ ਵੱਲੋਂ ਜਾਰੀ ਕੀਤੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਸਕੂਲ ਦਾ ਪਹਿਲਾ ਦਿਨ ਤਿਉਹਾਰ ਵਾਂਗ ਮਨਾਇਆ ਗਿਆ। ਬਲਾਕ ਦੇ ਸਾਰੇ ਸਕੂਲਾਂ ਵਿੱਚ ਮੇਲੇ ਵਰਗਾ ਮਾਹੌਲ ਬਣਿਆ ਰਿਹਾ। ਸਕੂਲਾਂ ਵਿੱਚ ਵਿਦਿਆਰਥੀਆਂ ਦੀ ਵਾਪਸੀ ਤੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ।
ਇਸ ਦੇ ਇਲਾਵਾ ਸਕੂਲ ਦੇ ਬੁਲੇਟਿਨ ਬੋਰਡ ਤੇ ਪ੍ਰੇਰਨਾਦਾਇਕ ਅਤੇ ਸਕਾਰਾਤਮਕ ਵਿਚਾਰ ਲਗਾਏ ਗਏ ਤਾਂ ਜੋ ਬੱਚਿਆਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਇਸ ਮੌਕੇ ਜਾਣਕਾਰੀ ਦਿੰਦਿਆਂ ਬਲਾਕ ਪਟਿਆਲਾ-2 ਦੇ ਬੀਪੀਈਓ ਪ੍ਰਿਥੀ ਸਿੰਘ ਨੇ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਛੁੱਟੀਆਂ ਤੋਂ ਬਾਅਦ ਸਕੂਲ ਪੁੱਜੇ ਵਿਦਿਆਰਥੀਆਂ ਦਾ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਗਿਆ ਹੈ।
ਉਹਨਾਂ ਕਿਹਾ ਕਿ ਸਰਕਾਰੀ ਪ੍ਰਾਇਮਰੀ ਸਕੂਲ ਦੁੱਖ ਨਿਵਾਰਨ ਵਿਖੇ ਮੁੱਖ ਅਧਿਆਪਕਾ ਜੋਤੀ, ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਖੁਸਰੋਪੁਰ ਦੇ ਮੁੱਖ ਅਧਿਆਪਕਾ ਕਿਰਨ ਕੌਰ ਅਤੇ ਸਰਕਾਰੀ ਐਲੀਮੈਂਟਰੀ ਸਕੂਲ ਮੈਣ ਦੇ ਸੀਐਚਟੀ ਅਤੇ ਮੁੱਖ ਅਧਿਆਪਕ ਪੂਰਨ ਸਿੰਘ ਸਮੇਤ ਬਲਾਕ ਦੇ ਵੱਖ-ਵੱਖ ਸਕੂਲਾਂ ਦੇ ਮੁੱਖ ਅਧਿਆਪਕਾਂ ਨੇ ਬਹੁਤ ਹੀ ਪ੍ਰੇਰਨਾਦਾਇਕ ਗਤੀਵਿਧੀਆਂ ਕਰਵਾ ਕੇ ਵਿਦਿਆਰਥੀਆਂ ਨੂੰ ਸਕੂਲ ਆਉਣ ਲਈ ਉਤਸਾਹਿਤ ਕੀਤਾ ਹੈ। ਉਹਨਾਂ ਕਿਹਾ ਕਿ ਸਾਨੂੰ ਵਿਭਾਗੀ ਹਦਾਇਤਾਂ ਦਾ ਪਾਲਣ ਕਰਦਿਆਂ ਆਪਣੇ ਵਿਦਿਆਰਥੀਆਂ ਨੂੰ ਚੰਗੀ ਸਿੱਖਿਆ ਦੇਣ ਲਈ ਵਚਨ ਵੱਧ ਹੋਣਾ ਚਾਹੀਦਾ ਹੈ।
ਉਨ੍ਹਾਂ ਅੱਗੇ ਆਖਿਆ ਕਿ ਸਕੂਲ ਖੁੱਲਣ ਦੇ ਪਹਿਲੇ ਦਿਨ ਸਕੂਲਾਂ ਨੂੰ ਰੰਗ ਬਿਰੰਗੇ ਗ਼ੁਬਾਰੇ, ਫੁੱਲਾਂ ਅਤੇ ਸਕਾਰਾਤਮਕ ਸੋਚ ਵਾਲੇ ਵਿਚਾਰਾਂ ਦੇ ਪੋਸਟਰ ਲਗਾ ਕੇ ਵਿਦਿਆਰਥੀਆਂ ਦਾ ਖ਼ੁਸ਼ਹਾਲ ਮਾਹੌਲ ਵਿੱਚ ਸਵਾਗਤ ਕੀਤਾ ਗਿਆ। ਜਿਨ੍ਹਾਂ ਪੋਸਟਾਂ ਦਾ ਥੀਮ 'ਵੈਲਕਮ ਬੈਕ', 'ਨਵੀਂ ਸ਼ੁਰੂਆਤ', 'ਸਿੱਖਣ ਦੀ ਖ਼ੁਸ਼ੀ', 'ਹਰ ਰੋਜ਼ ਨਵਾਂ ਰੋਮਾਂਚਕ' ਸਮੇਤ ਹੋਰ ਵੱਖ-ਵੱਖ ਰੱਖਿਆ ਗਿਆ। ਇਸ ਤੋਂ ਇਲਾਵਾ ਵਿਦਿਆਰਥੀਆਂ ਦੀ ਉਮਰ ਅਨੁਸਾਰ ਉਨ੍ਹਾਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਖੇਡਾਂ ਵੀ ਕਰਵਾਈਆਂ ਗਈਆਂ।
ਫ਼ੋਟੋ : ਸਰਕਾਰੀ ਪ੍ਰਾਇਮਰੀ ਸਕੂਲ ਦੁੱਖ ਨਿਵਾਰਨ ਵਿਖੇ ਮੁੱਖ ਅਧਿਆਪਕਾ ਜੋਤੀ ਵਿਦਿਆਰਥੀਆਂ ਨੂੰ ਗਤੀਵਿਧੀ ਕਰਵਾਉਂਦੇ ਹੋਏ।