ਗੁਰਮੀਤ ਸਿੰਘ ਖੁੱਡੀਆਂ ਤੇ ਬਲਕਾਰ ਸਿੰਘ ਨੇ ਕੈਬਨਿਟ ਮੰਤਰੀਆਂ ਵਜੋਂ ਹਲਫ਼ ਲਿਆ
ਗੁਰਮੀਤ ਸਿੰਘ ਖੁੱਡੀਆਂ ਤੇ ਬਲਕਾਰ ਸਿੰਘ ਨੇ ਕੈਬਨਿਟ ਮੰਤਰੀਆਂ ਵਜੋਂ ਹਲਫ਼ ਲਿਆ
ਮੁੱਖ ਮੰਤਰੀ ਨੇ ਦੋਵਾਂ ਨਵੇਂ ਮੰਤਰੀਆਂ ਨੂੰ ਦਿੱਤੀ ਵਧਾਈ
ਨਵ-ਨਿਯੁਕਤ ਮੰਤਰੀਆਂ ਵੱਲੋਂ ਮਿਸ਼ਨਰੀ ਉਤਸ਼ਾਹ ਨਾਲ ਲੋਕਾਂ ਦੀ ਸੇਵਾ ਕਰਨ ਦੀ ਉਮੀਦ ਜਤਾਈ
ਚੰਡੀਗੜ੍ਹ, 31 ਮਈ
ਪੰਜਾਬ ਦੇ ਰਾਜਪਾਲ ਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਇੱਥੇ ਪੰਜਾਬ ਰਾਜ ਭਵਨ ਵਿੱਚ ਅੱਜ ਹੋਏ ਇਕ ਸੰਖੇਪ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ ਵਿੱਚ ਗੁਰਮੀਤ ਸਿੰਘ ਖੁੱਡੀਆਂ ਤੇ ਬਲਕਾਰ ਸਿੰਘ ਨੂੰ ਕੈਬਨਿਟ ਮੰਤਰੀ ਵਜੋਂ ਅਹੁਦੇ ਅਤੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ।
ਇਹ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਇਸ ਨਾਲ ਕੈਬਨਿਟ ਵਿੱਚ ਮੁੱਖ ਮੰਤਰੀ ਸਣੇ ਮੰਤਰੀਆਂ ਦੀ ਕੁੱਲ ਗਿਣਤੀ ਵਧ ਕੇ 16 ਹੋ ਗਈ ਹੈ।
ਸਹੁੰ ਚੁੱਕ ਸਮਾਗਮ ਦੀ ਸਮੁੱਚੀ ਕਾਰਵਾਈ ਰਾਜਪਾਲ ਦੀ ਪ੍ਰਵਾਨਗੀ ਨਾਲ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਨੇ ਚਲਾਈ। ਸਹੁੰ ਚੁੱਕਣ ਤੋਂ ਬਾਅਦ ਗੁਰਮੀਤ ਸਿੰਘ ਖੁੱਡੀਆਂ ਤੇ ਬਲਕਾਰ ਸਿੰਘ ਨੇ ਹਲਫ਼ ਵਾਲੇ ਦਸਤਾਵੇਜ਼ ਉਤੇ ਹਸਤਾਖ਼ਰ ਕੀਤੇ, ਜਿਸ ਉਤੇ ਰਾਜਪਾਲ ਨੇ ਵੀ ਦਸਤਖ਼ਤ ਕੀਤੇ।
ਇਸ ਦੌਰਾਨ ਮੁੱਖ ਮੰਤਰੀ ਨੇ ਦੋਵਾਂ ਨਵ-ਨਿਯੁਕਤ ਮੰਤਰੀਆਂ ਨੂੰ ਵਧਾਈ ਦਿੱਤੀ ਅਤੇ ਆਖਿਆ ਕਿ ਉਹ ਪਹਿਲਾਂ ਹੀ ਮਿਸ਼ਨਰੀ ਉਤਸ਼ਾਹ ਨਾਲ ਲੋਕਾਂ ਦੀ ਸੇਵਾ ਕਰ ਰਹੇ ਹਨ। ਮੁੱਖ ਮੰਤਰੀ ਨੇ ਉਮੀਦ ਜ਼ਾਹਰ ਕੀਤੀ ਕਿ ਨਵੇਂ ਬਣੇ ਮੰਤਰੀ ਇਸੇ ਉਤਸ਼ਾਹ ਤੇ ਭਾਵਨਾ ਨਾਲ ਲੋਕਾਂ ਦੀ ਸੇਵਾ ਜਾਰੀ ਰੱਖਣਗੇ।
© 2022 Copyright. All Rights Reserved with Arth Parkash and Designed By Web Crayons Biz