ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਵੀ ਸੰਕਟਕਾਲੀਨ ਹਾਲਾਤ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ : ਆਸ਼ਿਕਾ ਜੈਨ
ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਵੀ ਸੰਕਟਕਾਲੀਨ ਹਾਲਾਤ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ : ਆਸ਼ਿਕਾ ਜੈਨ
-ਪਿੰਡਾਂ ‘ਚ ਸ਼ੱਕੀ ਵਿਅਕਤੀਆਂ ਦੀ ਆਮਦ ਰੋਕਣ ਲਈ ਠੀਕਰੀ ਪਹਿਰੇ ਸ਼ੁਰੂ
-ਜ਼ਰੂਰੀ ਸੇਵਾਵਾਂ ਲਈ ਅਧਿਕਾਰੀਆਂ ਨੂੰ ਕੀਤਾ ਗਿਆ ਮਨੋਨੀਤ
-ਡਿਪਟੀ ਕਮਿਸ਼ਨਰ ਨੇ ਸਿਵਲ ਡਿਫੈਂਸ ਅਤੇ ਜ਼ਰੂਰੀ ਸੇਵਾਵਾਂ ਸਬੰਧੀ ਤਿਆਰੀਆਂ ਦਾ ਲਿਆ ਜਾਇਜ਼ਾ
ਹੁਸ਼ਿਆਰਪੁਰ, 9 ਮਈ: ਮੌਜੂਦਾ ਹਾਲਾਤ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸ਼ਹਿਰਾਂ ਤੇ ਕਸਬਿਆਂ ਦੇ ਨਾਲ-ਨਾਲ ਪਿੰਡਾਂ ਵਿਚ ਵੀ ਕਿਸੇ ਵੀ ਸੰਕਟਕਾਲੀਨ ਹਾਲਤ ਦਾ ਟਾਕਰਾ ਕਰਨ ਲਈ ਪੂਰੀ ਤਿਆਰੀ ਕਰ ਲਈ ਹੈ। ਅੱਜ ਇਸ ਸਬੰਧੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਹਰੇਕ ਪਿੰਡ ਵਿਚ 150-150 ਮਿੱਟੀ ਦੇ ਬੋਰੇ ਤਿਆਰ ਕੀਤੇ ਗਏ ਹਨ। ਇਸੇ ਤਰ੍ਹਾਂ ਪਿੰਡਾਂ ਵਿਚ ਵੀ ਰਿਸਪਾਂਸ ਟੀਮਾਂ ਗਠਿਤ ਕੀਤੀਆਂ ਗਈਆਂ ਹਨ ਅਤੇ ਜਿਓ ਹੀ ਸਾਇਰਨ ਵੱਜੇਗਾ ਤਾਂ ਸਾਰੇ ਪਾਸੇ ਬਲੈਕ ਆਊਟ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਿੰਡਾਂ ਵਿਚ ਬਲੈਕ ਆਊਟ ਦੌਰਾਨ ਕਿਸੇ ਵੀ ਸ਼ੱਕੀ ਵਿਅਕਤੀ ਦੀ ਆਮਦ ਨੂੰ ਰੋਕਣ ਲਈ ਠੀਕਰੀ ਪਹਿਰੇ ਸ਼ੁਰੂ ਕੀਤੇ ਗਏ ਹਨ ਅਤੇ ਸਿਵਲ ਡਿਫੈਂਸ ਲਈ ਡਰਿੱਲ ਵੀ ਕਰਵਾਈ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਦੌਰਾਨ ਜ਼ਰੂਰੀ ਸੇਵਾਵਾਂ ਲਈ ਮਨੋਨੀਤ ਅਧਿਕਾਰੀਆਂ ਨੂੰ ਉਨ੍ਹਾਂ ਦੀਆਂ ਡਿਊਟੀਆਂ ਤੋਂ ਜਾਣੂ ਕਰਵਾਇਆ ਅਤੇ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ।ਇਨ੍ਹਾਂ ਸੇਵਾਵਾਂ ਵਿਚ ਹੈਡਕੁਆਰਟਰ ਸੇਵਾਵਾਂ, ਵਾਰਡਨ ਸੇਵਾਵਾਂ, ਸੰਚਾਰ ਸੇਵਾਵਾਂ, ਦੁਰਘਟਨਾ ਸੇਵਾਵਾਂ, ਫਾਇਰ ਫਾਈਟਿੰਗ ਸੇਵਾਵਾਂ, ਰੈਸਕਿਉ ਸੇਵਾਵਾਂ, ਵੈਲਫੇਅਰ ਸੇਵਾਵਾਂ, ਬਚਾਓ ਸੇਵਾਵਾਂ, ਕਰੋਪਸ ਡਿਸਪੋਜ਼ਲ ਸੇਵਾਵਾਂ, ਡੀਪੂ ਤੇ ਟਰਾਂਸਪੋਰਟ ਸੇਵਾਵਾਂ, ਟ੍ਰੇਨਿੰਗ ਸੇਵਾਵਾਂ, ਸਪਲਾਈ ਸੇਵਾਵਾਂ, ਲੇਬਰ ਸਪਲਾਈ ਸੇਵਾਵਾਂ, ਇੰਡਸਟਰੀ ਤੇ ਫੈਕਟਰੀ ਸੇਵਾਵਾਂ ਅਤੇ ਮਲਬਾ ਰਿਕਵਰੀ ਆਦਿ ਸੇਵਾਵਾਂ ਸ਼ਾਮਲ ਹਨ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨਿਕਾਸ ਕੁਮਾਰ, ਸਹਾਇਕ ਕਮਿਸ਼ਨਰ (ਅੰਡਰ ਟ੍ਰੇਨਿੰਗ) ਓਇਸ਼ੀ ਮੰਡਲ, ਕਮਿਸ਼ਨਰ ਨਗਰ ਨਿਗਮ ਡਾ. ਅਮਨਦੀਪ ਕੌਰ, ਐਸ.ਡੀ.ਐਮ ਸੰਜੀਵ ਕੁਮਾਰ, ਐਸ.ਡੀ.ਐਮ ਪਰਮਪ੍ਰੀਤ ਸਿੰਘ, ਐਸ.ਡੀ.ਐਮ ਗੁਰਸਿਮਰਨਜੀਤ ਕੌਰ, ਐਸ.ਪੀ ਨਵਨੀਤ ਕੌਰ ਗਿੱਲ, ਡੀ.ਐਸ.ਪੀ ਮਨਪ੍ਰੀਤ ਸ਼ੀਮਾਰ, ਸਿਵਲ ਸਰਜਨ ਡਾ. ਪਵਨ ਕੁਮਾਰ, ਸਿਵਲ ਡਿਫੈਂਸ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।ਇਸ ਦੌਰਾਨ ਹੋਰਨਾਂ ਸਬ-ਡਵੀਜ਼ਨਾਂ ਦੇ ਐਸ.ਡੀ.ਐਮਜ਼ ਵਲੋਂ ਵਰਚੁਅਲ ਮੋਡ ਰਾਹੀਂ ਮੀਟਿੰਗ ਵਿਚ ਸ਼ਿਰਕਤ ਕੀਤੀ ਗਈ।