Jalandhar Traffic Relief: Railway Ministry Approves ₹112 Crore Overbridges at Guru Nanakpura & Garha
Jallandhar ਵਿੱਚ ਦੋ ਵੱਡੇ Rialway Overbridges ਨੂੰ ਮਨਜ਼ੂਰੀ, ਗੁਰੂ ਨਾਨਕਪੁਰਾ ਅਤੇ ਗੜ੍ਹਾ ਫਾਟਕ 'ਤੇ ਖ਼ਤਮ ਹੋਵੇਗੀ ਜਾਮ ਦੀ ਸਮੱਸਿਆ
ਜਲੰਧਰ ਸੈਂਟਰਲ ਅਤੇ ਜਲੰਧਰ ਕੈਂਟ ਵਿਧਾਨ ਸਭਾ ਹਲਕਿਆਂ ਦੇ ਲੋਕਾਂ ਨੂੰ ਜਲਦੀ ਹੀ ਵੱਡੀ ਰਾਹਤ ਮਿਲਣ ਵਾਲੀ ਹੈ। ਸ਼ਹਿਰ ਦੇ ਦੋ ਬਹੁਤ ਜ਼ਿਆਦਾ ਰੁੱਝੇ ਰੇਲਵੇ ਫਾਟਕਾਂ—ਗੁਰੂ ਨਾਨਕਪੁਰਾ ਰੇਲਵੇ ਫਾਟਕ ਅਤੇ ਬੱਸ ਸਟੈਂਡ ਦੇ ਨੇੜੇ ਸਥਿਤ ਗੜ੍ਹਾ ਰੇਲਵੇ ਫਾਟਕ 'ਤੇ ਰੇਲਵੇ ਓਵਰਬ੍ਰਿਜ (ਆਰ.ਓ.ਬੀ.) ਨਿਰਮਾਣ ਦਾ ਰਸਤਾ ਸਾਫ਼ ਹੋ ਗਿਆ ਹੈ।
ਰੇਲ ਮੰਤਰਾਲੇ ਨੇ ਦੋਵਾਂ ਥਾਵਾਂ 'ਤੇ ਓਵਰਬ੍ਰਿਜ ਬਣਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਭਾਜਪਾ ਆਗੂਆਂ ਅਨੁਸਾਰ ਇਨ੍ਹਾਂ ਪ੍ਰੋਜੈਕਟਾਂ 'ਤੇ ਲਗਭਗ 112 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ। ਉਨ੍ਹਾਂ ਨੇ ਇਸ ਫ਼ੈਸਲੇ ਲਈ ਕੇਂਦਰ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਾਲ ਸਾਲਾਂ ਤੋਂ ਚੱਲੀ ਆ ਰਹੀ ਟ੍ਰੈਫਿਕ ਜਾਮ ਅਤੇ ਆਉਣ-ਜਾਣ ਦੀਆਂ ਸਮੱਸਿਆਵਾਂ ਤੋਂ ਲੋਕਾਂ ਨੂੰ ਰਾਹਤ ਮਿਲੇਗੀ।
ਜਾਣਕਾਰੀ ਮੁਤਾਬਕ ਦੋਵਾਂ ਪ੍ਰੋਜੈਕਟਾਂ ਦੇ ਟੈਂਡਰ ਵੀ ਪ੍ਰਵਾਨ ਹੋ ਚੁੱਕੇ ਹਨ ਅਤੇ ਜਲਦੀ ਹੀ ਨਿਰਮਾਣ ਕਾਰਜ ਸ਼ੁਰੂ ਹੋਣ ਦੀ ਉਮੀਦ ਹੈ। ਦੱਸਿਆ ਜਾ ਰਿਹਾ ਹੈ ਕਿ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਜਲਦੀ ਹੀ ਇਨ੍ਹਾਂ ਪ੍ਰੋਜੈਕਟਾਂ ਦਾ ਉਦਘਾਟਨ ਕਰ ਸਕਦੇ ਹਨ।
ਲੰਬੇ ਸਮੇਂ ਤੋਂ ਕੀਤੀ ਜਾ ਰਹੀ ਸੀ ਮੰਗ
ਜ਼ਿਕਰਯੋਗ ਹੈ ਕਿ ਗੁਰੂ ਨਾਨਕਪੁਰਾ ਰੇਲਵੇ ਫਾਟਕ 'ਤੇ ਓਵਰਬ੍ਰਿਜ ਬਣਾਉਣ ਦੀ ਮੰਗ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਸੀ। ਇਸ ਫਾਟਕ ਤੋਂ ਰੋਜ਼ਾਨਾ 100 ਤੋਂ ਵੱਧ ਰੇਲ ਗੱਡੀਆਂ ਲੰਘਦੀਆਂ ਹਨ, ਜਿਸ ਕਾਰਨ ਆਸ-ਪਾਸ ਦੀਆਂ ਦਰਜਨਾਂ ਕਾਲੋਨੀਆਂ ਦੇ ਹਜ਼ਾਰਾਂ ਲੋਕਾਂ ਨੂੰ ਵਾਰ-ਵਾਰ ਜਾਮ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸੇ ਤਰ੍ਹਾਂ, ਬੱਸ ਸਟੈਂਡ ਤੋਂ ਪੀ.ਆਈ.ਐੱਮ.ਐੱਸ. (PIMS) ਹਸਪਤਾਲ ਵੱਲ ਜਾਣ ਵਾਲੇ ਰਸਤੇ 'ਤੇ ਸਥਿਤ ਗੜ੍ਹਾ ਰੇਲਵੇ ਫਾਟਕ ਵੀ ਭਾਰੀ ਟ੍ਰੈਫਿਕ ਦਬਾਅ ਵਾਲਾ ਖੇਤਰ ਹੈ। ਫਾਟਕ ਬੰਦ ਹੋਣ ਦੌਰਾਨ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਜਾਂਦੀਆਂ ਹਨ, ਜਿਸ ਨਾਲ ਲੋਕਾਂ ਦਾ ਸਮਾਂ ਅਤੇ ਤੇਲ (ਈਂਧਨ) ਦੋਵੇਂ ਬਰਬਾਦ ਹੁੰਦੇ ਹਨ।
ਸੂਤਰਾਂ ਅਨੁਸਾਰ ਇਨ੍ਹਾਂ ਦੋਵਾਂ ਓਵਰਬ੍ਰਿਜਾਂ ਦੇ ਨਿਰਮਾਣ ਦਾ ਪੂਰਾ ਖ਼ਰਚਾ ਰੇਲ ਮੰਤਰਾਲਾ ਖ਼ੁਦ ਚੁੱਕੇਗਾ। ਇਸ ਦੇ ਨਾਲ ਹੀ ਪੰਜਾਬ ਵਿੱਚ ਲਗਭਗ 94 ਰੇਲਵੇ ਫਾਟਕਾਂ 'ਤੇ ਓਵਰਬ੍ਰਿਜ ਅਤੇ ਅੰਡਰਬ੍ਰਿਜ ਬਣਾਉਣ ਦੀ ਵੀ ਮਨਜ਼ੂਰੀ ਦਿੱਤੀ ਗਈ ਹੈ, ਜਿਸ ਨਾਲ ਸੂਬੇ ਵਿੱਚ ਟ੍ਰੈਫਿਕ ਵਿਵਸਥਾ ਅਤੇ ਕਨੈਕਟੀਵਿਟੀ ਨੂੰ ਬਿਹਤਰ ਬਣਾਉਣ ਵਿੱਚ ਮਦਦ ਮਿਲੇਗੀ।
ਸਥਾਨਕ ਲੋਕਾਂ ਦਾ ਮੰਨਣਾ ਹੈ ਕਿ ਇਨ੍ਹਾਂ ਪ੍ਰੋਜੈਕਟਾਂ ਦੇ ਮੁਕੰਮਲ ਹੋਣ ਨਾਲ ਨਾ ਸਿਰਫ਼ ਟ੍ਰੈਫਿਕ ਜਾਮ ਦੀ ਸਮੱਸਿਆ ਘੱਟ ਹੋਵੇਗੀ, ਸਗੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚਕਾਰ ਆਉਣਾ-ਜਾਣਾ ਵੀ ਵਧੇਰੇ ਸੁਖਾਲਾ ਅਤੇ ਸੁਰੱਖਿਅਤ ਹੋ ਜਾਵੇਗਾ।