Trump Shouts at Netanyahu: Axios Report Reveals Furious Phone Call Over Lebanon Attacks
ਟਰੰਪ ਨੇਤਨਯਾਹੂ 'ਤੇ ਚੀਕਿਆ: ਮਿਡਲ ਈਸਟ (ਮੱਧ ਪੂਰਬ) ਵਿੱਚ ਇਰਾਨ ਨਾਲ ਚੱਲ ਰਹੀ ਤਣਾਤਣੀ ਦਰਮਿਆਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਸਖ਼ਤ ਲਹਿਜੇ ਵਿੱਚ ਝਿੜਕਿਆ ਹੈ। ਐਕਸੀਓਸ (Axios) ਦੀ ਇੱਕ ਰਿਪੋਰਟ ਅਨੁਸਾਰ, ਲੇਬਨਾਨ ਵਿੱਚ ਇਜ਼ਰਾਈਲ ਦੇ ਹਮਲਾਵਰ ਹਮਲਿਆਂ ਨੂੰ ਲੈ ਕੇ ਨੇਤਨਯਾਹੂ 'ਤੇ ਟਰੰਪ ਦਾ ਗੁੱਸਾ ਫੁੱਟ ਪਿਆ। ਟਰੰਪ ਨੇ ਫ਼ੋਨ 'ਤੇ ਗੱਲਬਾਤ ਕਰਦਿਆਂ ਨੇਤਨਯਾਹੂ ਨੂੰ 'ਪੂਰੀ ਤਰ੍ਹਾਂ ਪਾਗਲ' ਤੱਕ ਕਹਿ ਦਿੱਤਾ ਅਤੇ ਇਹ ਵੀ ਕਿਹਾ ਕਿ ਜੇ ਮੈਂ ਨਾ ਹੁੰਦਾ ਤਾਂ ਤੂੰ ਜੇਲ੍ਹ ਵਿੱਚ ਹੁੰਦਾ। ਇਸ ਗੱਲਬਾਤ ਬਾਰੇ ਇੱਕ ਅਮਰੀਕੀ ਅਧਿਕਾਰੀ ਅਤੇ ਆਪਣੇ ਸੂਤਰਾਂ ਦੇ ਹਵਾਲੇ ਨਾਲ ਐਕਸੀਓਸ ਨੇ ਦੱਸਿਆ ਕਿ ਟਰੰਪ ਬਹੁਤ ਜ਼ਿਆਦਾ ਗੁੱਸੇ ਵਿੱਚ ਸਨ ਅਤੇ ਉਹ ਨੇਤਨਯਾਹੂ 'ਤੇ ਚੀਕ ਰਹੇ ਸਨ।
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ 'ਤੇ ਅਹਿਸਾਨ ਫ਼ਰਾਮੋਸ਼ੀ ਦਾ ਦੋਸ਼ ਲਗਾਇਆ ਅਤੇ ਇਹ ਦਾਅਵਾ ਕੀਤਾ ਕਿ ਉਨ੍ਹਾਂ ਨੇ ਨੇਤਨਯਾਹੂ ਨੂੰ ਜੇਲ੍ਹ ਜਾਣ ਤੋਂ ਬਚਾਉਣ ਵਿੱਚ ਮਦਦ ਕੀਤੀ। ਟਰੰਪ ਦਾ ਜੇਲ੍ਹ ਵਾਲਾ ਇਹ ਬਿਆਨ ਨੇਤਨਯਾਹੂ ਖ਼ਿਲਾਫ਼ ਚੱਲ ਰਹੇ ਭ੍ਰਿਸ਼ਟਾਚਾਰ ਦੇ ਮੁਕੱਦਮੇ ਨੂੰ ਲੈ ਕੇ ਸੀ।
ਐਕਸੀਓਸ ਦੀ ਰਿਪੋਰਟ ਅਨੁਸਾਰ, ਟਰੰਪ ਨੇ ਗੁੱਸੇ ਵਿੱਚ ਨੇਤਨਯਾਹੂ ਨੂੰ ਕਿਹਾ, "ਤੂੰ ਪੂਰੀ ਤਰ੍ਹਾਂ ਪਾਗਲ ਹੈਂ। ਜੇ ਮੈਂ ਨਾ ਹੁੰਦਾ ਤਾਂ ਤੂੰ ਜੇਲ੍ਹ ਵਿੱਚ ਹੁੰਦਾ। ਮੈਂ ਤੇਰੀ ਜਾਨ ਬਚਾ ਰਿਹਾ ਹਾਂ। ਹੁਣ ਹਰ ਕੋਈ ਤੈਨੂੰ ਨਫ਼ਰਤ ਕਰਦਾ ਹੈ। ਇਸ ਕਾਰਨ ਹਰ ਕੋਈ ਇਜ਼ਰਾਈਲ ਨਾਲ ਵੀ ਨਫ਼ਰਤ ਕਰਦਾ ਹੈ।" ਦੋਸ਼ ਹੈ ਕਿ ਨੇਤਨਯਾਹੂ ਦੇ ਹੁਕਮਾਂ 'ਤੇ ਇਜ਼ਰਾਈਲ ਲਗਾਤਾਰ ਲੇਬਨਾਨ ਵਿੱਚ ਹਮਲੇ ਕਰਕੇ ਸੀਜ਼ਫਾਇਰ (ਜੰਗਬੰਦੀ) ਨੂੰ ਤੋੜ ਰਿਹਾ ਹੈ, ਜਿਸ ਕਾਰਨ ਟਰੰਪ ਨੇਤਨਯਾਹੂ 'ਤੇ ਇਸ ਕਦਰ ਭੜਕੇ ਹੋਏ ਹਨ।
ਰਿਪੋਰਟਾਂ ਅਨੁਸਾਰ, ਟਰੰਪ ਨੇ ਨੇਤਨਯਾਹੂ 'ਤੇ ਚੀਕਦਿਆਂ ਇਹ ਵੀ ਕਿਹਾ- 'ਤੂੰ ਆਖਰ ਕਰ ਕੀ ਰਿਹਾ ਹੈਂ?'... ਇਜ਼ਰਾਈਲ ਦੇ ਲੇਬਨਾਨ 'ਤੇ ਲਗਾਤਾਰ ਹਮਲੇ ਮੱਧ ਪੂਰਬੀ ਸੰਘਰਸ਼ ਨੂੰ ਖ਼ਤਮ ਕਰਨ ਲਈ ਇਰਾਨ ਨਾਲ ਚੱਲ ਰਹੀ ਸ਼ਾਂਤੀ ਵਾਰਤਾ ਨੂੰ ਪ੍ਰਭਾਵਿਤ ਕਰਦੇ ਹਨ। ਦੱਸਿਆ ਜਾਂਦਾ ਹੈ ਕਿ ਟਰੰਪ ਨੂੰ ਪਿਛਲੇ ਕੁਝ ਦਿਨਾਂ ਵਿੱਚ ਅਹਿਸਾਸ ਹੋਇਆ ਕਿ ਨੇਤਨਯਾਹੂ ਲੋੜ ਤੋਂ ਵੱਧ ਲੇਬਨਾਨ ਖ਼ਿਲਾਫ਼ ਹਮਲਾਵਰ ਰੁਖ਼ ਅਪਣਾ ਰਹੇ ਹਨ।
ਲੇਬਨਾਨ ਦੀ ਰਾਜਧਾਨੀ ਬੇਰੂਤ 'ਤੇ ਧਮਕੀਆਂ ਦੇਣ ਤੋਂ ਇਲਾਵਾ, ਇਜ਼ਰਾਈਲ ਦੱਖਣੀ ਲੇਬਨਾਨ ਵਿੱਚ ਵੀ ਆਪਣੀ ਜ਼ਮੀਨੀ ਮੁਹਿੰਮ ਨੂੰ ਵਧਾ ਰਿਹਾ ਹੈ। ਟਰੰਪ ਇਸ ਗੱਲ ਤੋਂ ਨਾਰਾਜ਼ ਸਨ ਕਿਉਂਕਿ ਲੇਬਨਾਨ ਵਿੱਚ ਹਮਲਾਵਰ ਰੁਖ਼ ਅਪਣਾਉਣ ਨਾਲ ਇਰਾਨ ਨਾਲ ਅਮਰੀਕਾ ਦੀ ਸ਼ਾਂਤੀ ਵਾਰਤਾ ਖ਼ਤਰੇ ਵਿੱਚ ਪੈ ਰਹੀ ਸੀ।
ਜ਼ਿਕਰਯੋਗ ਹੈ ਕਿ ਇਰਾਨ ਲੇਬਨਾਨ ਵਿੱਚ ਇਜ਼ਰਾਈਲ ਦੇ ਹਮਲਿਆਂ ਕਾਰਨ ਅਮਰੀਕਾ ਨਾਲ ਚੱਲ ਰਹੀ ਗੱਲਬਾਤ ਨੂੰ ਤੋੜਨ ਦੀ ਧਮਕੀ ਦਿੰਦਾ ਰਿਹਾ ਹੈ। ਇਰਾਨ ਦਾ ਕਹਿਣਾ ਹੈ ਕਿ ਲੇਬਨਾਨ ਵਿੱਚ ਇਜ਼ਰਾਈਲ ਦੇ ਹਮਲੇ ਉਸ ਨੂੰ ਮਨਜ਼ੂਰ ਨਹੀਂ ਅਤੇ ਇਹ ਹਮਲੇ ਪੂਰੀ ਤਰ੍ਹਾਂ ਰੁਕਣੇ ਚਾਹੀਦੇ ਹਨ। ਦੱਸ ਦੇਈਏ ਕਿ ਅਮਰੀਕਾ ਅਤੇ ਇਜ਼ਰਾਈਲ ਦੇ ਖ਼ਿਲਾਫ਼ ਜੰਗ ਵਿੱਚ ਲੇਬਨਾਨ ਨੇ ਇਰਾਨ ਦਾ ਸਾਥ ਦਿੱਤਾ ਸੀ।