ਨੌਵੇਂ ਪਾਤਸ਼ਾਹ ਦਾ 350ਵਾਂ ਸ਼ਹੀਦੀ ਦਿਵਸ: ਹਰਜੋਤ ਸਿੰਘ ਬੈਂਸ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਲਈ ਵਿਸ਼ੇਸ਼ ਰੇਲ-ਗੱਡੀਆਂ
ਨੌਵੇਂ ਪਾਤਸ਼ਾਹ ਦਾ 350ਵਾਂ ਸ਼ਹੀਦੀ ਦਿਵਸ: ਹਰਜੋਤ ਸਿੰਘ ਬੈਂਸ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਲਈ ਵਿਸ਼ੇਸ਼ ਰੇਲ-ਗੱਡੀਆਂ ਚਲਾਉਣ ਅਤੇ “ਵੰਦੇ ਭਾਰਤ” ਦੀਆਂ ਸੇਵਾਵਾਂ ਵਧਾ ਕੇ ਦੁੱਗਣੀਆਂ ਕਰਨ ਦੀ ਮੰਗ
• ਸਿੱਖਿਆ ਮੰਤਰੀ ਬੈਂਸ ਨੇ 9ਵੇਂ ਪਾਤਸ਼ਾਹ ਨੂੰ ਸ਼ਰਧਾਂਜਲੀ ਭੇਟ ਕਰਨ ਵਾਸਤੇ ਆਉਣ ਵਾਲੀ ਸੰਗਤ ਲਈ ਨਿਰਵਿਘਨ ਯਾਤਰਾ ਲਈ ਰੇਲਵੇ ਮੰਤਰੀ ਨੂੰ ਲਿਖਿਆ ਪੱਤਰ
ਚੰਡੀਗੜ੍ਹ, 11 ਅਕਤੂਬਰ:
ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਵਸ ਦੇ ਮੱਦੇਨਜ਼ਰ ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਕੇਂਦਰੀ ਰੇਲਵੇ ਮੰਤਰਾਲੇ ਤੋਂ ਪਵਿੱਤਰ ਨਗਰੀ ਸ੍ਰੀ ਅਨੰਦਪੁਰ ਸਾਹਿਬ ਲਈ ਰੇਲ ਸੇਵਾਵਾਂ ਵਿੱਚ ਵਾਧਾ ਕਰਨ ਦੀ ਮੰਗ ਕੀਤੀ ਹੈ ਤਾਂ ਜੋ 9ਵੇਂ ਪਾਤਸ਼ਾਹ ਅਤੇ ਉਨ੍ਹਾਂ ਦੇ ਅਨਿਨ ਸੇਵਕ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀ ਲਾਸਾਨੀ ਕੁਰਬਾਨੀ ਨੂੰ ਨਮਨ ਕਰਨ ਲਈ ਲੱਖਾਂ ਦੀ ਗਿਣਤੀ ਵਿੱਚ ਆਉਣ ਵਾਲੀ ਸੰਗਤ ਨੂੰ ਨਿਰਵਿਘਨ ਯਾਤਰਾ ਦੀ ਸਹੂਲਤ ਪ੍ਰਦਾਨ ਕੀਤੀ ਜਾ ਸਕੇ।
ਕੇਂਦਰੀ ਰੇਲਵੇ ਮੰਤਰੀ ਸ੍ਰੀ ਅਸ਼ਵਨੀ ਵੈਸ਼ਨਵ ਅਤੇ ਕੇਂਦਰੀ ਰਾਜ ਮੰਤਰੀ ਸ੍ਰੀ ਰਵਨੀਤ ਸਿੰਘ ਬਿੱਟੂ ਨੂੰ ਲਿਖੇ ਪੱਤਰ ਵਿੱਚ ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਤਕਰੀਬਨ 1 ਕਰੋੜ ਤੋਂ ਵੱਧ ਸੰਗਤ ਦੇ ਆਉਣ ਦੀ ਉਮੀਦ ਹੈ। ਸ. ਬੈਂਸ ਨੇ ਆਪਣੇ ਪੱਤਰ ਵਿੱਚ ਨਵੀਂ ਦਿੱਲੀ ਤੋਂ ਚੱਲਦੀ ਵੰਦੇ ਭਾਰਤ ਐਕਸਪ੍ਰੈਸ ਦੀਆਂ ਸੇਵਾਵਾਂ ਨੂੰ 15 ਤੋਂ 30 ਨਵੰਬਰ, 2025 ਤੱਕ ਦੁੱਗਣਾ ਕਰਨ ਦੀ ਮੰਗ ਕੀਤੀ। ਉਨ੍ਹਾਂ ਨੇ ਦੇਸ਼ ਭਰ ਦੇ ਪ੍ਰਮੁੱਖ ਅਧਿਆਤਮਿਕ ਕੇਂਦਰਾਂ, ਜਿਨ੍ਹਾਂ ਵਿੱਚ ਤਖ਼ਤ ਸ੍ਰੀ ਪਟਨਾ ਸਾਹਿਬ, ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ (ਮਹਾਰਾਸ਼ਟਰ), ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਹੋਰ ਪ੍ਰਮੁੱਖ ਸ਼ਹਿਰਾਂ, ਤੋਂ ਵਿਸ਼ੇਸ਼ ਯਾਤਰੀ ਰੇਲਗੱਡੀਆਂ ਚਲਾਉਣ ਦੀ ਵੀ ਮੰਗ ਕੀਤੀ ਤਾਂ ਜੋ 22 ਤੋਂ 25 ਨਵੰਬਰ, 2025 ਤੱਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਰਵਾਏ ਜਾਣ ਵਾਲੇ ਵੱਡੇ ਸਮਾਗਮਾਂ ਵਿੱਚ ਸ਼ਮੂਲੀਅਤ ਲਈ ਆਉਣ ਵਾਲੀ ਸੰਗਤ ਨੂੰ ਆਉਣ-ਜਾਣ ਵਿੱਚ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
ਸ੍ਰੀ ਅਨੰਦਪੁਰ ਸਾਹਿਬ ਦੀ ਧਾਰਮਿਕ ਮਹੱਤਤਾ ਅਤੇ ਪਵਿੱਤਰ ਇਤਿਹਾਸ ਨੂੰ ਉਜਾਗਰ ਕਰਦਿਆਂ ਸਿੱਖਿਆ ਮੰਤਰੀ ਨੇ ਕਿਹਾ ਕਿ ਇਹ ਨਗਰੀ ਸ੍ਰੀ ਗੁਰੂ ਤੇਗ਼ ਬਹਾਦਰ ਜੀ ਵੱਲੋਂ ਵਸਾਈ ਗਈ ਸੀ, ਜਿੱਥੇ ਅਤਿਆਚਾਰ ਦਾ ਸਾਹਮਣਾ ਕਰ ਰਹੇ ਕਸ਼ਮੀਰੀ ਪੰਡਿਤਾਂ ਨੇ ਪਨਾਹ ਅਤੇ ਸੁਰੱਖਿਆ ਦੀ ਮੰਗ ਕੀਤੀ ਸੀ। ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਹੀ ਗੁਰੂ ਸਾਹਿਬ ਨੇ ਮਾਨਵਤਾ ਅਤੇ ਜ਼ਮੀਰ ਦੀ ਆਜ਼ਾਦੀ ਲਈ ਦਿੱਲੀ ਵਿੱਚ ਸ਼ਹਾਦਤ ਵਾਸਤੇ ਆਪਣੀ ਅੰਤਿਮ ਯਾਤਰਾ ਸ਼ੁਰੂ ਕੀਤੀ ਸੀ। ਬਾਅਦ ਵਿੱਚ, ਉਨ੍ਹਾਂ ਦੇ ਪਵਿੱਤਰ "ਸੀਸ" ਨੂੰ ਭਾਈ ਜੈਤਾ ਜੀ (ਬਾਬਾ ਜੀਵਨ ਸਿੰਘ ਜੀ) ਵੱਲੋਂ ਸ਼ਰਧਾਪੂਰਵਕ ਸ੍ਰੀ ਅਨੰਦਪੁਰ ਸਾਹਿਬ ਵਾਪਸ ਲਿਆਂਦਾ ਗਿਆ ਸੀ ਅਤੇ ਇੱਥੇ ਸਸਕਾਰ ਕੀਤਾ ਗਿਆ ਜਿਸ ਨਾਲ ਇਹ ਧਰਤੀ ਵਿਸ਼ਵ ਦੇ ਇਤਿਹਾਸ ਦੇ ਸਭ ਤੋਂ ਸਤਿਕਾਰਤ ਅਧਿਆਵਾਂ ਦੀ ਜਿਉਂਦੀ ਜਾਗਦੀ ਮਿਸਾਲ ਬਣ ਗਈ।
ਸ. ਬੈਂਸ ਨੇ ਕਿਹਾ, "ਇਹ ਪਵਿੱਤਰ ਧਰਤੀ ਉਸ ਕੁਰਬਾਨੀ ਦਾ ਜਿਉਂਦਾ ਜਾਗਦਾ ਪ੍ਰਮਾਣ ਹੈ ਜੋ ਦੇਸ਼ ਦੀ ਬੁਨਿਆਦ ਨੂੰ ਪਰਿਭਾਸ਼ਿਤ ਕਰਦੀ ਹੈ। ਇਸ ਲਈ ਸਾਡਾ ਪਵਿੱਤਰ ਫ਼ਰਜ਼ ਬਣਦਾ ਹੈ ਕਿ ਅਸੀਂ ਇਹ ਯਕੀਨੀ ਬਣਾਈਏ ਕਿ ਇਸ ਇਤਿਹਾਸਕ ਮੌਕੇ ਮੱਥਾ ਟੇਕਣ ਦੀ ਇੱਛਾ ਰੱਖਣ ਵਾਲਾ ਹਰ ਸ਼ਰਧਾਲੂ ਨਿਰਵਿਘਨ ਇੱਥੇ ਆ ਸਕੇ।"
ਸ. ਹਰਜੋਤ ਸਿੰਘ ਬੈਂਸ ਨੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਧਾਰਮਿਕ ਆਜ਼ਾਦੀ ਅਤੇ ਮਾਨਵੀ ਕਦਰਾਂ-ਕੀਮਤਾਂ ਲਈ ਗੁਰੂ ਜੀ ਦੀ ਲਾਸਾਨੀ ਸ਼ਹਾਦਤ ਪ੍ਰਤੀ ਨਤਮਸਤਕ ਹੋਣ ਦਾ ਇੱਕ ਯਾਦਗਾਰੀ ਮੌਕਾ ਦੱਸਿਆ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵੰਦੇ ਭਾਰਤ ਐਕਸਪ੍ਰੈਸ ਦਿੱਲੀ ਤੋਂ ਸ੍ਰੀ ਆਨੰਦਪੁਰ ਸਾਹਿਬ ਰਾਹੀਂ ਅੰਬ ਅੰਦੌਰਾ ਜਾਂਦੀ ਹੈ। ਉਨ੍ਹਾਂ ਇਸ ਇਤਿਹਾਸਕ ਮੌਕੇ ਉੱਤੇ ਸੰਗਤ ਲਈ ਇਸ ਗੱਡੀ ਦੇ ਗੇੜਿਆਂ ਨੂੰ ਦੁੱਗਣੇ ਕੀਤੇ ਜਾਣ 'ਤੇ ਜ਼ੋਰ ਦਿੱਤਾ।
ਸ. ਬੈਂਸ ਨੇ ਕਿਹਾ ਕਿ ਇਹ ਪਹਿਲ ਸਿਰਫ਼ ਲੌਜਿਸਟਿਕਸ ਸੇਵਾ ਬਾਰੇ ਨਹੀਂ ਹੈ। ਉਨ੍ਹਾਂ ਕਿਹਾ, "ਸਾਰੇ ਧਰਮਾਂ ਦੇ ਅਧਿਕਾਰਾਂ ਦੀ ਰਾਖੀ ਲਈ ਸ਼ਹਾਦਤ ਦੇਣ ਵਾਲੇ ਗੁਰੂ ਸਾਹਿਬ ਅੱਗੇ ਨਤਮਸਤਕ ਹੋਣ ਵਾਲੀਆਂ ਸੰਗਤਾਂ ਨੂੰ ਨਿਰਵਿਘਨ ਯਾਤਰਾ ਦੀ ਸਹੂਲਤ ਦੇ ਕੇ ਅਸੀਂ ਸਰਵਉੱਚ ਨੈਤਿਕ ਬਹਾਦਰੀ ਦਾ ਸਨਮਾਨ ਕਰਦੇ ਹਾਂ ਜੋ ਸਾਡੇ ਬਹੁਲਵਾਦੀ ਰਾਸ਼ਟਰ ਦੀ ਨੀਂਹ ਬਣਿਆ ਹੋਇਆ ਹੈ।"