MC Elections: BJP Mohali Candidate List 2026
BJP ਨੇ ਮੋਹਾਲੀ ਵਿੱਚ ਉਮੀਦਵਾਰਾਂ ਦਾ ਕੀਤਾ ਐਲਾਨ; 42 ਵਾਰਡਾਂ ਵਿੱਚ ਉਤਾਰੇ ਉਮੀਦਵਾਰ, 26 ਮਈ ਨੂੰ ਹੋਵੇਗੀ ਵੋਟਿੰਗ, 29 ਨੂੰ ਨਤੀਜੇ
ਪੰਜਾਬ ਨਗਰ ਨਿਗਮ ਤੇ ਕੌਂਸਲ ਚੋਣਾਂ 2026: ਪੰਜਾਬ ਵਿੱਚ ਨਗਰ ਨਿਗਮ ਤੇ ਕੌਂਸਲ ਚੋਣਾਂ 2026 ਦਾ ਐਲਾਨ ਹੋਣ ਤੋਂ ਬਾਅਦ ਸਿਆਸੀ ਪਾਰਟੀਆਂ ਮੈਦਾਨ ਵਿੱਚ ਨਿੱਤਰ ਆਈਆਂ ਹਨ। ਇਸੇ ਦੌਰਾਨ ਭਾਜਪਾ ਨੇ ਮੋਹਾਲੀ ਨਗਰ ਨਿਗਮ ਚੋਣਾਂ ਲਈ ਆਪਣੇ ਵਾਰਡ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿੱਚ 42 ਵਾਰਡ ਕੌਂਸਲਰ ਉਮੀਦਵਾਰਾਂ ਦੇ ਨਾਮ ਸ਼ਾਮਲ ਹਨ।
ਭਾਜਪਾ ਨੇ ਅਜੇ ਵਾਰਡ ਨੰਬਰ 13, 16, 17, 24, 34, 42, 43 ਅਤੇ 44 ਵਿੱਚ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਹੈ। ਇੱਕ ਦਿਨ ਪਹਿਲਾਂ ਹੀ ਮੋਹਾਲੀ ਵਿੱਚ ਪੰਜਾਬ ਭਾਜਪਾ ਦੀ ਜਥੇਬੰਦਕ ਮੀਟਿੰਗ ਹੋਈ ਸੀ, ਜਿਸ ਵਿੱਚ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਸੂਬਾ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਵੀ ਮੌਜੂਦ ਸਨ। ਜਾਖੜ ਨੇ ਕਿਹਾ ਸੀ ਕਿ ਭਾਜਪਾ ਪੰਜਾਬ ਵਿੱਚ ਨਿਕਾਇ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ।
11 ਮਈ ਨੂੰ ਹੋਇਆ ਸੀ ਚੋਣਾਂ ਦਾ ਐਲਾਨ
ਪੰਜਾਬ ਵਿੱਚ ਨਿਕਾਇ ਚੋਣਾਂ 2026 ਦਾ ਐਲਾਨ 11 ਮਈ ਨੂੰ ਕੀਤਾ ਗਿਆ ਸੀ। ਚੰਡੀਗੜ੍ਹ ਵਿੱਚ ਪੰਜਾਬ ਰਾਜ ਚੋਣ ਕਮਿਸ਼ਨਰ ਰਾਜਕਮਲ ਚੌਧਰੀ ਨੇ ਪ੍ਰੈੱਸ ਕਾਨਫਰੰਸ ਰਾਹੀਂ ਜਾਣਕਾਰੀ ਦਿੱਤੀ ਸੀ ਕਿ 8 ਨਗਰ ਨਿਗਮਾਂ, 76 ਨਗਰ ਕੌਂਸਲਾਂ ਅਤੇ 21 ਨਗਰ ਪੰਚਾਇਤਾਂ ਵਿੱਚ 26 ਮਈ ਨੂੰ ਵੋਟਿੰਗ ਹੋਵੇਗੀ। ਵੋਟਿੰਗ ਦਾ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗਾ। ਵੋਟਿੰਗ ਤੋਂ ਬਾਅਦ 29 ਮਈ ਨੂੰ ਵੋਟਾਂ ਦੀ ਗਿਣਤੀ ਹੋਵੇਗੀ ਅਤੇ ਨਤੀਜੇ ਐਲਾਨੇ ਜਾਣਗੇ। ਚੋਣ ਕਮਿਸ਼ਨਰ ਨੇ ਦੱਸਿਆ ਕਿ ਚੋਣਾਂ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਪੰਜਾਬ ਦੀਆਂ ਕਿਹੜੀਆਂ 8 ਨਗਰ ਨਿਗਮਾਂ ਵਿੱਚ ਚੋਣਾਂ?
ਸੂਬੇ ਦੀਆਂ ਜਿਨ੍ਹਾਂ 8 ਨਗਰ ਨਿਗਮਾਂ ਵਿੱਚ ਚੋਣਾਂ ਹੋਣੀਆਂ ਹਨ, ਉਨ੍ਹਾਂ ਵਿੱਚ ਮੋਹਾਲੀ, ਮੋਗਾ, ਬਟਾਲਾ, ਬਰਨਾਲਾ, ਅਬੋਹਰ, ਕਪੂਰਥਲਾ, ਪਠਾਨਕੋਟ ਅਤੇ ਬਠਿੰਡਾ ਸ਼ਾਮਲ ਹਨ। ਇਸ ਤੋਂ ਇਲਾਵਾ 76 ਨਗਰ ਕੌਂਸਲਾਂ ਅਤੇ 21 ਨਗਰ ਪੰਚਾਇਤਾਂ ਹਨ। ਤਿੰਨਾਂ ਸੰਸਥਾਵਾਂ ਵਿੱਚ ਕੁੱਲ 2,019 ਵਾਰਡ ਹਨ ਅਤੇ 3,977 ਪੋਲਿੰਗ ਸਟੇਸ਼ਨਾਂ 'ਤੇ ਵੋਟਾਂ ਪਾਈਆਂ ਜਾਣਗੀਆਂ। ਚੋਣ ਕਮਿਸ਼ਨਰ ਨੇ ਦੱਸਿਆ ਕਿ ਕੁੱਲ ਵੋਟਰਾਂ ਦੀ ਗਿਣਤੀ 36,72,932 ਹੈ, ਜਿਨ੍ਹਾਂ ਵਿੱਚੋਂ 18,98,990 ਮਰਦ ਅਤੇ 17,73,716 ਮਹਿਲਾ ਵੋਟਰ ਹਨ।
ਚੋਣ ਪ੍ਰੋਗਰਾਮ 'ਤੇ ਇੱਕ ਨਜ਼ਰ:
ਨਾਮਜ਼ਦਗੀ ਪ੍ਰਕਿਰਿਆ: 13 ਮਈ ਤੋਂ 16 ਮਈ ਤੱਕ।ਕਾਗਜ਼ਾਂ ਦੀ ਪੜਤਾਲ: 18 ਮਈ।
ਨਾਮਜ਼ਦਗੀ ਵਾਪਸ ਲੈਣ ਦੀ ਮਿਤੀ: 19 ਮਈ।
ਵੋਟਿੰਗ ਦੀ ਮਿਤੀ: 26 ਮਈ (ਸਵੇਰੇ 8 ਤੋਂ ਸ਼ਾਮ 5 ਵਜੇ)।
ਨਤੀਜੇ: 29 ਮਈ।
ਉਮੀਦਵਾਰਾਂ ਲਈ ਖਰਚੇ ਦੀ ਹੱਦ ਤੈਅ
ਚੋਣ ਕਮਿਸ਼ਨ ਨੇ ਉਮੀਦਵਾਰਾਂ ਲਈ ਖਰਚੇ ਦੀ ਸੀਮਾ ਵੀ ਨਿਰਧਾਰਤ ਕੀਤੀ ਹੈ:
ਨਗਰ ਨਿਗਮ ਉਮੀਦਵਾਰ: ਵੱਧ ਤੋਂ ਵੱਧ 4 ਲੱਖ ਰੁਪਏ।
ਨਗਰ ਕੌਂਸਲ (ਕਲਾਸ-1): 3.60 ਲੱਖ ਰੁਪਏ।
ਨਗਰ ਕੌਂਸਲ (ਕਲਾਸ-2): 2.30 ਲੱਖ ਰੁਪਏ।
ਨਗਰ ਕੌਂਸਲ (ਕਲਾਸ-3): 2 ਲੱਖ ਰੁਪਏ।
ਨਗਰ ਪੰਚਾਇਤ ਉਮੀਦਵਾਰ: 1.40 ਲੱਖ ਰੁਪਏ।
ਚੋਣ ਕਮਿਸ਼ਨਰ ਨੇ ਭਰੋਸਾ ਦਿੱਤਾ ਕਿ ਚੋਣਾਂ ਪੂਰੀ ਪਾਰਦਰਸ਼ਤਾ ਅਤੇ ਸ਼ਾਂਤੀ ਨਾਲ ਕਰਵਾਈਆਂ ਜਾਣਗੀਆਂ ਅਤੇ ਸੁਰੱਖਿਆ ਲਈ ਪੁਲਿਸ ਫੋਰਸ ਤੈਅਨਾਤ ਕੀਤੀ ਜਾਵੇਗੀ।