ਕੈਬਨਿਟ ਮੰਤਰੀ ਨੇ ਹਲਕਾ ਸੁਨਾਮ ਦੇ ਵੱਖੋ-ਵੱਖ ਪਿੰਡਾਂ ਤੇ ਸ਼ਹਿਰਾਂ ਦੇ ਵਿਕਾਸ ਕਾਰਜਾਂ ਲਈ ਕਰੀਬ 01 ਕਰੋੜ 38 ਲੱਖ ਰੁਪਏ
ਦਫਤਰ, ਜ਼ਿਲ੍ਹਾ ਲੋਕ ਸੰਪਰਕ ਅਫਸਰ, ਸੰਗਰੂਰ
ਕੈਬਨਿਟ ਮੰਤਰੀ ਨੇ ਹਲਕਾ ਸੁਨਾਮ ਦੇ ਵੱਖੋ-ਵੱਖ ਪਿੰਡਾਂ ਤੇ ਸ਼ਹਿਰਾਂ ਦੇ ਵਿਕਾਸ ਕਾਰਜਾਂ ਲਈ ਕਰੀਬ 01 ਕਰੋੜ 38 ਲੱਖ ਰੁਪਏ ਦੇ ਚੈੱਕ ਵੰਡੇ
ਚੈੱਕ ਵੰਡਣ ਲਈ ਲੌਂਗੋਵਾਲ, ਸ਼ਾਹਪੁਰ ਕਲਾਂ ਅਤੇ ਸੁਨਾਮ ਦਫਤਰ ਵਿਖੇ ਰੱਖੇ ਸਮਾਗਮਾਂ ਵਿੱਚ ਕੀਤੀ ਸ਼ਿਰਕਤ
ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ; ਮੌਕੇ 'ਤੇ ਕੀਤੀਆਂ ਹੱਲ
ਸੰਗਰੂਰ/ਲੌਂਗੋਵਾਲ/ ਸੁਨਾਮ, 18 ਜੁਲਾਈ
ਕੈਬਨਿਟ ਮੰਤਰੀ ਤੇ ਆਮ ਆਦਮੀ ਪਾਰਟੀ, ਪੰਜਾਬ ਦੇ ਪ੍ਰਧਾਨ ਸ਼੍ਰੀ ਅਮਨ ਅਰੋੜਾ ਨੇ ਹਲਕਾ ਸੁਨਾਮ ਦੇ ਵੱਖੋ-ਵੱਖ ਪਿੰਡਾਂ ਤੇ ਸ਼ਹਿਰਾਂ ਦੇ ਵਿਕਾਸ ਕਾਰਜਾਂ ਲਈ ਕਰੀਬ 01 ਕਰੋੜ 38 ਲੱਖ ਰੁਪਏ ਦੇ ਚੈੱਕ ਵੰਡਣ ਲਈ ਲੌਂਗੋਵਾਲ, ਸ਼ਾਹਪੁਰ ਕਲਾਂ ਅਤੇ ਸੁਨਾਮ ਆਪਣੇ ਦਫਤਰ ਵਿਖੇ ਰੱਖੇ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼ਹੀਦ ਊਧਮ ਸਿੰਘ ਦੀ ਧਰਤੀ ਵਿਧਾਨ ਸਭਾ ਹਲਕਾ ਸੁਨਾਮ ਵਿੱਚ ਵਿਕਾਸ ਕਾਰਜਾਂ ਸਬੰਧੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾ ਰਹੀ ਤੇ ਵਿਕਾਸ ਕਾਰਜਾਂ ਲਈ ਫੰਡ ਬੇਰੋਕ ਦਿੱਤੇ ਜਾ ਰਹੇ ਹਨ।
ਸ਼੍ਰੀ ਅਮਨ ਅਰੋੜਾ ਨੇ ਹਲਕਾ ਸੁਨਾਮ ਦੇ ਸ਼ਹਿਰ ਲੌਂਗੋਵਾਲ ਵਿਖੇ 14 ਕੰਮਾਂ ਲਈ 50.15 ਲੱਖ ਰੁਪਏ ਅਤੇ ਸੁਨਾਮ ਸ਼ਹਿਰ ਦੇ 16 ਕੰਮਾਂ ਲਈ 50 ਲੱਖ ਰੁਪਏ ਦੇ ਚੈੱਕ ਵੰਡੇ। ਇਸੇ ਤਰ੍ਹਾਂ ਉਹਨਾਂ ਨੇ 11 ਪਿੰਡੀਆਂ ਦੇ 11 ਕੰਮਾਂ ਲਈ 18.79 ਲੱਖ ਰੁਪਏ, ਪਿੰਡ ਸ਼ਾਹਪੁਰ ਦੇ 03 ਵਿਕਾਸ ਕਾਰਜਾਂ ਲਈ 12.50 ਲੱਖ ਰੁਪਏ ਅਤੇ ਪਿੰਡ ਝਾੜੋਂ ਦੇ 02 ਵਿਕਾਸ ਕਾਰਜਾਂ ਲਈ 06 ਲੱਖ ਰੁਪਏ ਦੇ ਚੈੱਕ ਵੰਡੇ।
ਸ਼੍ਰੀ ਅਰੋੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਜਿਹੜੇ ਵਾਅਦੇ ਲੋਕਾਂ ਨਾਲ ਕੀਤੇ ਸਨ, ਉਹ ਪੜਾਅਵਾਰ ਪੂਰੇ ਕੀਤੇ ਜਾ ਰਹੇ ਹਨ। ਸੜਕਾਂ, ਗਲੀਆਂ, ਸਟਰੀਟ ਲਾਈਟਾਂ, ਪਾਰਕਾਂ, ਸ਼ਮਸ਼ਾਨਘਾਟਾਂ ਤੇ ਕਬਰਸਤਾਨਾਂ, ਪਾਣੀ ਦੀ ਨਿਕਾਸੀ ਅਤੇ ਸਕੂਲਾਂ ਸਬੰਧੀ ਵੱਡੇ ਪੱਧਰ ਉਤੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਹਲਕੇ ਦੇ ਵਿਕਾਸ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ।
ਕੈਬਨਿਟ ਮੰਤਰੀ ਨੇ ਕਿਹਾ ਕਿ ਹਲਕੇ ਦੀਆਂ ਸੜਕਾਂ ਦੀ ਕਾਇਆ ਕਲਪ ਵੱਲ ਉਚੇਚਾ ਧਿਆਨ ਦਿੱਤਾ ਜਾ ਰਿਹਾ ਹੈ ਤੇ ਹਲਕੇ ਦੀ ਕੋਈ ਸੜਕ ਅਜਿਹੀ ਨਹੀਂ ਰਹਿਣ ਦਿੱਤੀ ਜਾਵੇਗੀ, ਜਿਸ ਦੀ ਕਾਇਆ ਕਲਪ ਨਾ ਹੋਈ ਹੋਵੇ। ਇਸ ਤੋਂ ਇਲਾਵਾ ਪੰਜਾਬ ਸਰਕਾਰ ਦੀਆਂ ਸਾਰੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਹਰ ਇਕ ਯੋਗ ਲਾਭਪਾਤਰੀ ਨੂੰ ਦਿੱਤਾ ਜਾ ਰਿਹਾ ਹੈ। 300 ਯੂਨਿਟ ਮੁਫ਼ਤ ਬਿਜਲੀ ਦੇਣ ਦੇ ਇਤਿਹਾਸਕ ਫੈਸਲੇ ਨਾਲ ਲੋਕਾਂ ਨੂੰ ਬਹੁਤ ਲਾਭ ਹੋਇਆ ਹੈ। ਵੱਡੀ ਗਿਣਤੀ ਸਰਕਾਰੀ ਸੇਵਾਵਾਂ ਦਾ ਲਾਭ ਹੁਣ ਲੋਕਾਂ ਨੂੰ ਘਰਾਂ ਵਿੱਚ ਬੈਠੇ ਹੀ ਮਿਲ ਰਿਹਾ ਹੈ।
ਸ਼੍ਰੀ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਟੀਚਾ ਹੈ ਕਿ ਪੰਜਾਬ ਦੇ ਨਹਿਰੀ ਪਾਣੀ ਦੀ ਇਕ ਇਕ ਬੁੰਦ ਕਿਸਾਨਾਂ ਦੇ ਖੇਤਾਂ ਤਕ ਪੁਜਦੀ ਕੀਤੀ ਜਾਵੇ। ਇਸ ਸਦਕਾ ਜਿੱਥੇ ਧਰਤੀ ਹੇਠਲੇ ਪਾਣੀ ਦੀ ਬੱਚਤ ਹੋਵੇਗੀ, ਉੱਥੇ ਕਿਸਾਨਾਂ ਦੇ ਪੈਸੇ ਦੀ ਬੱਚਤ ਹੋਵੇਗੀ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਅਥਾਹ ਵਾਧਾ ਹੋਵੇਗਾ। ਇਸੇ ਲੜੀ ਤਹਿਤ ਹਰ ਖੇਤ ਤਕ ਨਹਿਰੀ ਪਾਣੀ ਪੁੱਜਦਾ ਕਰਨ ਲਈ ਜ਼ਮੀਨਦੋਜ਼ ਪਾਈਪਾਂ ਪਾਉਣ ਅਤੇ ਖਾਲੇ ਬਣਾਉਣ ਦਾ ਕੰਮ ਜੰਗੀ ਪੱਧਰ ਉੱਤੇ ਜਾਰੀ ਹੈ। ਲੰਮੇ ਸਮੇਂ ਤੋਂ ਵੱਖ ਵੱਖ ਮੁਸ਼ਕਲਾਂ ਨਾਲ ਜੂਝਦੇ ਰਹੇ ਹਲਕੇ ਦੇ ਸ਼ਹਿਰਾਂ ਨੂੰ ਮੁਸ਼ਕਲਾਂ ਤੋਂ ਨਿਜਾਤ ਦਿਵਾਉਣ ਲਈ ਉਚੇਚੇ ਤੌਰ ਉੱਤੇ ਕੰਮ ਕੀਤਾ ਜਾ ਰਿਹਾ ਹੈ, ਜਿਸ ਦੇ ਸਾਰਥਕ ਸਿੱਟੇ ਨਿਕਲ ਰਹੇ ਹਨ।
ਕੈਬਨਿਟ ਮੰਤਰੀ ਨੇ ਲੋਕ ਨੁਮਾਇੰਦਿਆਂ ਨੂੰ ਕਿਹਾ ਕਿ ਇਹ ਲੋਕਾਂ ਦਾ ਪੈਸਾ ਹੈ ਤੇ ਪੂਰਨ ਇਮਾਨਦਾਰੀ ਨਾਲ ਲੋਕਾਂ ਦੇ ਕਾਰਜਾਂ 'ਤੇ ਹੀ ਲੱਗਣਾ ਚਾਹੀਦਾ ਹੈ। ਇਸ ਮੌਕੇ ਉਹਨਾਂ ਨੇ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਤੇ ਬਹੁਤੀਆਂ ਮੁਸ਼ਕਲਾਂ ਮੌਕੇ ਉੱਤੇ ਹੀ ਅਧਿਕਾਰੀਆਂ ਨੂੰ ਹਦਾਇਤ ਕਰ ਕੇ ਹੱਲ ਕਰਵਾਈਆਂ ਗਈਆਂ ਤੇ ਬਾਕੀਆਂ ਦੇ ਹੱਲ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ।
ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਗੁਰੂਆਂ, ਪੀਰਾਂ-ਪੈਗੰਬਰਾਂ ਅਤੇ ਦੇਵੀ-ਦੇਵਤਿਆਂ ਦੀ ਪਵਿੱਤਰ ਧਰਤੀ ਹੈ, ਜਿੱਥੋਂ ਦੇ ਲੋਕ ਗੈਰਤ ਨਾਲ ਰਹਿੰਦੇ ਹਨ। ਪਰ ਨਸ਼ਿਆਂ ਦੀ ਭੈੜੀ ਅਲਾਮਤ ਨੇ ਸੂਬੇ ਅਤੇ ਸਮਾਜ ਨੂੰ ਆਪਣੀ ਗ੍ਰਿਫਤ ਵਿੱਚ ਲੈ ਲਿਆ ਸੀ। ਪੰਜਾਬ ਕੌਮਾਂਤਰੀ ਸਰਹੱਦ ਨਾਲ ਲਗਦਾ ਹੋਣ ਕਰ ਕੇ ਨਸ਼ੇ ਦੇ ਤਸਕਰਾਂ ਲਈ ਇਹ ਡਰੱਗ ਰੂਟ ਬਣਿਆ ਹੋਇਆ ਸੀ, ਜਿਸ ਨੂੰ ਰੋਕਣ ਲਈ ਪੰਜਾਬ ਸਰਕਾਰ ਨੇ ਸਖ਼ਤ ਕਦਮ ਚੁੱਕੇ ਹਨ।
ਇਸ ਮਸਲੇ 'ਤੇ ਸਾਰੇ ਸਮਾਜ ਨੂੰ ਇਕਜੁਟ ਹੋਣਾ ਚਾਹੀਦਾ ਹੈ। ਪੰਜਾਬ ਵਿੱਚ ਨਸ਼ਿਆਂ ਦਾ ਕਾਰੋਬਾਰ ਕਰਨ ਵਿੱਚ ਲੱਗੇ ਹੋਏ ਵਿਅਕਤੀਆਂ ਨੂੰ ਵੱਡੇ ਪੱਧਰ ’ਤੇ ਕਾਬੂ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਨਸ਼ਿਆਂ ਦੀ ਲਾਹਨਤ ਨੂੰ ਜੜੋਂ ਖਤਮ ਕਰਨ ਲਈ ਦ੍ਰਿੜ੍ਹ ਹੈ।
ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਮੀਡੀਆ ਕੋਆਰਡੀਨੇਟਰ ਜਤਿੰਦਰ ਜੈਨ, ਲੌਂਗੋਵਾਲ ਤੋਂ ਬਲਵਿੰਦਰ ਸਿੰਘ ਢਿੱਲੋਂ, ਅੰਮ੍ਰਿਤਪਾਲ ਸਿੰਘ ਸਿੱਧੂ ਲੌਂਗੋਵਾਲ, ਰਾਜ ਸਿੰਘ, ਸੁਖਪਾਲ ਸਿੰਘ ਬਾਜਵਾ, ਬਲਕਾਰ ਸਿੰਘ ਸਿੱਧੂ, ਵਿੱਕੀ ਵਸ਼ਿਸ਼ਟ, ਜੁਗਰਾਜ ਸਿੰਘ ਸਰਪੰਚ, ਨਿਹਾਲ ਸਿੰਘ ਸਰਪੰਚ, ਦਰਸ਼ਨ ਸਿੰਘ ਸਰਪੰਚ, ਭੀਮ ਦਾਸ ਸਰਪੰਚ, ਜਗਸੀਰ ਸਿੰਘ ਸਰਪੰਚ, ਮਾਸਟਰ ਜੋਰਾ ਸਿੰਘ, ਸ਼ਾਹਪੁਰ ਤੋਂ ਲੱਕੀ ਸਰਪੰਚ, ਬਲਾਕ ਪ੍ਰਧਾਨ ਮਲਕੀਤ ਸਿੰਘ, ਬੀਰਬਲ ਸਿੰਘ ਝਾੜੋਂ, ਰਜਿੰਦਰ ਸਿੰਘ ਸਰਪੰਚ, ਜੱਗਾ ਸਿੰਘ, ਗੁਰਸੇਵਕ, ਨਿਸ਼ਾਨ ਸਿੰਘ ਟੋਨੀ ਪ੍ਰਧਾਨ ਨਗਰ ਕੌਂਸਲ ਸੁਨਾਮ, ਮੁਕੇਸ਼ ਜੁਨੇਜਾ ਚੇਅਰਮੈਨ ਮਾਰਕੀਟ ਕਮੇਟੀ, ਬਲਾਕ ਪ੍ਰਧਾਨ ਸਾਹਿਬ ਸਿੰਘ, ਸੰਦੀਪ ਜਿੰਦਲ, ਐਮ.ਸੀ. ਸਨੀ ਕਾਂਸਲ, ਗੁਰਤੇਜ ਨਿੱਕਾ, ਚਮਕੌਰ ਹਾਂਡਾ ਤੇ ਕਨ੍ਹਈਆ ਕੁਮਾਰ ਹਾਜ਼ਰ ਸਨ।