ਗੁਰਦਰਸ਼ਨ ਸਿੰਘ ਸੈਣੀ ਵੱਲੋਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਅਹਿਮ ਮੁਲਾਕਾਤ; ਵਪਾਰਕ ਨਿਵੇਸ਼ 'ਤੇ ਹੋਈ ਲੰਮੀ ਚਰਚਾ
ਗੁਰਦਰਸ਼ਨ ਸਿੰਘ ਸੈਣੀ ਵੱਲੋਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਅਹਿਮ ਮੁਲਾਕਾਤ; ਵਪਾਰਕ ਨਿਵੇਸ਼ 'ਤੇ ਹੋਈ ਲੰਮੀ ਚਰਚਾ
*ਡੇਰਾਬੱਸੀ/6 ਜਨਵਰੀ (ਜਸਬੀਰ ਸਿੰਘ)
ਹਲਕਾ ਡੇਰਾਬੱਸੀ ਤੋਂ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਸ. ਗੁਰਦਰਸ਼ਨ ਸਿੰਘ ਸੈਣੀ ਨੇ ਅੱਜ ਅਮਰੀਕਾ ਦੀ ਪ੍ਰਮੁੱਖ ਕੰਪਨੀ 'ਗਿੱਲ ਐਨਰਜੀ ਯੂ ਐੱਸ ਏ' ਦੇ ਚੇਅਰਮੈਨ ਸ. ਕਸ਼ਮੀਰ ਗਿੱਲ ਦੇ ਨਾਲ ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਅਹਿਮ ਮੀਟਿੰਗ ਦੌਰਾਨ ਭਾਰਤ ਵਿੱਚ ਵਪਾਰਕ ਸੰਭਾਵਨਾਵਾਂ ਅਤੇ ਵੱਡੇ ਪੱਧਰ 'ਤੇ ਨਿਵੇਸ਼ ਕਰਨ ਦੇ ਮੌਕਿਆਂ ਬਾਰੇ ਗੰਭੀਰ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਤੋਂ ਇਲਾਵਾ ਸ. ਗੁਰਦਰਸ਼ਨ ਸੈਣੀ ਨੇ ਹਲਕਾ ਡੇਰਾਬੱਸੀ ਦੀ ਬਿਹਤਰੀ ਅਤੇ ਵਿਕਾਸ ਨੂੰ ਲੈ ਕੇ ਵੀ ਮੁੱਖ ਮੰਤਰੀ ਨਾਲ ਗੰਭੀਰ ਚਰਚਾ ਕੀਤੀ। ਸ. ਗੁਰਦਰਸ਼ਨ ਸਿੰਘ ਸੈਣੀ ਨੇ ਦੱਸਿਆ ਕਿ ਮੁੱਖ ਮੰਤਰੀ ਸਾਹਿਬ ਨੇ ਉਨ੍ਹਾਂ ਦੇ ਸੁਝਾਵਾਂ ਅਤੇ ਯੋਜਨਾਵਾਂ ਨੂੰ ਬਹੁਤ ਹੀ ਧਿਆਨਪੂਰਵਕ ਸੁਣਿਆ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵਪਾਰਕ ਪਹਿਲਕਦਮੀਆਂ ਲਈ ਸਾਰਥਕ ਅਤੇ ਹਾਂ ਪੱਖੀ ਹੁੰਗਾਰਾ ਭਰਦਿਆਂ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ।ਮੁੱਖ ਮੰਤਰੀ ਨੇ ਵਪਾਰਕ ਪਹਿਲਕਦਮੀਆਂ ਅਤੇ ਨਿਵੇਸ਼ ਯੋਜਨਾਵਾਂ ਲਈ ਬਹੁਤ ਹੀ ਸਾਰਥਕ ਅਤੇ ਹਾਂ ਪੱਖੀ ਹੁੰਗਾਰਾ ਦਿੱਤਾ ਹੈ ਜੋ ਕਿ ਖੇਤਰ ਲਈ ਇੱਕ ਸ਼ੁਭ ਸੰਕੇਤ ਹੈ। ਉਹਨਾਂ ਮੁੱਖ ਮੰਤਰੀ ਵੱਲੋ ਦਿੱਤੇ ਕੀਮਤੀ ਸਮੇਂ ਅਤੇ ਉਦਯੋਗਪਤੀਆਂ ਦੀ ਹੌਂਸਲਾ ਅਫ਼ਜ਼ਾਈ ਲਈ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਸੈਣੀ ਨੇ ਕਿਹਾ ਕਿ ਅਜਿਹੇ ਉਪਰਾਲਿਆਂ ਨਾਲ ਖੇਤਰ ਵਿੱਚ ਰੁਜ਼ਗਾਰ ਅਤੇ ਵਿਕਾਸ ਦੇ ਨਵੇਂ ਰਾਹ ਖੁੱਲ੍ਹਣਗੇ। ਇਸ ਮੁਲਾਕਾਤ ਨੂੰ ਵਪਾਰ ਅਤੇ ਜਨਤਕ ਵਿਕਾਸ ਦੇ ਖੇਤਰ ਵਿੱਚ ਇੱਕ ਉਸਾਰੂ ਕਦਮ ਮੰਨਿਆ ਜਾ ਰਿਹਾ ਹੈ। ਇਸ ਮੁਲਾਕਾਤ ਦੌਰਾਨ ਮੁੱਖ ਮੰਤਰੀ ਨੇ ਸ਼੍ਰੀ ਸੈਣੀ ਨੂੰ ਹਰੇਕ ਪੱਖ ਤੋਂ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਉਹਨਾਂ ਕਿਹਾ ਕਿ ਡੇਰਾਬੱਸੀ ਇਲਾਕੇ ਨਾਲ ਉਨਾਂ ਦੀ ਬਹੁਤ ਨੇੜਤਾ ਹੈ। ਉਨ੍ਹਾਂ ਕਿਹਾ ਕਿ ਲੰਮੇ ਅਰਸੇ ਤੋਂ ਸਵਰਗਵਾਸੀ ਗੁਰਨਾਮ ਸਿੰਘ ਦਾ ਪਰਿਵਾਰ ਇਸ ਹਲਕੇ ਦੀ ਸੇਵਾ ਵਿੱਚ ਹਾਜ਼ਰ ਹੈ ਅਤੇ ਹੁਣ ਸ. ਗੁਰਦਰਸ਼ਨ ਸਿੰਘ ਸੈਣੀ ਨੇ ਆਪਣੀ ਟੀਮ ਨਾਲ ਇਹ ਸੇਵਾ ਜਾਰੀ ਰੱਖੀ ਹੋਈ ਹੈ। ਉਨਾਂ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਨੇ ਪਿਛਲੇ ਚਾਰ ਸਾਲਾਂ ਤੋਂ ਪੰਜਾਬ ਦੇ ਵਿਕਾਸ ਨੂੰ ਬਰੇਕਾਂ ਲਾ ਦਿੱਤੀਆਂ ਹਨ। ਅੱਜ ਪੰਜਾਬ ਵਿੱਚ ਕਾਨੂੰਨ ਅਤੇ ਆਰਥਿਕ ਵਿਵਸਥਾ ਬੁਰੀ ਤਰ੍ਹਾਂ ਵਿਗੜ ਚੁੱਕੀ ਹੈ। ਸਾਡੇ ਬੱਚੇ ਪਰਿਵਾਰ ਛੱਡ ਕੇ ਵਿਦੇਸਾਂ ਵਿੱਚ ਜਾ ਰਹੇ ਹਨ। ਬੱਚਿਆਂ ਦਾ ਭਵਿੱਖ ਇਸ ਸਮੇਂ ਖ਼ਤਰੇ ਵਿੱਚ ਹੈ ਅਤੇ ਇਸ ਨੂੰ ਠੀਕ ਕਰਨ ਲਈ 2027 'ਚ ਭਾਜਪਾ ਨੂੰ ਪੰਜਾਬ ਦੀ ਜ਼ਿੰਮੇਵਾਰੀ ਸੌਂਪਣ ਦੀ ਲੋੜ ਹੈ।