ਪੋਸ਼ਣ ਅਭਿਆਨ ਨੂੰ ਮਜ਼ਬੂਤ ਕਰਨ ਲਈ ਸੂਬਾ ਅਤੇ ਰਾਜ ਪੱਧਰੀ ਪਹਿਲਕਦਮੀਆਂ-ਡਾ ਬਲਜੀਤ ਕੌਰ*
*ਪੋਸ਼ਣ ਅਭਿਆਨ ਨੂੰ ਮਜ਼ਬੂਤ ਕਰਨ ਲਈ ਸੂਬਾ ਅਤੇ ਰਾਜ ਪੱਧਰੀ ਪਹਿਲਕਦਮੀਆਂ-ਡਾ ਬਲਜੀਤ ਕੌਰ*
*ਮਲੋਟ ਵਿਖੇ ਰਾਜ ਪੱਧਰੀ ਪੋਸ਼ਣ ਜਾਗਰੂਕਤਾ ਅਤੇ ਸਮਰਥਾ ਵਿਕਾਸ ਸਮਾਗਮ ਆਯੋਜਿਤ:ਡਾ ਬਲਜੀਤ ਕੌਰ*
*ਪੋਸ਼ਣ ਵੀ ਪੜਾਈ ਵੀ ਟਾਇਰ -2 ਟ੍ਰੇਨਿੰਗ ਰਾਹੀਂ ਬੱਚਿਆਂ ਦੇ ਸਰਵਪੱਖੀ ਵਿਕਾਸ ਨੂੰ ਨਵੀਂ ਦਿਸ਼ਾ:ਡਾ ਬਲਜੀਤ ਕੌਰ*
ਚੰਡੀਗੜ੍ਹ/ ਮਲੋਟ, 07 ਜਨਵਰੀ:
ਪੰਜਾਬ ਸਰਕਾਰ ਵੱਲੋਂ ਬੱਚਿਆਂ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਆਰੰਭਿਕ ਬਚਪਨ ਦੇਖਭਾਲ ਅਤੇ ਸਿੱਖਿਆ (ਅਰਲੀ ਚਾਇਲਡਹੁਡ ਕੇਅਰ ਐਂਡ ਐਜੂਕੇਸ਼ਨ) ਅਤੇ ਸਮੱਗਰੀਕ ਪੋਸ਼ਣ ਯੋਜਨਾ (ਪੋਸ਼ਣ ਅਭਿਆਨ) ਦੇ ਤਹਿਤ ਸੂਬਾ ਅਤੇ ਰਾਜ ਪੱਧਰ ’ਤੇ ਵਿਸ਼ਾਲ ਪੱਧਰੀ ਸਮਰਥਾ ਵਿਕਾਸ ਅਤੇ ਜਾਗਰੂਕਤਾ ਪ੍ਰੋਗਰਾਮ ਅਮਲ ਵਿੱਚ ਲਿਆਂਦੇ ਜਾ ਰਹੇ ਹਨ ਤਾਂ ਜੋ ਬੱਚਿਆਂ ਦੀ ਸਿਹਤ, ਪੋਸ਼ਣ ਅਤੇ ਸਿੱਖਣ ਦੇ ਨਤੀਜਿਆਂ ਨੂੰ ਮਜ਼ਬੂਤ ਕੀਤਾ ਜਾ ਸਕੇ।
ਇਸੇ ਕੜੀ ਹੇਠ ਅੱਜ ਮਲੋਟ ਵਿਖੇ ਪੋਸ਼ਣ ਅਭਿਆਨ ਦੇ ਅਧੀਨ ਰਾਜ ਪੱਧਰੀ ਪੋਸ਼ਣ ਜਾਗਰੂਕਤਾ ਅਤੇ ਸਮਰਥਾ ਵਿਕਾਸ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਪੰਜਾਬ ਦੇ ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਸ਼ਿਰਕਤ ਕੀਤੀ। ਇਹ ਸਮਾਗਮ ਪੋਸ਼ਣ ਵੀ ਪੜਾਈ ਵੀ ਟਾਇਰ-2, ਫੇਜ਼ 2 ਟ੍ਰੇਨਿੰਗ ਪ੍ਰੋਗਰਾਮ ਤਹਿਤ ਕਰਵਾਇਆ ਗਿਆ, ਜਿਸ ਦਾ ਮੁੱਖ ਉਦੇਸ਼ ਜਮੀਨੀ ਪੱਧਰ ’ਤੇ ਕੰਮ ਕਰ ਰਹੇ ਕਰਮਚਾਰੀਆਂ ਦੀ ਸਮਰਥਾ ਨੂੰ ਮਜ਼ਬੂਤ ਕਰਨਾ ਅਤੇ ਪੋਸ਼ਣ ਸੰਬੰਧੀ ਯੋਜਨਾਵਾਂ ਦੀ ਪ੍ਰਭਾਵਸ਼ਾਲੀ ਕਾਰਗੁਜ਼ਾਰੀ ਯਕੀਨੀ ਬਣਾਉਣਾ ਸੀ।
ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਤੌਰ ’ਤੇ ਇਸ ਵਿਭਾਗ ਵੱਲ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਪੰਜ ਹਜ਼ਾਰ ਆਂਗਣਵਾੜੀ ਵਰਕਰਾਂ ਦੀ ਭਰਤੀ ਕੀਤੀ ਜਾ ਚੁੱਕੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਛੇ ਹਜ਼ਾਰ ਆਂਗਣਵਾੜੀ ਵਰਕਰ ਅਤੇ ਹੈਲਪਰ ਭਰਤੀ ਕੀਤੇ ਜਾਣਗੇ। ਇੱਕ ਹਜ਼ਾਰ ਆਂਗਣਵਾੜੀ ਸੈਂਟਰ ਆਧੁਨਿਕ ਤਰੀਕੇ ਦੇ ਬਣਾਏ ਗਏ ਹਨ ਅਤੇ ਹਰੇਕ ਸੈਂਟਰ ’ਤੇ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਮੰਤਰੀ ਨੇ ਕਿਹਾ ਕਿ ਮਾਂ ਅਤੇ ਬੱਚਿਆਂ ਦੀ ਸਿਹਤ, ਪੋਸ਼ਣ ਅਤੇ ਸ਼ੁਰੂਆਤੀ ਸਿੱਖਿਆ ਨੂੰ ਮਜ਼ਬੂਤ ਕਰਨਾ ਪੰਜਾਬ ਸਰਕਾਰ ਦੀ ਪ੍ਰਾਥਮਿਕਤਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਪੋਸ਼ਣ ਅਭਿਆਨ ਅਤੇ ECCE ਦੋਵੇਂ ਇਕ- ਦੂਜੇ ਨਾਲ ਗੂੜ੍ਹੀ ਤਰ੍ਹਾਂ ਜੁੜੀਆਂ ਪਹਿਲਕਦਮੀਆਂ ਹਨ, ਕਿਉਂਕਿ ਸਹੀ ਪੋਸ਼ਣ ਤੋਂ ਬਿਨਾਂ ਬੱਚਿਆਂ ਦਾ ਸਿੱਖਣ ਅਤੇ ਵਿਕਾਸ ਸੰਭਵ ਨਹੀਂ।
ਡਾ. ਬਲਜੀਤ ਕੌਰ ਨੇ ਕਿਹਾ ਕਿ ਪੋਸ਼ਣ ਅਭਿਆਨ ਇੱਕ ਬਹੁ-ਵਿਭਾਗੀ ਯੋਜਨਾ ਹੈ, ਜਿਸ ਵਿੱਚ ਸਿਹਤ, ਮਹਿਲਾ ਅਤੇ ਬਾਲ ਵਿਕਾਸ, ਸਿੱਖਿਆ, ਪੀਣ ਵਾਲਾ ਪਾਣੀ ਅਤੇ ਸਫਾਈ ਵਰਗੇ ਵਿਭਾਗਾਂ ਦੀ ਸਾਂਝੀ ਭੂਮਿਕਾ ਹੈ। ਉਨ੍ਹਾਂ ਨੇ ਆਂਗਣਵਾੜੀ ਵਰਕਰਾਂ ਦੀ ਭੂਮਿਕਾ ਨੂੰ ਅਹਿਮ ਦੱਸਦਿਆਂ ਕਿਹਾ ਕਿ ਲਗਾਤਾਰ ਟ੍ਰੇਨਿੰਗ ਅਤੇ ਸਮਰਥਾ ਵਿਕਾਸ ਨਾਲ ਹੀ ਯੋਜਨਾਵਾਂ ਦੇ ਲਾਭ ਅਸਲ ਹੱਕਦਾਰਾਂ ਤੱਕ ਪਹੁੰਚ ਸਕਦੇ ਹਨ।
ਇਸਦੇ ਨਾਲ ਹੀ ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਸ਼ੁਰੂਆਤੀ ਸਿੱਖਿਆ ਨੂੰ ਮਜ਼ਬੂਤ ਕਰਨ ਲਈ ਆਂਗਣਵਾੜੀ ਸੁਪਰਵਾਈਜ਼ਰਾਂ ਅਤੇ ਵਰਕਰਾਂ ਲਈ ਵਿਸਤ੍ਰਿਤ ਸੂਬਾ-ਪੱਧਰੀ ਟ੍ਰੇਨਿੰਗ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਹੇਠ 3 ਤੋਂ 6 ਸਾਲ ਦੇ ਬੱਚਿਆਂ ਲਈ ਪਲੇ-ਆਧਾਰਿਤ, ਬੱਚਾ-ਕੇਂਦਰਿਤ ਅਤੇ ਵਿਕਾਸਾਤਮਕ ਡੋਮੇਨਾਂ ’ਤੇ ਆਧਾਰਿਤ ਸਿੱਖਿਆ ਲਾਗੂ ਕੀਤੀ ਜਾ ਰਹੀ ਹੈ।
ECCE ਟ੍ਰੇਨਿੰਗ ਲਈ ਕੈਸਕੇਡ ਮਾਡਲ ਅਪਨਾਇਆ ਗਿਆ ਹੈ, ਜਿਸ ਅਧੀਨ ਪਹਿਲਾਂ ਸੂਬਾ ਪੱਧਰ ਦੇ ਮਾਸਟਰ ਟ੍ਰੇਨਰਾਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ, ਜੋ ਅੱਗੇ ਚੱਲ ਕੇ ਜ਼ਿਲ੍ਹਾ ਅਤੇ ਬਲਾਕ ਪੱਧਰ ’ਤੇ ਆਂਗਣਵਾੜੀ ਵਰਕਰਾਂ ਨੂੰ ਟ੍ਰੇਂਡ ਕਰਦੇ ਹਨ। ਟ੍ਰੇਨਿੰਗ ਦੌਰਾਨ ਹਫ਼ਤਾਵਾਰ ਖੇਡ ਆਧਾਰਿਤ ਕੈਲੰਡਰ, ਰੋਜ਼ਾਨਾ ਦਾ ਸਮਾਂ-ਸੂਚੀ, ਨਿਰੀਖਣ ਆਧਾਰਿਤ ਮੁਲਾਂਕਣ ਸਾਧਨ ਅਤੇ ਆਧਾਰਸ਼ਿਲਾ ਪਾਠਕ੍ਰਮ (2024) ’ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ, ਤਾਂ ਜੋ ਮੂਲ ਸਿੱਖਣ ਅਤੇ ਗਿਣਤੀ ਸਮਰਥਾ ਮਜ਼ਬੂਤ ਕੀਤੀ ਜਾ ਸਕੇ।
ਸਮਾਗਮ ਦੌਰਾਨ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ, ਜ਼ਿਲ੍ਹਾ ਅਤੇ ਬਲਾਕ ਪੱਧਰ ਦੇ ਅਧਿਕਾਰੀ, ਪੋਸ਼ਣ ਵਿਸ਼ੇਸ਼ ਗਿਆਨ ਅਤੇ ਫੀਲਡ ਪੱਧਰ ’ਤੇ ਕੰਮ ਕਰ ਰਹੇ ਕਰਮਚਾਰੀ ਨੇ ਭਾਗ ਲਿਆ। ਟ੍ਰੇਨਿੰਗ ਸੈਸ਼ਨਾਂ ਵਿੱਚ ਪੋਸ਼ਣ ਅਭਿਆਨ ਅਤੇ ਸ਼ੁਰੂਆਤੀ ਸਿੱਖਿਆ ਦੀ ਕਾਰਗੁਜ਼ਾਰੀ, ਡਾਟਾ ਆਧਾਰਿਤ ਨਿਗਰਾਨੀ, ਵਿਹਾਰਕ ਬਦਲਾਅ ਸੰਚਾਰ, ਸਮੁਦਾਇਕ ਜਾਗਰੂਕਤਾ ਅਤੇ ਜਮੀਨੀ ਪੱਧਰ ’ਤੇ ਚੁਣੌਤੀਆਂ ਅਤੇ ਹੱਲਾਂ ’ਤੇ ਵਿਸਥਾਰ ਨਾਲ ਚਰਚਾ ਕੀਤੀ ਗਈ।
ਅਧਿਕਾਰੀਆਂ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਟ੍ਰੇਨਿੰਗ ਅਤੇ ਜਾਗਰੂਕਤਾ ਪ੍ਰੋਗਰਾਮ ਰਾਜ ਦੇ ਸਾਰੇ ਜ਼ਿਲ੍ਹਿਆਂ ਵਿੱਚ ਪੜਾਅਵਾਰ ਤੌਰ ’ਤੇ ਕਰਵਾਏ ਜਾ ਰਹੇ ਹਨ, ਤਾਂ ਜੋ ਮਾਂ ਅਤੇ ਬੱਚਿਆਂ ਦੀ ਸਿਹਤ, ਪੋਸ਼ਣ ਅਤੇ ਬੁਨਿਆਦੀ ਸਿੱਖਿਆ ਦੇ ਲਕਸ਼ਾਂ ਨੂੰ ਨਿਰਧਾਰਿਤ ਸਮੇਂ ਅੰਦਰ ਪ੍ਰਾਪਤ ਕੀਤਾ ਜਾ ਸਕੇ।
ਸਮਾਗਮ ਦਾ ਸਮਾਪਨ ਮਾਂ ਅਤੇ ਬੱਚਿਆਂ ਦੇ ਸਰਵਾਂਗੀਣ ਵਿਕਾਸ, ਵਿਭਾਗੀ ਤਾਲਮੇਲ ਮਜ਼ਬੂਤ ਕਰਨ ਅਤੇ ਸਿਹਤਮੰਦ ਪੰਜਾਬ ਦੇ ਨਿਰਮਾਣ ਲਈ ਸਾਂਝੇ ਸੰਕਲਪ ਨਾਲ ਕੀਤਾ ਗਿਆ।
ਇਸ ਮੌਕੇ ਸ੍ਰੀ ਅਮਰਜੀਤ ਸਿੰਘ ਭੁੱਲਰ ਡਿਪਟੀ ਡਾਇਰੈਕਟਰ ਸਮਾਜਿਕ ਸੁਰੱਖਿਆ ਵਿਭਾਗ, ਡਾ. ਉਰਵਸ਼ੀ ਜੁਆਂਇੰਟ ਆਡਵਾਈਜ਼ਰ ਪੀ.ਡੀ.ਸੀ., ਸ੍ਰੀਮਤੀ ਰਤਨਦੀਪ ਕੌਰ ਸੰਧੂ, ਸ੍ਰੀਮਤੀ ਰਾਜਵੰਤ ਕੌਰ ਸੀ.ਡੀ.ਪੀ.ਓ. ਮਲੋਟ, ਨਿੱਜੀ ਸਹਾਇਕ ਸ੍ਰੀ ਅਰਸ਼ਦੀਪ ਸਿੰਘ, ਗਗਨਦੀਪ ਸਿੰਘ ਔਲਖ, ਲਵ ਬੱਤਰਾ ਅਤੇ ਸਮਸ਼ੇਰ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਕਰਮਚਾਰੀ ਹਾਜ਼ਰ ਸਨ।
---------