Tamil Nadu CM Vijay swearing-in speech
ਚੇਨੱਈ: ਤਾਮਿਲਗਾ ਵੇਤਰੀ ਕਜ਼ਾਗਮ (ਟੀਵੀਕੇ) ਦੇ ਮੁਖੀ ਜੋਸਫ਼ ਵਿਜੇ ਨੇ ਅੱਜ ਤਾਮਿਲਨਾਡੂ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। ਉਨ੍ਹਾਂ ਨੇ ਵੱਡੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ "ਮੈਨੂੰ ਸਮਝ ਨਹੀਂ ਆ ਰਿਹਾ ਕਿ ਇਸ ਭਾਵਨਾਤਮਕ ਪਲ 'ਤੇ ਕਿਵੇਂ ਸ਼ੁਰੂ ਕਰਾਂ ਜਾਂ ਕੀ ਕਹਾਂ। ਮੈਂ ਕਿਸੇ ਰਾਜਕੁਮਾਰ ਦੇ ਪਰਿਵਾਰ ਤੋਂ ਨਹੀਂ ਆਇਆ। ਮੈਂ ਤੁਹਾਡੇ ਪਰਿਵਾਰ ਦੇ ਮੈਂਬਰ ਵਾਂਗ, ਤੁਹਾਡੇ ਭਰਾ ਵਾਂਗ ਤੁਹਾਡੇ ਵਿਚੋਂ ਆਇਆ ਹਾਂ। ਤੁਸੀਂ ਮੈਨੂੰ ਪਿਆਰ ਨਾਲ ਗਲੇ ਲਗਾਇਆ ਮੈਂ ਤੁਹਾਡਾ ਸ਼ੁਕਰਗੁਜ਼ਾਰ ਕਰਦਾ ਹਾਂ।
ਉਨ੍ਹਾਂ ਕਿਹਾ ਕਿ "ਮੈਂ ਤਾਮਿਲਨਾਡੂ ਦੇ ਲੋਕਾਂ ਨਾਲ ਵਾਅਦਾ ਕਰਦਾ ਹਾਂ ਕਿ ਮੈਂ ਕਦੇ ਵੀ ਜਨਤਕ ਪੈਸੇ ਦੇ ਇਕ ਰੁਪਏ ਦੀ ਵੀ ਦੁਰਵਰਤੋਂ ਨਹੀਂ ਕਰਾਂਗਾ। ਮੈਂ ਦੌਲਤ ਲਈ ਰਾਜਨੀਤੀ ਵਿੱਚ ਨਹੀਂ ਆਇਆ ਹਾਂ, ਅਤੇ ਤੁਸੀਂ ਸਾਰੇ ਇਹ ਚੰਗੀ ਤਰ੍ਹਾਂ ਜਾਣਦੇ ਹੋ। ਮੈਂ ਕਦੇ ਵੀ ਭ੍ਰਿਸ਼ਟਾਚਾਰ ਦੀ ਇਜਾਜ਼ਤ ਨਹੀਂ ਦੇਵਾਂਗਾ ਅਤੇ ਨਾ ਹੀ ਕਿਸੇ ਨੂੰ ਭ੍ਰਿਸ਼ਟ ਅਭਿਆਸਾਂ ਰਾਹੀਂ ਪੈਸਾ ਕਮਾਉਣ ਦੀ ਇਜਾਜ਼ਤ ਦੇਵਾਂਗਾ। ਇਹ ਸਰਕਾਰ ਲੋਕਾਂ ਦੀ ਹੋਵੇਗੀ, ਅਤੇ ਇਕੱਠੇ ਮਿਲ ਕੇ ਅਸੀਂ ਇੱਕ ਮਜ਼ਬੂਤ ਅਤੇ ਬਿਹਤਰ ਤਾਮਿਲਨਾਡੂ ਬਣਾਵਾਂਗੇ। ਮੁੱਖ ਮੰਤਰੀ ਵਿਜੇ ਨੇ ਕਿਹਾ ਕਿ ਤਾਮਿਲਨਾਡੂ ਲਗਭਗ 10 ਲੱਖ ਕਰੋੜ ਰੁਪਏ ਦੇ ਕਰਜ਼ੇ ਦਾ ਸਾਹਮਣਾ ਕਰ ਰਿਹਾ ਹੈ।
ਪ੍ਰਸ਼ਾਸਨ ਵਿਚ ਦਾਖਲ ਹੋਣ ਤੋਂ ਬਾਅਦ ਹੀ ਕੋਈ ਵੀ ਸਥਿਤੀ ਅਤੇ ਸਾਡੇ ਸਾਹਮਣੇ ਚੁਣੌਤੀਆਂ ਨੂੰ ਸੱਚਮੁੱਚ ਸਮਝ ਸਕਦਾ ਹੈ। ਪਰ ਮੈਂ ਇਮਾਨਦਾਰੀ ਅਤੇ ਦ੍ਰਿੜਤਾ ਨਾਲ ਤਾਮਿਲਨਾਡੂ ਨੂੰ ਅੱਗੇ ਵਧਾਉਣਾ ਚਾਹੁੰਦਾ ਹਾਂ। ਮੈਂ ਇਸ ਰਾਜ ਦੀ ਹਰ ਔਰਤ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਉਨ੍ਹਾਂ ਦੀ ਸੁਰੱਖਿਆ ਸਭ ਤੋਂ ਵੱਡੀ ਤਰਜੀਹ ਹੋਵੇਗੀ, ਅਤੇ ਔਰਤਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਅਪਰਾਧਾਂ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇਗੀ। ਨਸ਼ਿਆਂ ਤੋਂ ਪ੍ਰਭਾਵਿਤ ਲੋਕਾਂ ਨੂੰ ਛੱਡਿਆ ਨਹੀਂ ਜਾਵੇਗਾ। ਅਸੀਂ ਉਨ੍ਹਾਂ ਨੂੰ ਬਚਾਉਣ ਅਤੇ ਮੁੜ ਵਸੇਬੇ ਲਈ ਕੰਮ ਕਰਾਂਗੇ ਅਤੇ ਇਕ ਸਿਹਤਮੰਦ ਸਮਾਜ ਦਾ ਨਿਰਮਾਣ ਕਰਾਂਗੇ।