ਸਕੱਤਰ ਸਿੱਖਿਆ ਅਤੇ ਡਿਪਟੀ ਕਮਿਸ਼ਨਰ ਵੱਲੋਂ ਫਤਿਹ ਸਟੂਡੈਂਟ ਹੈਲਪਲਾਈਨ - ਕਰੋ ਹਰ ਪ੍ਰੀਖਿਆ ਫਤਿਹ ਦੀ ਸ਼ੁਰੂਆਤ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਲੁਧਿਆਣਾ
ਸਕੱਤਰ ਸਿੱਖਿਆ ਅਤੇ ਡਿਪਟੀ ਕਮਿਸ਼ਨਰ ਵੱਲੋਂ ਫਤਿਹ ਸਟੂਡੈਂਟ ਹੈਲਪਲਾਈਨ - ਕਰੋ ਹਰ ਪ੍ਰੀਖਿਆ ਫਤਿਹ ਦੀ ਸ਼ੁਰੂਆਤ
- ਪ੍ਰੀਖਿਆ ਤਣਾਅ ਨਾਲ ਨਜਿੱਠਣ ਲਈ, ਵਿਦਿਆਰਥੀ 96464-70777 'ਤੇ ਸੰਪਰਕ ਕਰ ਸਕਦੇ ਹਨ
ਲੁਧਿਆਣਾ, 16 ਫਰਵਰੀ (000) - ਸਕੱਤਰ ਸਿੱਖਿਆ ਕਮਲ ਕਿਸ਼ੋਰ ਯਾਦਵ, ਵਿਸ਼ੇਸ਼ ਸਕੱਤਰ ਸਿੱਖਿਆ ਵਿਨੈ ਬੁਬਲਾਨੀ ਅਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਤਣਾਅ ਪ੍ਰਬੰਧਨ ਵਿੱਚ ਵਿਦਿਆਰਥੀਆਂ ਦੀ ਮਦਦ ਕਰਨ ਲਈ ਫਤਿਹ ਸਟੂਡੈਂਟ ਹੈਲਪਲਾਈਨ - ਕਰੋ ਹਰ ਪ੍ਰੀਖਿਆ ਫਤਿਹ ਦੀ ਸ਼ੁਰੂਆਤ ਕੀਤੀ।
ਇਸ ਮੌਕੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ, ਵਧੀਕ ਡਿਪਟੀ ਕਮਿਸ਼ਨਰ ਮੇਜਰ ਅਮਿਤ ਸਰੀਨ, ਏ.ਡੀ.ਸੀ.ਪੀ. ਅਭਿਮਨਿਊ ਰਾਣਾ, ਸਹਾਇਕ ਕਮਿਸ਼ਨਰ ਉਪਿੰਦਰਜੀਤ ਕੌਰ ਬਰਾੜ ਅਤੇ ਹੋਰ ਵੀ ਹਾਜ਼ਰ ਸਨ।
ਜੋ ਵਿਦਿਆਰਥੀ 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਹਨ, ਉਹ ਤਣਾਅ ਨਾਲ ਨਜਿੱਠਣ ਲਈ ਕਿਸੇ ਵੀ ਤਰ੍ਹਾਂ ਦੀ ਮਨੋਵਿਗਿਆਨਕ ਸਹਾਇਤਾ ਅਤੇ ਕਾਉਂਸਲਿੰਗ ਲਈ 96464-70777 'ਤੇ ਸੰਪਰਕ ਕਰ ਸਕਦੇ ਹਨ।
ਸਹਾਇਕ ਕਮਿਸ਼ਨਰ (ਯੂ.ਟੀ.) ਕ੍ਰਿਸ਼ਨ ਪਾਲ ਰਾਜਪੂਤ ਜੋ ਇਸ ਪਹਿਲਕਦਮੀ ਲਈ ਆਪਣੀ ਵਿਸ਼ੇਸ਼ ਭੂਮਿਕਾ ਨਿਭਾ ਰਹੇ ਹਨ, ਨੇ ਜ਼ੋਰ ਦੇ ਕੇ ਕਿਹਾ ਕਿ ਅੱਜ ਕੱਲ੍ਹ ਵਿਦਿਆਰਥੀ ਚੰਗਾ ਰੈਂਕ ਅਤੇ ਵੱਧ ਤੋਂ ਵੱਧ ਅੰਕ ਪ੍ਰਾਪਤ ਕਰਨ ਲਈ ਬਹੁਤ ਦਬਾਅ ਅਤੇ ਤਣਾਅ ਵਿੱਚ ਹਨ। ਇਸ ਲਈ, ਮਾਪਿਆਂ, ਅਧਿਆਪਕਾਂ ਅਤੇ ਸਾਡੇ ਲਈ ਇਹ ਜ਼ਰੂਰੀ ਹੈ ਕਿ ਅਸੀਂ ਉਨ੍ਹਾਂ ਨੂੰ ਪ੍ਰੇਰਿਤ ਕਰੀਏ ਕਿ ਪ੍ਰੀਖਿਆਵਾਂ ਕੋਈ ਹਊਆ ਨਹੀਂ ਹਨ ਅਤੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਵੀ ਘਬਰਾਉਣ ਦੀ ਲੋੜ ਨਹੀਂ ਹੈ।
ਸਹਾਇਕ ਕਮਿਸ਼ਨਰ ਰਾਜਪੂਤ ਨੇ ਕਿਹਾ ਕਿ ਕਿਸੇ ਵੀ ਇਮਤਿਹਾਨ ਨਾਲ ਨਜਿੱਠਣ ਦਾ ਸਭ ਤੋਂ ਵਧੀਆ ਤਰੀਕਾ ਹੈ ਸ਼ਾਂਤ ਰਹਿਣਾ ਅਤੇ ਨਤੀਜਿਆਂ ਬਾਰੇ ਸੋਚੇ ਬਿਨਾਂ, ਸਿਰਫ ਪ੍ਰੀਖਿਆ ਵਿੱਚ ਪੇਪਰ ਦੇਣ 'ਤੇ ਧਿਆਨ ਕੇਂਦਰਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਫਤਿਹ ਸਟੂਡੈਂਟ ਹੈਲਪਲਾਈਨ ਰਾਹੀਂ ਸਾਡੀ ਕੋਸ਼ਿਸ਼ ਹੈ ਕਿ ਵਿਦਿਆਰਥੀਆਂ ਨੂੰ ਇਮਤਿਹਾਨਾਂ ਦੇ ਡਰ ਨੂੰ ਦੂਰ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਇਹ ਉਪਰਾਲਾ ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਇੰਡੀਅਨ ਰੈੱਡ ਕਰਾਸ ਸੁਸਾਇਟੀ, ਲੁਧਿਆਣਾ ਦੇ ਸਹਿਯੋਗ ਨਾਲ ਜ਼ਿਲ੍ਹਾ ਰੋਜ਼ਗਾਰ ਅਤੇ ਉੱਦਮ ਬਿਊਰੋ ਵੱਲੋਂ ਲਾਗੂ ਕੀਤਾ ਜਾ ਰਿਹਾ ਹੈ।
ਜੀਵਨਦੀਪ ਸਿੰਘ, ਈ.ਜੀ.ਐਸ.ਡੀ.ਟੀ.ਓ. ਪੀ.ਸੀ.ਐਸ. ਅਲਾਇਡ ਨੇ ਦੱਸਿਆ ਕਿ ਇਹ ਹੈਲਪਲਾਈਨ ਰੋਜ਼ਾਨਾ ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ ਲਾਈਵ ਰਹੇਗੀ। ਉਨ੍ਹਾਂ ਕਿਹਾ ਕਿ ਗਲੋਬਲ ਚਾਈਲਡ ਵੈਲਨੈਸ ਸੈਂਟਰ ਦੇ ਡਾਇਰੈਕਟਰ ਡਾ. ਪ੍ਰਿਅੰਕਾ ਕਾਲੜਾ, ਐਮ.ਡੀ., ਡੀ.ਐਨ.ਬੀ. ਮਨੋਵਿਗਿਆਨ ਦੁਆਰਾ 20 ਕਾਉਂਸਲਰਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਗਈ ਹੈ, ਜੋ ਫੋਨ ਕਾਲਾਂ ਦੇ ਜੁਆਬ ਦੇਣਗੇ। ਇਹ ਸਲਾਹਕਾਰ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਤਣਾਅ ਅਤੇ ਚਿੰਤਾ ਦਾ ਪ੍ਰਬੰਧਨ ਕਰਨ ਵਿੱਚ ਮਦਦ ਕਰਨਗੇ।
© 2022 Copyright. All Rights Reserved with Arth Parkash and Designed By Web Crayons Biz