Hindi
1000418432

ਪੰਜਾਬ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਨੇ ਕਿਸਾਨਾਂ ਲਈ ਲੋਨ ਸਕੀਮ ਮੁੜ ਸ਼ੁਰੂ ਕੀਤੀ

ਪੰਜਾਬ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਨੇ ਕਿਸਾਨਾਂ ਲਈ ਲੋਨ ਸਕੀਮ ਮੁੜ ਸ਼ੁਰੂ ਕੀਤੀ

ਪੰਜਾਬ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਨੇ ਕਿਸਾਨਾਂ ਲਈ ਲੋਨ ਸਕੀਮ ਮੁੜ ਸ਼ੁਰੂ ਕੀਤੀ

 

ਚੇਅਰਮੈਨ ਪਵਨ ਕੁਮਾਰ ਟੀਨੂੰ ਨੇ 24 ਲਾਭਪਾਤਰੀਆਂ ਨੂੰ ਇੱਕ ਕਰੋੜ ਰੁਪਏ ਦੇ ਚੈਕ ਵੰਡੇ, ਕਿਸਾਨ-ਪੱਖੀ ਕਰਜ਼ਾ ਸਹੂਲਤ ਦੀ ਮੁੜ ਸ਼ੁਰੂਆਤ

 

ਜਲੰਧਰ, 20 ਨਵੰਬਰ : ਪੰਜਾਬ ਵਿੱਚ ਖੇਤੀਬਾੜੀ ਕਰਜ਼ ਸਹੂਲਤ ਨੂੰ ਮਜ਼ਬੂਤ ਕਰਨ ਲਈ ਇੱਕ ਮਹੱਤਵਪੂਰਨ ਕਦਮ ਤਹਿਤ ਪੰਜਾਬ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ ਚੇਅਰਮੈਨ ਪਵਨ ਕੁਮਾਰ ਟੀਨੂੰ ਵੱਲੋਂ ਅੱਜ ਵੱਖ-ਵੱਖ ਜ਼ਿਲ੍ਹਿਆਂ ਦੇ 24 ਕਿਸਾਨਾਂ ਨੂੰ ਇੱਕ ਕਰੋੜ ਰੁਪਏ ਦੇ ਚੈਕ ਸੌਂਪ ਕੇ ਲੋਨ ਵੰਡ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ।

 

ਖੇਤੀਬਾੜੀ ਵਿਕਾਸ ਬੈਂਕ ਦੀ ਲੰਮੇ ਸਮੇ ਤੋਂ ਬੰਦ ਪਈ ਲੋਨ ਸਹੂਲਤ ਨੂੰ ਮੁੜ ਸੁਰਜੀਤ ਕਰਨ ਲਈ ਇਹ ਸਮਾਗਮ ਅੱਜ ਜਲੰਧਰ ਵਿਖੇ ਐਗਰੀਕਲਚਰ ਸਟਾਫ਼ ਟ੍ਰੇਨਿੰਗ ਇੰਸਟੀਚਿਊਟ ਵਿਚ ਹੋਇਆ।

ਸਮਾਗਮ ਵਿਚ ਮੌਜੂਦ ਲੋਕਾਂ ਨੂੰ ਸੰਬੋਧਨ ਕਰਦਿਆਂ ਸ਼੍ਰੀ ਟੀਨੂੰ ਨੇ ਕਿਹਾ ਕਿ ਇਹ “ਮਾਣ ਦੀ ਗੱਲ” ਹੈ ਕਿ ਕਿਸਾਨ-ਹਿਤੈਸ਼ੀ ਸੰਸਥਾ ਨੇ ਕਈ ਸਾਲਾਂ ਦੀ ਖੜੋਤ ਤੋਂ ਬਾਅਦ ਆਪਣਾ ਕੰਮ ਮੁੜ ਸ਼ੁਰੂ ਕੀਤਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ, ਜੋ 1957 ਤੋਂ ਸਧਾਰਨ ਵਿਆਜ 'ਤੇ ਲੋਨ ਦੇ ਰਿਹਾ ਸੀ, ਦੀਆਂ ਸੇਵਾਵਾਂ ਪਿਛਲੀਆਂ ਸਰਕਾਰਾਂ ਦੀ ਅਣਗਹਿਲੀ ਕਾਰਨ ਰੁਕ ਗਈਆਂ ਸਨ। ਚੇਅਰਮੈਨ ਨੇ ਕਿਹਾ ਕਿ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ 2022 ਵਿੱਚ 900 ਕਰੋੜ ਰੁਪਏ ਤੋਂ ਵੱਧ ਦੀ ਰਕਮ ਜਾਰੀ ਕਰਨ ਤੋਂ ਬਾਅਦ ਹੀ ਇਹ ਬੈਂਕ ਦੁਬਾਰਾ ਚੱਲਣ ਯੋਗ ਬਣਿਆ, ਜਿਸ ਨਾਲ ਬੈਂਕ ਨੂੰ “ਇੱਕ ਨਵੀਂ ਜ਼ਿੰਦਗੀ” ਮਿਲੀ।

 

ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਅਮ੍ਰਿਤਪਾਲ ਸਿੰਘ, ਜਲੰਧਰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਰਮਨੀਕ ਸਿੰਘ ਰੰਧਾਵਾ ਸਮੇਤ ਸ਼੍ਰੀ ਟੀਨੂੰ ਨੇ ਵੱਖ-ਵੱਖ ਜ਼ਿਲ੍ਹਿਆਂ ਦੇ ਲਾਭਪਾਤਰੀਆਂ ਨੂੰ ਚੈਕ ਵੰਡੇ। ਉਨ੍ਹਾਂ ਅੱਗੇ ਦੱਸਿਆ ਕਿ ਬੈਂਕ ਖੇਤੀ, ਗੈਰ-ਖੇਤੀ, ਸਿੱਖਿਆ ਅਤੇ ਆਪਣੇ ਕਰਮਚਾਰੀਆਂ ਸਮੇਤ ਕਈ ਖੇਤਰਾਂ ਹੇਠ ਲੋਨ ਮੁਹੱਈਆ ਕਰੇਗਾ। ਉਨ੍ਹਾਂ ਇਸ ਗੱਲ ’ਵੀ ਜ਼ੋਰ ਦਿੱਤਾ ਕਿ ਮੁੜ ਸ਼ੁਰੂ ਕੀਤੀ ਗਈ ਇਹ ਲੋਨ ਸਹੂਲਤ ਕਿਸਾਨਾਂ ਲਈ ਬਹੁਤ ਮਦਦਗਾਰ ਸਾਬਿਤ ਹੋਵੇਗੀ, ਕਿਉਂਕਿ ਬੈਂਕ ਹੋਰ ਬੈਂਕਿੰਗ ਸੈਕਟਰ ਨਾਲੋਂ ਸਭ ਤੋਂ ਘੱਟ ਵਿਆਜ ਦਰਾਂ 'ਤੇ ਕਰਜ਼ਾ ਉਪਲਬਧ ਕਰਵਾਏਗਾ।

 

ਮੁੱਖ ਮੰਤਰੀ ਦਾ ਧੰਨਵਾਦ ਪ੍ਰਗਟਾਉਂਦਿਆਂ ਸ਼੍ਰੀ ਟੀਨੂੰ ਨੇ ਕਿਹਾ ਕਿ ਸਰਕਾਰ ਹਮੇਸ਼ਾ ਕਿਸਾਨਾਂ ਦੀ ਭਲਾਈ ਨੂੰ ਤਰਜੀਹ ਦਿੰਦੀ ਆਈ ਹੈ। ਉਨ੍ਹਾਂ ਹਾਲ ਹੀ ਵਿੱਚ ਫ਼ਸਲੀ ਨੁਕਸਾਨ ਦੀ ਭਰਪਾਈ ਤੇਜ਼ੀ ਨਾਲ ਕੀਤੇ ਜਾਣ ਨੂੰ ਇਸਦਾ ਹੋਰ ਇੱਕ ਮਹੱਤਵਪੂਰਣ ਉਦਾਹਰਣ ਦੱਸਿਆ। ਉਨ੍ਹਾਂ ਕਿਹਾ ਕਿ ਨਵੀਂ ਕਰਜ਼ਾ ਯੋਜਨਾ ਪੰਜਾਬ ਦੇ ਖੇਤੀਬਾੜੀ ਭਾਈਚਾਰੇ ਨੂੰ ਮਜ਼ਬੂਤ ਬਣਾਉਣ ਅਤੇ ਪੇਂਡੂ ਅਰਥਵਿਵਸਥਾ ਨੂੰ ਤਰੱਕੀ ਦੇਣ ਵਿੱਚ ਮਦਦ ਕਰੇਗੀ।

 

ਇਸ ਮੌਕੇ ਐਸ.ਏ.ਡੀ.ਬੀ. ਦੀ ਮੈਨੇਜਿੰਗ ਡਾਇਰੈਕਟਰ ਬਰਜਿੰਦਰ ਕੌਰ ਬਾਜਵਾ, ਏ.ਐਮ.ਡੀ. ਰਜਵਿੰਦਰ ਰੰਧਾਵਾ, ਜੀ.ਐਮ. ਅਮਨਦੀਪ ਸਿੰਘ, ਪ੍ਰੀਤ ਮੋਹਿੰਦਰ ਸਿੰਘ, ਡੀ.ਜੀ.ਐਮ. ਰਜਨੀਸ਼ ਬਾਂਸਲ, ਸੁਨੀਲ ਮਹਾਜਨ, ਰੀਜਨਲ ਅਫ਼ਸਰ ਹਰਪ੍ਰੀਤ ਸਿੰਘ ਚੀਮਾ, ਜੁਆਇੰਟ ਰਜਿਸਟਰਾਰ ਉਮੇਸ਼ ਵਰਮਾ, ਡਿਪਟੀ ਰਜਿਸਟਰਾਰ ਗੁਰਵਿੰਦਰਜੀਤ ਸਿੰਘ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁਰਚਰਨ ਸਿੰਘ ਚੰਨੀ, ਅਤਮ ਪ੍ਰਕਾਸ਼ ਬਬਲੂ ਅਤੇ ਹੋਰ ਸਨਮਾਨਿਤ ਵਿਅਕਤੀ ਮੌਜੂਦ ਸਨ।


Comment As:

Comment (0)