ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪੰਜ ਕਰਮਚਾਰੀ ਯੂਨੀਅਨਾਂ ਨਾਲ ਮੀਟਿੰਗ
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪੰਜ ਕਰਮਚਾਰੀ ਯੂਨੀਅਨਾਂ ਨਾਲ ਮੀਟਿੰਗ ;
ਚੰਡੀਗੜ੍ਹ, 6 ਅਗਸਤ:
ਪੰਜਾਬ ਦੇ ਵਿੱਤ ਮੰਤਰੀ ਅਤੇ ਕਰਮਚਾਰੀਆਂ ਦੇ ਮਸਲਿਆਂ ਦੇ ਹੱਲ ਲਈ ਕੈਬਨਿਟ ਸਬ-ਕਮੇਟੀ ਦੇ ਚੇਅਰਮੈਨ ਐਡਵੋਕੇਟ ਹਰਪਾਲ ਸਿੰਘ ਚੀਮਾ, ਜਿਨ੍ਹਾਂ ਨਾਲ ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਵੀ ਮੌਜੂਦ ਸਨ, ਨੇ ਅੱਜ ਪੰਜ ਕਰਮਚਾਰੀ ਯੂਨੀਅਨਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਦੀਆਂ ਮੰਗਾਂ ਨੂੰ ਗੌਰ ਨਾਲ ਸੁਣਿਆ ਤਾਂ ਜੋ ਜਾਇਜ਼ ਮੰਗਾਂ ਦਾ ਜਲਦੀ ਹੱਲ ਕੱਢਿਆ ਜਾ ਸਕੇ।
ਪੰਜਾਬ ਸਿਵਲ ਸਕੱਤਰੇਤ ਵਿਖੇ ਵਿੱਤ ਮੰਤਰੀ ਦੇ ਦਫ਼ਤਰ ਵਿਖੇ ਹੋਈਆਂ ਮੀਟਿੰਗਾਂ ਵਿੱਚ ਪੰਜਾਬ ਸਫਾਈ ਕਰਮਚਾਰੀ ਯੂਨੀਅਨ ਨਾਲ ਸਬੰਧਤ ਸਫਾਈ ਮਜ਼ਦੂਰ ਸੀਵਰਮੈਨ ਯੂਨੀਅਨ (ਰਜਿਸਟਰਡ) ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਬਰਨਾਲਾ, ਫਾਇਰ ਬ੍ਰਿਗੇਡ ਆਊਟਸੋਰਸ ਕਰਮਚਾਰੀ ਯੂਨੀਅਨ, ਪੰਜਾਬ, ਫਾਇਰ ਬ੍ਰਿਗੇਡ ਕੰਟਰੈਕਟ ਕਰਮਚਾਰੀ ਯੂਨੀਅਨ, ਪੰਜਾਬ, ਸੀਵਰਮੈਨ ਯੂਨੀਅਨ ਨਗਰ ਨਿਗਮ ਹੁਸ਼ਿਆਰਪੁਰ ਅਤੇ ਪੀਡਬਲਯੂਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ, ਪੰਜਾਬ ਦੇ ਨੁਮਾਇੰਦੇ ਸ਼ਾਮਲ ਹੋਏ।
ਸਫਾਈ ਮਜ਼ਦੂਰ ਸੀਵਰਮੈਨ ਯੂਨੀਅਨ (ਰਜਿਸਟਰਡ) ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਬਰਨਾਲਾ ਅਤੇ ਪੀਡਬਲਯੂਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ, ਪੰਜਾਬ ਨਾਲ ਵਿਚਾਰ ਵਟਾਂਦਰੇ ਦੌਰਾਨ ਕੈਬਨਿਟ ਮੰਤਰੀ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਧਿਆਨ ਨਾਲ ਸੁਣਿਆ ਅਤੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਦੇ ਤੇਜ਼ੀ ਨਾਲ ਹੱਲ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ।
ਇਸ ਮੌਕੇ ਵਿੱਤ ਮੰਤਰੀ ਨੇ ਸਥਾਨਕ ਸਰਕਾਰਾਂ ਵਿਭਾਗ ਦੇ ਅਧਿਕਾਰੀਆਂ ਨੂੰ ਸੀਵਰੇਜ ਬੋਰਡ ਵਿੱਚ ਅਸਾਮੀਆਂ ਦਾ ਵਿਸਤ੍ਰਿਤ ਰਿਕਾਰਡ ਤਿਆਰ ਕਰਨ ਦੇ ਨਾਲ-ਨਾਲ ਜੂਨੀਅਰ ਡਰਾਫਟਸਮੈਨ, ਕਲਰਕ, ਪੰਪ ਆਪਰੇਟਰਾਂ ਅਤੇ ਬੇਲਦਾਰਾਂ ਦੀਆਂ ਅਸਾਮੀਆਂ ਨੂੰ ਭਰਨ ਲਈ ਭਰਤੀ ਯੋਜਨਾ ਤਿਆਰ ਕਰਨ ਦੇ ਨਿਰਦੇਸ਼ ਵੀ ਦਿੱਤੇ ਤਾਂ ਜੋ ਜ਼ਮੀਨੀ ਪੱਧਰ 'ਤੇ ਕੰਮਕਾਜ ਨੂੰ ਸੁਚਾਰੂ ਬਣਾਇਆ ਜਾ ਸਕੇ।
ਵਿੱਤ ਮੰਤਰੀ ਨੇ ਫਾਇਰ ਬ੍ਰਿਗੇਡ ਆਊਟਸੋਰਸ ਕਰਮਚਾਰੀ ਯੂਨੀਅਨ, ਪੰਜਾਬ, ਫਾਇਰ ਬ੍ਰਿਗੇਡ ਕੰਟਰੈਕਟ ਕਰਮਚਾਰੀ ਯੂਨੀਅਨ, ਪੰਜਾਬ, ਸੀਵਰਮੈਨ ਯੂਨੀਅਨ ਨਗਰ ਨਿਗਮ ਹੁਸ਼ਿਆਰਪੁਰ ਵੱਲੋਂ ਰੱਖੇ ਗਏ ਵੱਖ-ਵੱਖ ਮੁੱਦਿਆਂ ਨਾਲ ਸਬੰਧਤ ਮੰਗਾਂ ਨੂੰ ਵੀ ਧਿਆਨ ਨਾਲ ਸੁਣਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਮੁੱਖ ਸਕੱਤਰ (ਸਥਾਨਕ ਸਰਕਾਰ) ਤੇਜਵੀਰ ਸਿੰਘ, ਸੀਈਓ ਪੀਐਮਆਈਡੀਸੀ ਦੀਪਤੀ ਉੱਪਲ ਅਤੇ ਜਾਇੰਟ ਡਾਇਰੈਕਟਰ ਸਥਾਨਕ ਸਰਕਾਰ ਜਗਦੀਪ ਸਹਿਗਲ, ਫਾਇਰ ਬ੍ਰਿਗੇਡ ਆਊਟਸੋਰਸ ਯੂਨੀਅਨ ਦੇ ਪ੍ਰਧਾਨ ਅਮਨਜੋਤ ਸਿੰਘ ਮੋਹਾਲੀ, ਜਨਰਲ ਸਕੱਤਰ ਸਾਹਿਬ ਸਿੰਘ ਖੰਨਾ, ਫਾਇਰ ਬ੍ਰਿਗੇਡ ਕੰਟਰੈਕਟ ਯੂਨੀਅਨ ਪੰਜਾਬ ਦੇ ਪ੍ਰਧਾਨ ਸੋਭਾ ਸਿੰਘ ਅਤੇ ਕਾਸ਼ੀ ਰਾਮ, ਸੋਨੂੰ ਭਗਤ ਮੌਜੂਦ ਸਨ।