ਹੜ੍ਹ ਪੀੜਤਾਂ ਦੀ ਮੈਡੀਕਲ ਜਾਂਚ ਲਈ ਸਿਹਤ ਵਿਭਾਗ ਦਾ ਸਹਿਯੋਗ ਦੇਣ ਪੁੱਜੀ ਡੀ.ਐਮ.ਸੀ. ਲੁਧਿਆਣਾ ਦੀ ਵਿਸ਼ੇਸ਼ ਟੀਮ
ਹੜ੍ਹ ਪੀੜਤਾਂ ਦੀ ਮੈਡੀਕਲ ਜਾਂਚ ਲਈ ਸਿਹਤ ਵਿਭਾਗ ਦਾ ਸਹਿਯੋਗ ਦੇਣ ਪੁੱਜੀ ਡੀ.ਐਮ.ਸੀ. ਲੁਧਿਆਣਾ ਦੀ ਵਿਸ਼ੇਸ਼ ਟੀਮ
ਵਿਸ਼ਵ ਪ੍ਰਸਿੱਧ ਦਿੱਲ ਦੇ ਰੋਗਾਂ ਮਾਹਰ ਡਾ. ਬਿਸ਼ਵ ਮੋਹਨ ਦੀ ਦੇਖ-ਰੇਖ ਹੇਠ ਲਗਾਇਆ ਮੈਡੀਕਲ ਜਾਂਚ ਕੈਂਪ
ਫ਼ਿਰੋਜ਼ਪੁਰ,3 ਸਤੰਬਰ ( ) ਹੜ੍ਹ ਪੀੜਤਾਂ ਦੀ ਸਿਹਤ ਜਾਂਚ ਲਈ ਅੱਜ ਡੀ.ਐਮ.ਸੀ. ਹਸਪਤਾਲ ਲੁਧਿਆਣਾ ਤੋਂ ਦਿਲ ਦੇ ਰੋਗਾਂ, ਚਮੜੀ ਦੇ ਰੋਗਾਂ, ਛਾਤੀ ਦੇ ਰੋਗਾਂ ਅਤੇ ਹੋਰ ਬਿਮਾਰੀਆ ਦੇ ਮਾਹਿਰਾਂ ਦੀ 15 ਮੈਂਬਰੀ ਟੀਮ, ਹੜ੍ਹ ਪੀੜਿਤਾਂ ਦੀ ਮੈਡੀਕਲ ਜਾਂਚ ਲਈ ਵਿਸ਼ਵ ਪ੍ਰਸਿੱਧ ਦਿੱਲ ਦੇ ਰੋਗਾਂ ਦੇ ਮਾਹਿਰ ਡਾ. ਬਿਸ਼ਵ ਮੋਹਨ ਦੀ ਅਗਵਾਈ ਹੇਠ ਜ਼ਿਲ੍ਹਾ ਫਿਰੋਜ਼ਪੁਰ ਦੇ ਹੜ੍ਹ ਪੀੜਤਾਂ ਲਈ ਬਣਾਏ ਗਏ ਰਿਲੀਫ਼ ਕੈਂਪਾ ਵਿੱਚ ਪਹੁੰਚੀ। ਇਸ ਟੀਮ ਵਲੋਂ ਰੁਕਨੇਵਾਲਾ, ਬੱਗੇਵਾਲਾ ਅਤੇ ਜੱਲੋਕੇ ਮੋੜ ਵਿਖੇ ਮੈਡੀਕਲ ਕੈਂਪ ਰਾਹੀਂ ਸਿਹਤ ਜਾਂਚ ਕੀਤੀ ਅਤੇ ਲੋੜੀਂਦੇ ਟੈਸਟਾਂ ਦੇ ਨਾਲ ਦਵਾਈਆਂ ਵੀ ਮੁੱਫਤ ਦਿੱਤੀਆਂ ਗਈਆਂ।
ਇਸ ਮੋਕੇ ਡਾ. ਬਿਸ਼ਵ ਮੋਹਨ ਨੇ ਦੱਸਿਆ ਕਿ ਸਿਹਤ ਵਿਭਾਗ ਵਲੋ ਹੜ੍ਹ ਪੀੜਤ ਲੋਕਾਂ ਨੂੰ ਸਿਹਤ ਸੇਵਾਵਾਂ ਦੇਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ, ਪਰੰਤੂ ਹੜ੍ਹਾਂ ਨਾਲ ਪਈ ਇਸ ਭਾਰੀ ਵਿਪਤਾ ਵਿੱਚ ਡੀ.ਐਮ.ਸੀ. ਹਸਪਤਾਲ ਨੇ ਆਪਣਾ ਮੁੱਢਲਾ ਫਰਜ਼ ਸਮਝਦੇ ਹੋਏ ਆਪਣਾ ਬਣਦਾ ਯੌਗਦਾਨ ਪਾਉਣ ਲਈ ਅੱਜ ਇਥੇ ਮੈਡੀਕਲ ਕੈਂਪਾਂ ਰਾਹੀਂ ਹੜ੍ਹ ਪੀੜਤਾਂ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਉਚੇਚੇ ਤੌਰ ’ਤੇ ਮੈਡੀਕਲ ਕੈਂਪ ਲਗਾਏ ਗਏ ਹਨ। ਕੈਂਪ ਵਿੱਚ ਪਹੁੰਚੇ ਹੜ੍ਹ ਪੀੜਤਾਂ ਦੀ ਜਾਂਚ ਦੇ ਨਾਲ ਨਾਲ ਮੈਡੀਕਲ ਟੀਮ ਵਲੋਂ ਬੋਟ ਐਂਬੂਲੈਂਸ ਰਾਹੀਂ ਹੜ੍ਹਾਂ ਅੰਦਰ ਫਸੇ ਘਰਾਂ ਦੀਆਂ ਛੱਤਾਂ ’ਤੇ ਬੈਠੇ ਮਰੀਜਾਂ ਦੀ ਵੀ ਜਾਂਚ ਕਰਕੇ ਮੁੱਫਤ ਦਵਾਈਆਂ ਦਿੱਤੀਆਂ ਗਈਆਂ ਹਨ। ਇਸ ਕੈਂਪ ਲਈ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ, ਦੀਪਸ਼ਿਖਾ ਸ਼ਰਮਾ ਡਿਪਟੀ ਕਮਿਸ਼ਨਰ, ਐਸ.ਐਸ.ਪੀ. ਭੁਪਿੰਦਰ ਸਿੰਘ ਸਿੱਧੂ, ਡਾ. ਰਾਜਵਿੰਦਰ ਕੌਰ ਸਿਵਲ ਸਰਜਨ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਰਾਜੂ ਚੌਹਾਨ ਵਲੋਂ ਵੀ ਪੁਰਾ ਸਹਿਯੋਗ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਅੱਜ ਕੀਤੇ ਗਏ ਛੋਟੇ ਉਪਰਾਲੇ ਨਾਲ ਉਹਨਾਂ ਨੂੰ ਸਕੂਨ ਮਿਲਿਆ ਹੈ ਅਤੇ ਭਵਿੱਖ ਵਿੱਚ ਉਹਨਾਂ ਵੱਲੋਂ ਹੜ੍ਹ ਪੀੜਤਾਂ ਲਈ ਹੋਰ ਸੇਵਾਵਾਂ ਵੀ ਦਿਤੀਆਂ ਜਾਣਗੀਆਂ।
ਇਸ ਕੈਂਪ ਵਿੱਚ ਡੀ.ਐਮ.ਸੀ. ਦੇ ਐਸੋਸੀਏਟ ਪ੍ਰੋਫੈਸਰ ਡਾ. ਸਮੀਰ ਕਪੂਰ, ਦਿੱਲ ਦੇ ਰੋਗਾ ਦੇ ਮਾਹਿਰ ਡਾ. ਅੰਕਿਤ ਗੁਲੀਆ, ਚਮੜੀ ਰੋਗਾਂ ਦੇ ਮਾਹਿਰ ਡਾ. ਪ੍ਰਭਲੀਨ ਅਤੇ ਡਾ. ਅਭਿਨਵ ਗੁਪਤਾ ਐਮ.ਡੀ. ਮੈਡੀਸਿਨ ਵਲੋਂ ਵੀ ਹੜ੍ਹ ਪੀੜਤ ਮਰੀਜ਼ਾਂ ਦੀ ਸਿਹਤ ਜਾਂਚ ਕੀਤੀ ਗਈ।
ਇਸ ਮੌਕੇ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸੰਜੀਵ ਸ਼ਰਮਾ, ਡਿਪਟੀ ਮਾਸ ਮੀਡੀਆ ਅਫ਼ਸਰ ਅੰਕੁਸ਼ ਭੰਡਾਰੀ ਅਤੇ ਨੇਹਾ ਭੰਡਾਰੀ, ਬਲਾਕ ਐਜੂਕੇਟਰ ਅਮਨ ਕੰਬੋਜ ਵੱਲੋਂ ਹੜ੍ਹ ਕਾਰਣ ਫੈਲਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਜਾਗਰੂਕ ਕੀਤਾ ਗਿਆ।