ਸੂਬੇ ਭਰ ਵਿੱਚ ਹੜ੍ਹ ਕੰਟਰੋਲ ਰੂਮ ਦਿਨ-ਰਾਤ ਕਾਰਜਸ਼ੀਲ, ਐਮਰਜੈਂਸੀ ਰਿਸਪਾਂਸ ਟੀਮਾਂ ਮੁਸਤੈਦ: ਬਰਿੰਦਰ ਕੁਮਾਰ ਗੋਇਲ
ਸੂਬੇ ਭਰ ਵਿੱਚ ਹੜ੍ਹ ਕੰਟਰੋਲ ਰੂਮ ਦਿਨ-ਰਾਤ ਕਾਰਜਸ਼ੀਲ, ਐਮਰਜੈਂਸੀ ਰਿਸਪਾਂਸ ਟੀਮਾਂ ਮੁਸਤੈਦ: ਬਰਿੰਦਰ ਕੁਮਾਰ ਗੋਇਲ
ਕਿਹਾ, ਪੰਜਾਬ ਹੜ੍ਹ ਵਰਗੀਆਂ ਸਥਿਤੀਆਂ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ
ਚੰਡੀਗੜ੍ਹ, 6 ਅਗਸਤ:
ਪੰਜਾਬ ਦੇ ਜਲ ਸਰੋਤ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਕਿਹਾ ਕਿ ਪੰਜਾਬ ਕਿਸੇ ਵੀ ਹੜ੍ਹ ਵਰਗੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਪਹਾੜੀ ਖੇਤਰਾਂ ਵਿੱਚ ਹੋਈ ਭਾਰੀ ਬਾਰਿਸ਼ ਤੋਂ ਬਾਅਦ ਕਿਸੇ ਵੀ ਐਮਰਜੈਂਸੀ ਸਹਾਇਤਾ ਨਾਲ ਨਜਿੱਠਣ ਲਈ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਮੁਕੰਮਲ ਤੌਰ ‘ਤੇ ਕਾਰਜਸ਼ੀਲ ਹਨ।
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਹਰ ਸੰਭਾਵੀ ਸਥਿਤੀ ਨਾਲ ਨਜਿੱਠਣ ਲਈ ਠੋਸ ਹੜ੍ਹ ਰੋਕਥਾਮ ਉਪਾਅ ਅਤੇ ਵਿਆਪਕ ਤਿਆਰੀਆਂ ਸਬੰਧੀ ਪ੍ਰੋਟੋਕੋਲ ਲਾਗੂ ਕੀਤੇ ਹਨ ਅਤੇ ਸੂਬੇ ਭਰ ਵਿੱਚ ਹੜ੍ਹ ਸੁਰੱਖਿਆ ਬੁਨਿਆਦੀ ਢਾਂਚਾ ਅਤੇ ਐਮਰਜੈਂਸੀ ਰਿਸਪਾਂਸ ਪ੍ਰਣਾਲੀਆਂ ਨੂੰ ਲਾਗੂ ਕੀਤਾ ਗਿਆ ਹੈ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਸੂਬੇ ਭਰ ਵਿੱਚ ਕੰਟਰੋਲ ਰੂਮ ਸਰਗਰਮ ਹਨ, ਐਮਰਜੈਂਸੀ ਰਿਸਪਾਂਸ ਟੀਮਾਂ ਅਲਰਟ ’ਤੇ ਹਨ ਅਤੇ ਹੜ੍ਹ ਸੰਭਾਵੀ ਖੇਤਰਾਂ ਵਿੱਚ ਦਰਿਆਵਾਂ ਅਤੇ ਡਰੇਨੇਜ ਪ੍ਰਣਾਲੀਆਂ ਦੀ ਨਿਰੰਤਰ ਅਸਲ-ਸਮੇਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਐਮਰਜੈਂਸੀ ਹਾਲਾਤਾਂ ਵਿੱਚ ਤੁਰੰਤ ਪ੍ਰਤੀਕਿਰਿਆ ਨੂੰ ਯਕੀਨੀ ਬਣਾਉਣ ਲਈ ਹੜ੍ਹ ਸਬੰਧੀ ਭਵਿੱਖਬਾਣੀ ਲਈ ਉੱਨਤ ਪ੍ਰਣਾਲੀਆਂ ਅਤੇ ਅਗਾਊਂ ਚੇਤਾਵਨੀ ਵਿਧੀਆਂ ਲਾਗੂ ਕੀਤੀਆਂ ਗਈਆਂ ਹਨ। ਹੜ੍ਹ ਦੀ ਸਥਿਤੀ ਵਿੱਚ ਤੁਰੰਤ ਤਾਲਮੇਲ ਲਈ ਜੂਨੀਅਰ ਇੰਜੀਨੀਅਰ-ਪੱਧਰ ਦੇ ਅਧਿਕਾਰੀਆਂ ਦੀ ਨਿਗਰਾਨੀ ਹੇਠ ਜ਼ਿਲ੍ਹਾ-ਪੰਧਰੀ ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ।
ਕੰਟਰੋਲ ਰੂਮਾਂ ਬਾਰੇ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਜ਼ਿਲ੍ਹਾ ਰੋਪੜ ਦਾ ਕੰਟਰੋਲ ਰੂਮ ਨੰਬਰ 01881-221157, ਗੁਰਦਾਸਪੁਰ ਕੰਟਰੋਲ ਰੂਮ ਨੰ. 01874-266376 ਅਤੇ 18001801852, ਪਠਾਨਕੋਟ ਕੰਟਰੋਲ ਰੂਮ ਨੰ. 01862-346944, ਅੰਮ੍ਰਿਤਸਰ ਕੰਟਰੋਲ ਰੂਮ ਨੰ. 01832-229125, ਤਰਨ ਤਾਰਨ ਕੰਟਰੋਲ ਰੂਮ ਨੰ. 01852-224107, ਹੁਸ਼ਿਆਰਪੁਰ ਕੰਟਰੋਲ ਰੂਮ ਨੰ. 01882-220412, ਲੁਧਿਆਣਾ ਕੰਟਰੋਲ ਰੂਮ ਨੰ. 0161-2520232, ਜਲੰਧਰ ਕੰਟਰੋਲ ਰੂਮ ਨੰ. 0181-2224417 ਅਤੇ 94176-57802, ਐਸ.ਬੀ.ਐਸ ਨਗਰ ਕੰਟਰੋਲ ਰੂਮ ਨੰ. 01823-220645, ਮਾਨਸਾ ਕੰਟਰੋਲ ਰੂਮ ਨੰ. 01652-229082, ਸੰਗਰੂਰ ਕੰਟਰੋਲ ਰੂਮ ਨੰ. 01672-234196, ਪਟਿਆਲਾ ਕੰਟਰੋਲ ਰੂਮ ਨੰ. 0175-2350550 ਅਤੇ 2358550, ਮੋਹਾਲੀ ਕੰਟਰੋਲ ਰੂਮ ਨੰ. 0172-2219506, ਸ੍ਰੀ ਮੁਕਤਸਰ ਸਾਹਿਬ ਕੰਟਰੋਲ ਰੂਮ ਨੰ. 01633-260341, ਫ਼ਰੀਦਕੋਟ ਕੰਟਰੋਲ ਰੂਮ ਨੰ. 01639-250338, ਫ਼ਾਜ਼ਿਲਕਾ ਕੰਟਰੋਲ ਰੂਮ ਨੰ. 01638-262153 ਅਤੇ 01638-260555, ਫ਼ਿਰੋਜ਼ਪੁਰ ਕੰਟਰੋਲ ਰੂਮ ਨੰ. 01632-245366, ਬਰਨਾਲਾ ਕੰਟਰੋਲ ਰੂਮ ਨੰ. 01679-233031, ਬਠਿੰਡਾ ਹੜ੍ਹ ਕੰਟਰੋਲ ਰੂਮ ਨੰ. 0164-2862100 ਅਤੇ 0164-2862101, ਕਪੂਰਥਲਾ ਕੰਟਰੋਲ ਰੂਮ ਨੰ. 01822-231990, ਫਤਹਿਗੜ੍ਹ ਸਾਹਿਬ ਹੜ੍ਹ ਕੰਟਰੋਲ ਰੂਮ ਨੰ. 01763-232838, ਮੋਗਾ ਹੜ੍ਹ ਕੰਟਰੋਲ ਰੂਮ ਨੰ. 01636-235206 ਅਤੇ ਜ਼ਿਲ੍ਹਾ ਮਲੇਰਕੋਟਲਾ ਲਈ ਹੜ੍ਹ ਕੰਟਰੋਲ ਰੂਮ ਨੰ. 01675-252003 ਸਥਾਪਤ ਕੀਤੇ ਗਏ ਹਨ।
ਜਲ ਭੰਡਾਰਾਂ ਵਿੱਚ ਪਾਣੀ ਦੇ ਪੱਧਰ ਬਾਰੇ ਜਾਣਕਾਰੀ ਦਿੰਦੇ ਹੋਏ ਕੈਬਨਿਟ ਮੰਤਰੀ ਨੇ ਕਿਹਾ ਕਿ ਪ੍ਰਮੁੱਖ ਡੈਮਾਂ ਵਿੱਚ ਮੌਜੂਦਾ ਪਾਣੀ ਦਾ ਪੱਧਰ ਸੁਰੱਖਿਅਤ ਮਾਪਦੰਡਾਂ ਦੇ ਅੰਦਰ ਹੈ। ਉਨ੍ਹਾਂ ਦੱਸਿਆ ਕਿ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1637.40 ਫੁੱਟ ਹੈ, ਜਦਕਿ ਇਸ ਦੀ ਵੱਧ ਤੋਂ ਵੱਧ ਸਮਰੱਥਾ 1680 ਫੁੱਟ ਹੈ। ਇਸੇ ਤਰ੍ਹਾਂ 1390 ਫੁੱਟ ਦੀ ਵੱਧ ਤੋਂ ਵੱਧ ਸਮਰੱਥਾ ਵਾਲੇ ਪੌਂਗ ਡੈਮ ਵਿੱਚ ਪਾਣੀ ਦਾ ਪੱਧਰ 1373.08 ਫੁੱਟ ਹੈ ਅਤੇ 1731.55 ਫੁੱਟ ਦੀ ਵੱਧ ਤੋਂ ਵੱਧ ਸਮਰੱਥਾ ਵਾਲੇ ਰਣਜੀਤ ਸਾਗਰ ਡੈਮ ਵਿੱਚ ਪਾਣੀ ਦਾ ਪੱਧਰ 1694.64 ਫੁੱਟ ਹੈ।
ਉਨ੍ਹਾਂ ਕਿਹਾ ਕਿ ਜਲ ਸਰੋਤ ਵਿਭਾਗ ਨੇ ਵਿਆਪਕ ਹੜ੍ਹ ਰੋਕਥਾਮ ਰਣਨੀਤੀਆਂ ਲਾਗੂ ਕੀਤੀਆਂ ਹਨ, ਜਿਸ ਵਿੱਚ 4,766 ਕਿਲੋਮੀਟਰ ਲੰਬੇ ਡਰੇਨਾਂ ਅਤੇ ਜਲਮਾਰਗਾਂ ਦੀ ਸਫਾਈ ਅਤੇ ਗਾਰ ਕੱਢਣਾ, ਬੰਨ੍ਹ ਮਜ਼ਬੂਤੀ ਪ੍ਰਾਜੈਕਟਾਂ ਨੂੰ ਮੁਕੰਮਲ ਕਰਨਾ, ਹੜ੍ਹ ਰੋਕਥਾਮ ਲਈ 8.76 ਲੱਖ ਰੇਤ ਦੀਆਂ ਬੋਰੀਆਂ ਦੀ ਖਰੀਦ ਕੀਤੀ ਗਈ ਹੈ ਜਿਸ ਵਿੱਚੋਂ 3.24 ਲੱਖ ਰੇਤ ਨਾਲ ਭਰੀਆਂ ਬੋਰੀਆਂ ਪਹਿਲਾਂ ਹੀ ਸੰਭਾਵੀ ਥਾਵਾਂ ਲਈ ਉਪਲਬਧ ਹਨ ਅਤੇ ਹੰਗਾਮੀ ਸਥਿਤੀਆਂ ਦੌਰਾਨ ਤੇਜ਼ੀ ਨਾਲ ਰੇਤ ਦੀਆਂ ਬੋਰੀਆਂ ਵਾਲੀਆਂ ਥਾਵਾਂ ਦੀ ਸ਼ਨਾਖ਼ਤ ਲਈ ਇਨ੍ਹਾਂ ਥਾਵਾਂ ਨੂੰ ਭੂਗੋਲਿਕ ਸੂਚਨਾ ਪ੍ਰਣਾਲੀ (ਜੀ.ਆਈ.ਐਸ) ਨਾਲ ਜੋੜਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਐਮਰਜੈਂਸੀ ਰਿਸਪਾਂਸ ਪ੍ਰੋਟੋਕੋਲ ਵਿੱਚ ਸੰਵੇਦਨਸ਼ੀਲ ਥਾਵਾਂ ’ਤੇ 24 ਘੰਟੇ ਨਿਗਰਾਨੀ, ਜਲ ਸਰੋਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਨਿਰੰਤਰ ਨਿਰੀਖਣ, ਰੋਜ਼ਾਨਾ ਹੈੱਡਕੁਆਰਟਰ ਨੂੰ ਸਥਿਤੀ ਰਿਪੋਰਟਾਂ ਜਮ੍ਹਾਂ ਕਰਵਾਉਣਾ ਅਤੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਐਮਰਜੈਂਸੀ ਨਿਕਾਸੀ ਯੋਜਨਾਵਾਂ ਨੂੰ ਸਰਗਰਮ ਕਰਨਾ ਸ਼ਾਮਲ ਹੈ। ਡਿਪਟੀ ਕਮਿਸ਼ਨਰਾਂ ਅਤੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਜਲ ਸਰੋਤ ਵਿਭਾਗ, ਮਾਲ ਵਿਭਾਗ, ਪੁਲਿਸ ਅਤੇ ਆਫ਼ਤ ਪ੍ਰਬੰਧਨ ਏਜੰਸੀਆਂ ਨਾਲ ਸੁਚੱਜਾ ਤਾਲਮੇਲ ਕਰਕੇ 24 ਘੰਟੇ ਚੌਕਸੀ ਬਣਾਈ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ।
ਉਨ੍ਹਾਂ ਦਰਿਆ ਦੇ ਕੰਢਿਆਂ ਅਤੇ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਨੇੜੇ ਰਹਿੰਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਾਰੀ ਬਾਰਿਸ਼ ਦੌਰਾਨ ਚੌਕਸ ਰਹਿਣ ਅਤੇ ਐਮਰਜੈਂਸੀ ਸਹਾਇਤਾ ਲਈ ਤੁਰੰਤ ਕੰਟਰੋਲ ਰੂਮਾਂ ਨਾਲ ਸੰਪਰਕ ਕਰਨ, ਲੋੜ ਪੈਣ ’ਤੇ ਅਧਿਕਾਰੀਆਂ ਵੱਲੋਂ ਜਾਰੀ ਕੀਤੇ ਜਾਣ ਵਾਲੇ ਆਦੇਸ਼ਾਂ ਦੀ ਪਾਲਣਾ ਕਰਨ ਅਤੇ ਪਾਣੀ ਨਾਲ ਭਰੇ ਖੇਤਰਾਂ ਵਿੱਚ ਜਾਣ ਤੋਂ ਗੁਰੇਜ਼ ਕਰਨ।
ਕੈਬਨਿਟ ਮੰਤਰੀ ਨੇ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਹੜ੍ਹਾਂ ਸਬੰਧੀ ਤਿਆਰੀਆਂ ਸਣੇ ਕਿਸੇ ਵੀ ਹੜ੍ਹ ਜਿਹੀ ਸਥਿਤੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਅਤੇ ਮੁਸਤੈਦ ਹੜ੍ਹ ਪ੍ਰਬੰਧਨ ਤੇ ਤੇਜ਼ ਐਮਰਜੈਂਸੀ ਰਿਸਪਾਂਸ ਵਿਧੀਆਂ ਰਾਹੀਂ ਜਾਨ-ਮਾਲ ਦੇ ਸੰਭਾਵੀ ਨੁਕਸਾਨ ਨੂੰ ਘਟਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ।