ਗੁਰਦਾਸਪੁਰ ਤੇ ਬਟਾਲਾ ਦੇ ਸਰਕਾਰੀ ਹਸਪਤਾਲਾਂ ਵਿੱਚ ਹਾਰਟ ਅਟੈਕ ਦੌਰਾਨ ਮੁਫ਼ਤ ਜੀਵਨ ਰੱਖਿਅਕ ਇੰਜੈਕਸ਼ਨ ਲਗਾਉਣ ਦੀ ਸਹੂਲਤ ਸ਼
ਗੁਰਦਾਸਪੁਰ ਤੇ ਬਟਾਲਾ ਦੇ ਸਰਕਾਰੀ ਹਸਪਤਾਲਾਂ ਵਿੱਚ ਹਾਰਟ ਅਟੈਕ ਦੌਰਾਨ ਮੁਫ਼ਤ ਜੀਵਨ ਰੱਖਿਅਕ ਇੰਜੈਕਸ਼ਨ ਲਗਾਉਣ ਦੀ ਸਹੂਲਤ ਸ਼ੁਰੂ - ਰਮਨ ਬਹਿਲ
ਬੀਤੇ ਇੱਕ ਮਹੀਨੇ ਦੌਰਾਨ ਗੁਰਦਾਸਪੁਰ ਤੇ ਬਟਾਲਾ ਵਿੱਚ ਇੰਜੈਕਸ਼ਨ ਲਗਾ ਕੇ 7 ਮਰੀਜ਼ਾਂ ਦੀ ਜਾਨ ਬਚਾਈ ਗਈ
ਗੁਰਦਾਸਪੁਰ, 27 ਜੁਲਾਈ (2025) - ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬਾ ਵਾਸੀਆਂ ਨੂੰ ਦਿੱਤੀਆਂ ਜਾ ਰਹੀਆਂ ਮਿਆਰੀ ਸਿਹਤ ਸੇਵਾਵਾਂ ਦਾ ਲਾਭ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਵਾਸੀਆਂ ਨੂੰ ਵੀ ਮਿਲ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਹਸਪਤਾਲ ਬੱਬਰੀ ਗੁਰਦਾਸਪੁਰ ਤੇ ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਵਿਖੇ ਹਾਰਟ ਅਟੈਕ ਤੋਂ ਬਚਾਉਣ ਵਾਲੇ ਇੰਜੈਕਸ਼ਨਾਂ ਦੀ ਸਹੂਲਤ ਮੁਫ਼ਤ ਮੁਹੱਈਆ ਕਰਵਾਈ ਗਈ ਹੈ, ਜਿਸ ਨਾਲ ਬੀਤੇ ਇੱਕ ਮਹੀਨੇ ਵਿੱਚ 7 ਲੋਕਾਂ ਦੀ ਹਾਰਟ ਅਟੈਕ ਦੌਰਾਨ ਕੀਮਤੀ ਜਾਨ ਬਚਾਈ ਜਾ ਸਕੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਹਸਪਤਾਲ ਬੱਬਰੀ ਗੁਰਦਾਸਪੁਰ ਤੇ ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਵਿਖੇ ਹਾਰਟ ਅਟੈਕ ਤੋਂ ਬਚਾਉਣ ਵਾਲੇ ਇੰਜੈਕਸ਼ਨਾਂ ਦੀ ਸਹੂਲਤ ਉਪਲੱਬਧ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਇਨ੍ਹਾਂ ਦੋਵਾਂ ਹਸਪਤਾਲਾਂ ਵਿੱਚ ਕੋਈ ਹਾਰਟ ਅਟੈਕ ਦਾ ਮਰੀਜ਼ ਆਉਂਦਾ ਹੈ ਤਾਂ ਐਮਰਜੈਂਸੀ ਵਿੱਚ ਡਾਕਟਰਾਂ ਵੱਲੋਂ ਉਸ ਮਰੀਜ਼ ਦੀ ਈ.ਸੀ.ਜੀ. ਕਰਕੇ ਵਟਸਐੱਪ ਰਾਹੀਂ ਉਸਦੀ ਫੋਟੋ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਅਤੇ ਡੀ.ਐੱਮ.ਸੀ. ਲੁਧਿਆਣਾ ਵਿਖੇ ਭੇਜੀ ਜਾਂਦੀ ਹੈ। ਇਨ੍ਹਾਂ ਹਸਪਤਾਲਾਂ ਦੇ ਮਾਹਿਰਾਂ ਡਾਕਟਰਾਂ ਵੱਲੋਂ ਉਸ ਈ.ਸੀ.ਜੀ. ਨੂੰ ਦੇਖ ਕੇ ਤੁਰੰਤ ਢੁੱਕਵੇਂ ਇਲਾਜ ਦੀ ਸਹਾਲ ਦਿੰਦਿਆਂ ਕਿਹੜਾ ਇੰਜੈਕਸ਼ਨ ਲਗਾਉਣਾ ਹੈ ਉਸ ਬਾਰੇ ਡਾਕਟਰਾਂ ਨੂੰ ਦੱਸਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹਾਰਟ ਅਟੈਕ ਦੌਰਾਨ ਲੱਗਣ ਵਾਲੇ ਇਨ੍ਹਾਂ ਇੰਜੈਕਸ਼ਨਾਂ ਦੀ ਬਜ਼ਾਰ ਵਿੱਚ ਕੀਮਤ 30000 ਰੁਪਏ ਦੇ ਕਰੀਬ ਹੈ ਪਰ ਪੰਜਾਬ ਸਰਕਾਰ ਵੱਲੋਂ ਇਹ ਇੰਜੈਕਸ਼ਨ ਜ਼ਿਲ੍ਹਾ ਹਸਪਤਾਲ ਬੱਬਰੀ ਗੁਰਦਾਸਪੁਰ ਤੇ ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਵਿਖੇ ਬਿਲਕੁੱਲ ਮੁਫ਼ਤ ਮੁਹੱਈਆ ਕਰਵਾਏ ਗਏ ਹਨ।
ਸ੍ਰੀ ਬਹਿਲ ਨੇ ਦੱਸਿਆ ਕਿ ਇਹ ਇੰਜੈਕਸ਼ਨ ਲੱਗਣ ਨਾਲ ਮਰੀਜ਼ ਨੂੰ ਹਾਰਟ ਅਟੈਕ ਦਾ ਖਤਰਾ ਘੱਟ ਜਾਂਦਾ ਹੈ ਅਤੇ ਅਗਲੇਰੇ ਇਲਾਜ ਲਈ ਮਰੀਜ਼ ਅੰਮ੍ਰਿਤਸਰ ਜਾਂ ਲੁਧਿਆਣੇ ਵੱਡੇ ਹਸਪਤਾਲਾਂ ਵਿੱਚ ਭੇਜ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਉਪਰੋਕਤ ਦੋ ਹਸਪਤਾਲਾਂ ਵਿੱਚ ਇਹ ਸੇਵਾ ਪਿਛਲੇ ਮਹੀਨੇ ਸ਼ੁਰੂ ਹੋਈ ਸੀ ਅਤੇ ਹੁਣ ਤੱਕ ਜ਼ਿਲ੍ਹਾ ਹਸਪਤਾਲ ਬੱਬਰੀ ਗੁਰਦਾਸਪੁਰ ਵਿਖੇ 5 ਤੇ ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਵਿਖੇ 2 ਮਰੀਜ਼ਾਂ ਨੂੰ ਇਹ ਇੰਜੈਕਸ਼ਨ ਲਗਾ ਕੇ ਬਚਾਇਆ ਜਾ ਚੁੱਕਾ ਹੈ।
ਚੇਅਰਮੈਨ ਸ੍ਰੀ ਰਮਨ ਬਹਿਲ ਨੇ ਇਸ ਜੀਵਨ ਰੱਖਿਅਕ ਸਹੂਲਤ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦਾ ਧੰਨਵਾਦ ਕੀਤਾ ਹੈ
।