Notorious Criminal Gopal Killed in Sonipat Police Encounter
Haryana 'ਚ ਪੁਲਿਸ ਨੇ ਬਦਮਾਸ਼ ਕੀਤਾ ਢੇਰ; ਮੁਕਾਬਲੇ (encounter) ਵਿੱਚ ਇੱਕ ਹੈੱਡ ਕਾਂਸਟੇਬਲ ਨੂੰ ਵੀ ਲੱਗੀ ਗੋਲੀ, ਕਤਲ ਕਰਨ ਦੀ ਫ਼ਿਰਾਕ 'ਚ ਘੁੰਮ ਰਿਹਾ ਸੀ
ਸੋਨੀਪਤ: ਹਰਿਆਣਾ ਦੇ ਸੋਨੀਪਤ ਵਿੱਚ ਸੋਮਵਾਰ ਸਵੇਰੇ ਇੱਕ ਬਦਮਾਸ਼ ਦਾ ਐਨਕਾਊਂਟਰ ਕਰ ਦਿੱਤਾ ਗਿਆ। ਪੁਲਿਸ 'ਤੇ ਫਾਇਰਿੰਗ ਕਰਕੇ ਬਦਮਾਸ਼ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਹੋਈ ਮੁਠਭੇੜ ਵਿੱਚ ਦੋਵਾਂ ਪਾਸਿਆਂ ਤੋਂ ਕਈ ਰਾਊਂਡ ਗੋਲੀਆਂ ਚੱਲੀਆਂ। ਮੁਠਭੇੜ ਵਿੱਚ ਮਾਰੇ ਗਏ ਬਦਮਾਸ਼ ਦੀ ਪਛਾਣ ਗਨੌਰ ਖੇਤਰ ਦੇ ਪਿੰਡ ਅਟਾਇਲ ਦੇ ਗੋਪਾਲ (45) ਵਜੋਂ ਹੋਈ ਹੈ। ਮ੍ਰਿਤਕ ਦੀ ਲਾਸ਼ ਨੂੰ ਖਾਨਪੁਰ ਸਰਕਾਰੀ ਹਸਪਤਾਲ ਦੇ ਪੋਸਟਮਾਰਟਮ ਹਾਊਸ ਵਿੱਚ ਰਖਵਾਇਆ ਗਿਆ ਹੈ। ਪੁਲਿਸ ਨੇ ਮੁਲਜ਼ਮ ਕੋਲੋਂ ਦੋ ਨਾਜਾਇਜ਼ ਹਥਿਆਰ ਬਰਾਮਦ ਕੀਤੇ ਹਨ ਅਤੇ ਅਗਲੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
ਮੁਕਾਬਲੇ ਵਿੱਚ ਇੱਕ ਹੈੱਡ ਕਾਂਸਟੇਬਲ ਨੂੰ ਲੱਗੀ ਗੋਲੀ
ਸੋਨੀਪਤ ਦੇ ਪਿੰਡ ਖੂਬੜੂ ਨੇੜੇ ਪੁਲਿਸ ਅਤੇ ਬਦਮਾਸ਼ ਵਿਚਕਾਰ ਮੁਠਭੇੜ ਹੋਈ। ਇਸ ਮੁਠਭੇੜ ਵਿੱਚ ਬਦਮਾਸ਼ ਵੱਲੋਂ ਕੀਤੀ ਗਈ ਫਾਇਰਿੰਗ ਵਿੱਚ ਇੱਕ ਹੈੱਡ ਕਾਂਸਟੇਬਲ ਨੂੰ ਵੀ ਗੋਲੀ ਲੱਗੀ ਹੈ, ਜਿਸ ਦੀ ਪਛਾਣ ਦੇਵੇਂਦਰ ਵਜੋਂ ਹੋਈ ਹੈ। ਦੇਵੇਂਦਰ ਦੇ ਹੱਥ ਵਿੱਚ ਗੋਲੀ ਲੱਗਣ ਕਾਰਨ ਉਸ ਨੂੰ ਜ਼ਖ਼ਮੀ ਹਾਲਤ ਵਿੱਚ ਇਲਾਜ ਲਈ ਖਾਨਪੁਰ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਉੱਥੇ ਹੀ ਐਨਕਾਊਂਟਰ ਦੀ ਇਸ ਵੱਡੀ ਕਾਰਵਾਈ ਤੋਂ ਬਾਅਦ ਸੋਨੀਪਤ ਦੇ ਕਮਿਸ਼ਨਰ ਮਮਤਾ ਸਿੰਘ ਅਤੇ ਹੋਰ ਉੱਚ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਜਾਇਜ਼ਾ ਲਿਆ। ਮੁਠਭੇੜ ਨੂੰ ਲੈ ਕੇ ਗੰਭੀਰਤਾ ਨਾਲ ਜਾਂਚ ਅਤੇ ਕਾਰਵਾਈ ਕੀਤੀ ਜਾ ਰਹੀ ਹੈ।
ਪੈਰੋਲ 'ਤੇ ਆ ਕੇ ਫ਼ਰਾਰ ਚੱਲ ਰਿਹਾ ਸੀ ਗੋਪਾਲ
ਮਿਲੀ ਜਾਣਕਾਰੀ ਅਨੁਸਾਰ, ਮਾਰੇ ਗਏ ਬਦਮਾਸ਼ ਗੋਪਾਲ ਖ਼ਿਲਾਫ਼ ਕਤਲ, ਕਤਲ ਦੀ ਕੋਸ਼ਿਸ਼, ਲੁੱਟ-ਖੋਹ, ਫ਼ਿਰੌਤੀ ਮੰਗਣ, ਫਾਇਰਿੰਗ ਸਮੇਤ ਹੋਰ ਸੰਗੀਨ ਅਪਰਾਧਾਂ ਦੇ ਕਈ ਮਾਮਲੇ ਦਰਜ ਸਨ। ਉਸ ਨੂੰ ਕਤਲ ਦੇ ਦੋ ਮਾਮਲਿਆਂ ਵਿੱਚ ਉਮਰ ਕੈਦ ਦੀ ਸਜ਼ਾ ਵੀ ਹੋ ਚੁੱਕੀ ਸੀ।
ਉਹ ਕਰੀਬ 70 ਦਿਨ ਪਹਿਲਾਂ ਪੈਰੋਲ 'ਤੇ ਜੇਲ੍ਹ ਤੋਂ ਬਾਹਰ ਆਇਆ ਸੀ। ਪਰ ਪੈਰੋਲ ਖ਼ਤਮ ਹੋਣ ਤੋਂ ਬਾਅਦ ਉਹ ਵਾਪਸ ਜੇਲ੍ਹ ਨਹੀਂ ਪਰਤਿਆ ਅਤੇ ਫ਼ਰਾਰ ਹੋ ਗਿਆ। ਫ਼ਰਾਰੀ ਦੌਰਾਨ ਉਹ ਇਲਾਕੇ ਵਿੱਚ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਵਿੱਚ ਸੀ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਕਿਸੇ ਦਾ ਕਤਲ ਕਰਨ ਦੀ ਫ਼ਿਰਾਕ ਵਿੱਚ ਘੁੰਮ ਰਿਹਾ ਸੀ।