Jaintipur storm news
ਜੈਂਤੀਪੁਰ: ਮੌਸਮ ਵਿਭਾਗ ਦੇ ਅਲਰਟ ਤੋਂ ਬਾਅਦ ਬੀਤੀ ਰਾਤ ਜੈਂਤੀਪੁਰ ਸਮੇਤ ਹੋਰਨਾਂ ਵੱਖ-ਵੱਖ ਖੇਤਰਾਂ ਵਿਚ ਆਏ ਤੇਜ਼ ਮੀਂਹ ਹਨੇਰੀ ਅਤੇ ਝੱਖੜ ਕਾਰਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ, ਉੱਥੇ ਕਈ ਥਾਵਾਂ 'ਤੇ ਸੜਕਾਂ ਵਿਚਕਾਰ ਰੁੱਖ ਡਿੱਗਣ ਨਾਲ ਲੋਕਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ।
ਹਲਕਾ ਮਜੀਠਾ ਵਿੱਚ 132 ਕੇ. ਵੀ. ਸਬ-ਡਿਵੀਜ਼ਨ ਕੱਥੂ ਨੰਗਲ ਅਧੀਨ ਆਉਂਦੇ ਵੱਖ-ਵੱਖ ਪਿੰਡਾਂ ਵਿਚ ਬਿਜਲੀ ਦੇ ਪੋਲ ਟੁੱਟਣ ਨਾਲ ਜਿਥੇ ਬਿਜਲੀ ਸਪਲਾਈ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਈ ਹੈ, ਉੱਥੇ ਇਸ ਤੇਜ਼ ਝੱਖੜ ਨਾਲ ਪਾਵਰਕਾਮ ਦਾ ਵੱਡੇ ਪੱਧਰ 'ਤੇ ਨੁਕਸਾਨ ਹੋਇਆ ਹੈ। ਇਲਾਕੇ ਵਿਚ ਕਈ ਲੋਕਾਂ ਦੇ ਘਰਾਂ ਦੇ ਡਿੱਗਣ ਦਾ ਸਮਾਚਾਰ ਹੈ ਅਤੇ ਸੜਕਾਂ ਵਿਚਕਾਰ ਰੁੱਖ ਡਿੱਗਣ ਨਾਲ ਲੋਕਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ।
ਸਬ ਸਟੇਸ਼ਨ ਕੱਥੂਨੰਗਲ, ਉਦੋਕੇ, ਪਾਖਰਪੁਰ, ਭੰਗਾਲੀ ਅਤੇ ਹੋਰ ਇਲਾਕਿਆਂ 'ਚ ਵੱਡੇ ਪੱਧਰ 'ਤੇ ਦਰਖਤਾਂ ਦਾ ਨੁਕਸਾਨ ਹੋਇਆ ਹੈ। ਤੇਜ਼ ਹਵਾਵਾਂ ਕਾਰਨ ਸੜਕਾਂ ਦੇ ਕਿਨਾਰੇ ਖੜ੍ਹੇ ਦਰੱਖਤ ਟੁੱਟ ਕੇ ਸੜਕਾਂ ਉੱਪਰ ਆ ਡਿੱਗੇ, ਜਿਸ ਨਾਲ ਆਵਾਜਾਈ ਪ੍ਰਭਾਵਿਤ ਹੋਈ ਅਤੇ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਕਈ ਥਾਵਾਂ 'ਤੇ ਦਰੱਖਤ ਡਿੱਗਣ ਕਾਰਣ ਬਿਜਲੀ ਦੀਆ ਤਾਰਾਂ ਵੀ ਡਿੱਗ ਗਈਆਂ ਹਨ, ਕਿਸਾਨਾਂ ਦੀ ਮਦਦ ਨਾਲ ਡਿੱਗੇ ਦਰੱਖਤਾ ਨੂੰ ਹਟਾਇਆ ਗਿਆ। ਗੁਰਦੁਆਰਾ ਬਾਬਾ ਬੁੱਢਾ ਸਾਹਿਬ ਕੱਥੂ ਨੰਗਲ ਨੇੜੇ ਵੀ ਇਕ ਇਮਾਰਤ ਦਾ ਨੁਕਸਾਨ ਹੋਣ ਦਾ ਸਮਾਚਾਰ ਹੈ।